ਬਠਿੰਡਾ:ਸਰਦ ਰੁੱਤ ਸ਼ੁਰੂ ਹੁੰਦਿਆਂ ਹੀ ਕੋਹਰੇ ਨੇ ਆਪਣਾ ਅਸਰ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ ਅਤੇ ਧੁੰਦ ਵਿੱਚ ਹੁਣ ਹਾਦਸੇ ਵਾਪਰਨੇ ਸ਼ੁਰੂ ਹੋ ਗਏ ਹਨ, ਜੇਕਰ ਧੁੰਦ ਦੇ ਵਿੱਚ ਡਰਾਈਵਿੰਗ ਸਮੇਂ ਕੁਝ ਗੱਲਾਂ ਦਾ ਖਿਆਲ ਰੱਖਿਆ ਜਾਵੇ ਤਾਂ ਇਹਨਾਂ ਹਾਦਸਿਆਂ ਨੂੰ ਟਾਲਿਆ ਜਾ ਸਕਦਾ ਹੈ ਅਤੇ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕਦਾ ਹੈ।
ਹੁਣ ਇੱਥੇ ਸਾਡੀ ਟੀਮ ਨੇ ਧੁੰਦ ਨੂੰ ਲੈ ਕੇ ਟਰੈਫਿਕ ਪੁਲਿਸ ਨਾਲ ਗੱਲਬਾਤ ਕੀਤੀ, ਜਿੱਥੇ ਉਨ੍ਹਾਂ ਨੇ ਕਾਫੀ ਗੱਲਾਂ ਸਾਂਝੀਆਂ ਕੀਤੀਆਂ ਕਿਹਾ, 'ਸੰਘਣੀ ਧੁੰਦ ਕਾਰਨ ਵਿਜੀਬਿਲਟੀ ਘੱਟ ਜਾਂਦੀ ਹੈ, ਜਿਸ ਕਾਰਨ ਅਕਸਰ ਹੀ ਸੜਕ ਉਤੇ ਤੇਜ਼ ਰਫਤਾਰ ਕਾਰਨ ਹਾਦਸੇ ਵਾਪਰਦੇ ਹਨ। ਉਨ੍ਹਾਂ ਰੋਜ਼ਾਨਾ ਸੜਕ ਉਤੇ ਸਫ਼ਰ ਕਰਨ ਵਾਲੇ ਡਰਾਈਵਰਾਂ ਨੂੰ ਅਪੀਲ ਕੀਤੀ ਕਿ ਧੁੰਦ ਵਿੱਚ ਡਰਾਈਵਿੰਗ ਕਰਦਿਆਂ ਵਾਹਨਾਂ ਤੋਂ ਵਾਹਨਾਂ ਵਿਚਕਾਰ ਫਾਸਲਾ ਜ਼ਰੂਰ ਬਣਾ ਕੇ ਰੱਖਣ ਤਾਂ ਜੋ ਸਮਾਂ ਰਹਿੰਦਿਆਂ ਵਾਹਣ ਨੂੰ ਰੋਕਿਆ ਜਾ ਸਕੇ।'
ਧੁੰਦ ਵਿੱਚ ਡਰਾਈਵਿੰਗ ਕਰਨ ਦੇ ਸੁਝਾਅ (ETV Bharat) ਆਪਣੀ ਗੱਲਬਾਤ ਜਾਰੀ ਰੱਖਦੇ ਹੋਏ ਉਨ੍ਹਾਂ ਨੇ ਅੱਗੇ ਕਿਹਾ ਕਿ 'ਡਰਾਈਵਰ ਨੂੰ ਚਾਹੀਦਾ ਹੈ ਕਿ ਕਿਸੇ ਵੀ ਵਾਹਨ ਨੂੰ ਓਵਰਟੇਕ ਕਰਦਿਆਂ ਅੱਗੇ ਅਤੇ ਪਿੱਛੇ ਧਿਆਨ ਨਾਲ ਜ਼ਰੂਰ ਵੇਖੇ ਤਾਂ ਜੋ ਓਵਰਟੇਕ ਕਰਦਿਆਂ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਾ ਹੋਵੇ, ਸੰਘਣੀ ਧੁੰਦ ਦੌਰਾਨ ਤੇਜ਼ ਰਫਤਾਰ ਤੋਂ ਤੌਬਾ ਕਰਨੀ ਚਾਹੀਦੀ ਹੈ ਅਤੇ ਇੱਕ ਤਹਿ ਸੀਮਾ ਵਿੱਚ ਹੀ ਵਾਹਣ ਨੂੰ ਚਲਾਉਣਾ ਚਾਹੀਦਾ ਹੈ ਅਤੇ ਕਿਸੇ ਵੀ ਹਾਲਾਤ ਵਿੱਚ ਸੜਕ ਵਿੱਚ ਕਾਰ ਵਾਹਣ ਨੂੰ ਨਹੀਂ ਰੋਕਣਾ ਚਾਹੀਦਾ।'
ਇਸ ਤੋਂ ਇਲਾਵਾ ਉਨ੍ਹਾਂ ਨੇ ਅੱਗੇ ਕਿਹਾ, 'ਭੁੱਲ ਕੇ ਵੀ ਧੁੰਦ ਵਿੱਚ ਡਰਾਈਵਿੰਗ ਕਰਦੇ ਸਮੇਂ ਮੋਬਾਈਲ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਅਤੇ ਡਰਾਈਵਿੰਗ ਕਰਦੇ ਸਮੇਂ ਸੀਟਵੈਲਟ ਦੀ ਵਰਤੋਂ ਕਰਨੀ ਚਾਹੀਦੀ ਹੈ, ਹਮੇਸ਼ਾ ਆਪਣੀ ਲਾਈਨ ਵਿੱਚ ਚੱਲਣਾ ਚਾਹੀਦਾ ਹੈ ਅਤੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਸਮੇਂ ਤੋਂ ਪਹਿਲਾਂ ਆਪਣੇ ਘਰੋਂ ਨਿਕਲੋ ਤਾਂ ਜੋ ਸਮੇਂ ਸਿਰ ਮੰਜ਼ਿਲ ਉਤੇ ਪਹੁੰਚ ਸਕੋ ਅਤੇ ਧੁੰਦ ਵਿੱਚ ਕਦੇ ਵੀ ਹਾਈ ਬੀਮ ਲਾਈਟਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ, ਇਸ ਨਾਲ ਸਾਹਮਣ ਤੋਂ ਆਉਣ ਵਾਲੇ ਵਾਹਨਾਂ ਨੂੰ ਦਿੱਕਤ ਆਉਂਦੀ ਹੈ।'
ਉਨ੍ਹਾਂ ਨੇ ਅੱਗੇ ਕਿਹਾ, 'ਜੇਕਰ ਤੁਸੀਂ ਧੁੰਦ ਵਿੱਚ ਡਰਾਈਵਿੰਗ ਕਰਦੇ ਹੋਏ ਇਨ੍ਹਾਂ ਗੱਲਾਂ ਦਾ ਖਿਆਲ ਰੱਖੋਗੇ ਤਾਂ ਕਿਸੇ ਵੱਡੇ ਹਾਦਸੇ ਨੂੰ ਵਾਪਰਨ ਤੋਂ ਰੋਕ ਸਕਦੇ ਹੋ, ਉਨ੍ਹਾਂ ਕਿਹਾ ਕਿ ਜੇਕਰ ਕੋਈ ਹਾਦਸਾ ਵਾਪਰ ਜਾਂਦਾ ਹੈ ਤਾਂ ਜਖਮੀਆਂ ਨੂੰ ਤੁਰੰਤ ਮੁੱਢਲੀ ਸਹਾਇਤਾ ਦੇਣ ਉਪਰੰਤ ਹਸਪਤਾਲ ਪਹੁੰਚਾਇਆ ਜਾਣਾ ਚਾਹੀਦਾ ਹੈ, ਅਜਿਹਾ ਕਰਨ ਵਾਲੇ ਵਿਅਕਤੀ ਨੂੰ ਜਿੱਥੇ ਜਿਲ੍ਹਾ ਪ੍ਰਸ਼ਾਸਨ ਵੱਲੋਂ ਸਨਮਾਨ ਕੀਤਾ ਜਾਵੇਗਾ। ਉੱਥੇ ਹੀ ਉਸਨੂੰ ਕਿਸੇ ਤਰ੍ਹਾਂ ਦੀ ਕਾਨੂੰਨੀ ਅੜਚਣ ਦਾ ਸਾਹਮਣਾ ਨਹੀਂ ਕਰਨਾ ਪਵੇਗਾ।'
ਉਲੇਖਯੋਗ ਹੈ ਕਿ ਪੰਜਾਬ ਪੁਲਿਸ ਦੀਆਂ ਸੜਕ ਸੁਰੱਖਿਆ ਫੋਰਸ ਵੀ ਸੜਕਾਂ ਉਤੇ ਤੈਨਾਤ ਹਨ, ਜੇਕਰ ਤੁਹਾਨੂੰ ਕਿਸੇ ਘਟਨਾ ਦੀ ਸੂਚਨਾ ਮਿਲਦੀ ਹੈ ਤਾਂ ਤੁਰੰਤ ਤੁਸੀਂ ਸੜਕ ਸੁਰੱਖਿਆ ਫੋਰਸ ਨੂੰ ਸੂਚਿਤ ਕਰ ਸਕਦੇ ਹੋ, ਅਜਿਹਾ ਕਰਨ ਨਾਲ ਤੁਸੀਂ ਕਿਸੇ ਦੀ ਕੀਮਤੀ ਜਾਣ ਨੂੰ ਬਚਾ ਸਕਦੇ ਹੋ।
ਇਹ ਵੀ ਪੜ੍ਹੋ: