ਮਾਨਸਾ: ਮਾਨਸਾ ਦੇ ਪਿੰਡ ਜਵਾਹਰਕੇ ਦੇ ਨੌਜਵਾਨ ਦੀ ਨਸ਼ੇ ਨਾਲ ਮੌਤ ਹੋਣ ਤੋਂ ਬਾਅਦ ਪਰਿਵਾਰ ਵੱਲੋਂ ਮਾਨਸਾ ਸਿਰਸਾ ਰੋਡ ਉਪਰ ਲਾਸ਼ ਰੱਖ ਕੇ ਧਰਨਾ ਲਗਾ ਦਿੱਤਾ ਗਿਆ ਸੀ, ਜਿਨ੍ਹਾਂ 'ਤੇ ਦੇਰ ਰਾਤ ਮਾਨਸਾ ਪੁਲਿਸ ਵੱਲੋਂ ਲਾਠੀਚਾਰਜ ਕਰ ਲਾਸ਼ ਨੂੰ ਚੁੱਕ ਹਸਪਤਾਲ ਭੇਜ ਦਿੱਤਾ ਗਿਆ। ਧਰਨਾਕਾਰੀਆਂ ਦਾ ਕਹਿਣਾ ਹੈ ਕਿ ਉਹ ਸ਼ਾਂਤਮਈ ਧਰਨਾ ਦੇ ਕੇ ਨਸ਼ਾ ਤਸਕਰ ਨੂੰ ਗ੍ਰਿਫਤਾਰ ਕਰਨ ਦੀ ਮੰਗ ਕਰ ਰਹੇ ਸਨ ਪਰ ਪੁਲਿਸ ਵੱਲੋਂ ਉਨ੍ਹਾਂ ਤੇ ਲਾਠੀਚਾਰਜ ਕਰਕੇ ਔਰਤਾਂ 'ਤੇ ਹੋਰ ਲੋਕਾਂ ਨੂੰ ਜਖਮੀ ਕੀਤਾ ਗਿਆ ਹੈ। ਉਧਰ ਪੁਲਿਸ ਦਾ ਤਰਕ ਹੈ ਕਿ ਧਰਨਾਕਾਰੀਆਂ ਦਾ ਰਾਹਗੀਰਾਂ ਨਾਲ ਝਗੜਾ ਹੋਇਆ ਹੈ ਪੁਲਿਸ ਨੇ ਕੋਈ ਲਾਠੀਚਾਰਜ ਨਹੀਂ ਕੀਤਾ।
ਕਈ ਲੋਕ ਹੋਏ ਜ਼ਖਮੀ
ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਰਕੇ ਵਿਖੇ ਦੋ ਦਿਨ ਪਹਿਲਾਂ ਇੱਕ ਨੌਜਵਾਨ ਦੀ ਚਿੱਟੇ ਦਾ ਇੰਜੈਕਸ਼ਨ ਲਾਉਣ ਨਾਲ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਵੱਲੋਂ ਨਸ਼ਾ ਤਸਕਰ ਦੇ ਖਿਲਾਫ ਕਾਰਵਾਈ ਕਰਨ ਦੇ ਲਈ ਬਿਆਨ ਦਰਜ ਕਰਵਾਏ ਗਏ ਸਨ। ਪੁਲਿਸ ਵੱਲੋਂ ਪਰਿਵਾਰ ਦੇ ਬਿਆਨਾਂ 'ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਸੀ ਪਰ ਪਰਿਵਾਰ ਵੱਲੋਂ ਨਸ਼ਾ ਤਰਸਕਰ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਨੂੰ ਲੈ ਕੇ ਲਾਸ਼ ਨੂੰ ਮਾਨਸਾ ਸਰਸਾ ਰੋਡ 'ਤੇ ਰਮ ਦਿੱਤੇ ਵਾਲਾ ਚੌਂਕ 'ਚ ਰੱਖ ਕੇ ਸਰਕਾਰ ਖਿਲਾਫ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਉਥੇ ਹੀ ਦੇਰ ਰਾਤ ਪੁਲਿਸ ਪ੍ਰਸ਼ਾਸਨ ਵੱਲੋਂ ਇਹਨਾਂ ਧਰਨਾਕਾਰੀਆਂ ਨੂੰ ਭਜਾਉਣ ਦੇ ਲਈ ਲਾਠੀਚਾਰਜ ਕਰ ਦਿੱਤਾ ਗਿਆ। ਜਿਸ ਦੇ ਵਿੱਚ ਛੇ ਤੋਂ ਸੱਤ ਵਿਅਕਤੀ ਗੰਭੀਰ ਜਖਮੀ ਹੋਏ ਹਨ ਅਤੇ ਲਾਸ਼ ਨੂੰ ਪੁਲਿਸ ਵੱਲੋਂ ਚੁੱਕ ਕੇ ਸਿਵਿਲ ਹਸਪਤਾਲ ਵਿਖੇ ਭੇਜ ਦਿੱਤਾ ਗਿਆ ਹੈ।
ਪੁਲਿਸ ਨੇ ਕੀਤਾ ਧੱਕਾ
ਧਰਨਾਕਾਰੀ ਪਰਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਪਹਿਲਾਂ ਇਸ ਜਗ੍ਹਾ 'ਤੇ ਲਾਸ਼ ਲਿਆਉਣ ਦੇ ਲਈ ਵੀ ਉਹਨਾਂ ਨੂੰ ਰਸਤੇ ਵਿੱਚ ਰੋਕਿਆ ਗਿਆ ਅਤੇ ਉਹਨਾਂ ਨਾਲ ਖਿੱਚ-ਧੂਹ ਕੀਤੀ ਗਈ, ਪਰ ਉਹ ਫਿਰ ਵੀ ਇਸ ਜਗ੍ਹਾ ਤੇ ਲਾਸ਼ ਲੈ ਆਏ ਜਿਸ ਦੇ ਚਲਦਿਆਂ ਪੂਰਾ ਦਿਨ ਧਰਨਾ ਪ੍ਰਦਰਸ਼ਨ ਚੱਲਿਆ। ਰਾਤ ਸਮੇਂ ਪੁਲਿਸ ਵੱਲੋਂ ਲਾਠੀ ਚਾਰਜ ਕਰਕੇ ਉਹਨਾਂ ਨੂੰ ਇਸ ਜਗਹਾ ਤੋਂ ਉਠਾ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਅੱਜ ਪੁਲਿਸ ਦੇ ਇਸ ਜਬਰ ਦੇ ਖਿਲਾਫ ਲੋਕ ਇਕੱਠੇ ਹੋ ਕੇ ਵਿਰੋਧ ਪ੍ਰਦਰਸ਼ਨ ਕਰਨਗੇ। ਉਧਰ ਡੀਐਸਪੀ ਬੂਟਾ ਸਿੰਘ ਗਿੱਲ ਨੇ ਦੱਸਿਆ ਕਿ ਪੁਲਿਸ ਵੱਲੋਂ ਇਹਨਾਂ ਧਰਨਾਕਾਰੀਆਂ ਤੇ ਕੋਈ ਵੀ ਲਾਠੀ ਚਾਰਜ ਨਹੀਂ ਕੀਤਾ ਗਿਆ ਅਤੇ ਇਹਨਾਂ ਦੀ ਰਾਹਗੀਰਾਂ ਦੇ ਨਾਲ ਆਪਸੀ ਲੜਾਈ ਹੋਈ ਹੈ ਜਿਸ ਦੇ ਵਿੱਚ ਇਹ ਲੋਕ ਜ਼ਖਮੀ ਹੋਏ ਹਨ ਪੁਲਿਸ ਦੀ ਵੱਲੋਂ ਇਹਨਾਂ ਤੇ ਕੋਈ ਲਾਠੀਚਾਰਜ ਨਹੀਂ ਕੀਤਾ ਗਿਆ।