ਬਠਿੰਡਾ: ਸੂਬੇ ਭਰ 'ਚ ਨਗਰ ਨਿਗਮ ਤੇ ਨਗਰ ਪੰਚਾਇਤ ਦੀਆਂ ਵੋਟਾਂ ਪਈਆਂ ਹਨ ਤੇ ਹੁਣ ਨਤੀਜੇ ਸਾਹਮਣੇ ਆ ਰਹੇ ਹਨ। ਉਥੇ ਹੀ ਨਗਰ ਨਿਗਮ ਬਠਿੰਡਾ ਦੀ ਗੱਲ ਕੀਤੀ ਜਾਵੇ ਤਾਂ ਸ਼ਾਮ 4 ਵਜੇ ਤੱਕ 63.78 ਫੀਸਦੀ ਵੋਟ ਪੋਲ ਹੋਈ ਹੈ। ਉਥੇ ਹੀ ਬਠਿੰਡਾ ਪੁਲਿਸ ਵਲੋਂ ਸਖ਼ਤ ਪ੍ਰਬੰਧ ਸੀ ਤੇ ਨਾਲ ਹੀ ਡੀਸੀ ਬਠਿੰਡਾ ਵਲੋਂ ਲਗਾਤਾਰ ਪੋਲ ਬੂਥਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਇਸ ਦੇ ਚੱਲਦੇ ਬਠਿੰਡਾ ਦੇ ਵਾਰਡ ਨੰਬਰ 48 ਦੇ ਵਿੱਚ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਦੌਰਾ ਕੀਤਾ ਸੀ।
ਪੁਲਿਸ ਸੁਰੱਖਿਆ 'ਚ ਹੋਈ ਵੋਟਿੰਗ
ਇਸ ਦੌਰਾਨ ਡੀਸੀ ਨੇ ਗੱਲਬਾਤ ਕਰਦਿਆਂ 80 ਪ੍ਰਤੀਸ਼ਤ ਵੋਟ ਪੋਲ ਹੋਣ ਦੀ ਸੰਭਾਵਨਾ ਜਤਾਈ ਸੀ ਪਰ ਅਜਿਹਾ ਨਹੀਂ ਹੋਇਆ ਤੇ ਵੋਟ ਪੋਲ ਪ੍ਰਤੀਸ਼ਤ 63.78 ਹੀ ਹੋ ਸਕੀ। ਡੀਸੀ ਨੇ ਕਿਹਾ ਸੀ ਕਿ ਸੁਰੱਖਿਆ ਨੂੰ ਲੈ ਕੇ ਵੱਡੀ ਸੰਖਿਆ ਦੇ ਵਿੱਚ ਪੁਲਿਸ ਫੋਰਸ ਡਿਪਲੋਇਡ ਕੀਤੀ ਗਈ ਹੈ। ਬਾਹਰੀ ਵਿਅਕਤੀ ਦੇ ਪੋਲਿੰਗ ਸਟੇਸ਼ਨ ਦੇ ਨਜ਼ਦੀਕ ਆਉਣ 'ਤੇ ਐਸਐਸਪੀ ਬਠਿੰਡਾ ਵੱਲੋਂ ਪਹਿਲਾਂ ਹੀ ਚਿਤਾਵਨੀ ਦਿੱਤੀ ਜਾ ਚੁੱਕੀ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਇੱਕ ਥਾਂ 'ਤੇ ਹੀ ਕੁਝ ਗੜਬੜ ਦੀ ਖਬਰ ਸਾਹਮਣੇ ਆਈ ਸੀ, ਜਦਕਿ ਬਾਕੀ ਸ਼ਭ ਸ਼ਾਂਤਮਈ ਵੋਟਿੰਗ ਹੋਈ ਹੈ। ਉਨ੍ਹਾਂ ਨਾਲ ਹੀ ਕਿਹਾ ਸੀ ਕਿ ਜੇਕਰ ਕੋਈ ਵਿਅਕਤੀ ਅਮਨ ਅਤੇ ਕਾਨੂੰਨ ਦੀ ਸਥਿਤੀ ਭੰਗ ਕਰਨ ਦੀ ਕੋਸ਼ਿਸ਼ ਕਰੇਗਾ, ਉਸ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਕਾਂਗਰਸ ਵਲੋਂ ਚੋਣ ਕਮਿਸ਼ਨ ਕੋਲ ਸ਼ਿਕਾਇਤ
ਕਾਬਿਲੇਗੌਰ ਹੈ ਕਿ ਇਸ ਤੋਂ ਪਹਿਲਾਂ ਤਲਵੰਡੀ ਸਾਬੋ ਨਗਰ ਨਿਗਮ ਚੋਣਾਂ 'ਚ ਫਰਜ਼ੀ ਵੋਟਾਂ ਨੂੰ ਲੈ ਕੇ ਕਾਂਗਰਸ ਵੱਲੋਂ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਗਈ ਸੀ। ਕਾਂਗਰਸ ਹਲਕਾ ਇੰਚਾਰਜ ਖੁਸ਼ਬਾਜ ਸਿੰਘ ਜਟਾਣਾ ਨੇ ਕਿਹਾ ਸੀ ਆਮ ਆਦਮੀ ਪਾਰਟੀ ਦਾ ਗਰਾਫ ਡਿੱਗਿਆ ਹੈ ਤੇ 15 ਵਿੱਚੋਂ ਛੇ ਐਮਸੀ ਨਿਰ-ਵਿਰੋਧ ਜਿਤਾਏ ਜਾਣ ਦੇ ਬਾਵਜੂਦ ਬਹੁਮਤ ਲੈਣ ਲਈ ਆਮ ਆਦਮੀ ਪਾਰਟੀ ਧੱਕੇਸ਼ਾਹੀ ਕਰ ਰਹੀ ਹੈ। ਉਨ੍ਹਾਂ ਕਿਹਾ ਸੀ ਕਿ ਧੱਕੇਸ਼ਾਹੀ ਦਾ ਜਵਾਬ ਲੋਕ 2027 ਵਿੱਚ ਦੇਣਗੇ।
ਆਪ ਵਿਧਾਇਕ ਦੀ ਪ੍ਰਚਾਰ ਤੋਂ ਸੀ ਦੂਰੀ
ਦੱਸ ਦਈਏ ਕਿ ਵਾਰਡ ਨੂੰ 48 ਉਹ ਹੀ ਹੈ, ਜਿਥੇ ਮੌਜੂਦਾ ਵਿਧਾਇਕ ਜਗਰੂਪ ਸਿੰਘ ਗਿੱਲ ਦੇ ਉਮੀਦਵਾਰ ਦੀ ਟਿਕਟ ਕੱਟ ਕੇ ਆਮ ਆਦਮੀ ਪਾਰਟੀ ਵਲੋਂ ਕਿਸੇ ਹੋਰ ਨੂੰ ਆਪਣਾ ਉਮੀਦਵਾਰ ਬਣਾਇਆ ਗਿਆ ਸੀ, ਜਦਕਿ ਜਗਰੂਪ ਸਿੰਘ ਗਿੱਲ ਲਗਾਤਾਰ ਸੱਤ ਵਾਰ ਕੌਂਸਲਰ ਉਸ ਵਾਰਡ ਤੋਂ ਬਣੇ ਸਨ। ਇਸ ਦੇ ਚੱਲਦੇ ਵਿਧਾਇਕ ਵਲੋਂ ਚੋਣ ਪ੍ਰਚਾਰ ਤੋਂ ਦੂਰੀ ਵੀ ਬਣਾਈ ਗਈ ਸੀ।