ਅੰਮ੍ਰਿਤਸਰ: ਨਗਰ ਪੰਚਾਇਤ ਬਾਬਾ ਬਕਾਲਾ ਸਾਹਿਬ ਦੀਆਂ 13 ਵਾਰਡਾਂ ਵਿਚੋਂ 11 ਵਾਰਡਾਂ ਦੀਆਂ ਚੋਣਾਂ ਅੱਜ ਹੋਈਆਂ ਹਨ। ਇਸੇ ਦੌਰਾਨ ਬਾਬਾ ਬਕਾਲਾ ਸਾਹਿਬ ਦੇ ਵਿੱਚ ਬਣਾਏ ਗਏ ਚਾਰ ਪੋਲਿੰਗ ਕੇਂਦਰਾਂ ਦੇ ਵਿੱਚੋਂ ਇੱਕ ਪੋਲਿੰਗ ਕੇਂਦਰ, ਸਰਕਾਰੀ ਐਲੀਮੈਂਟਰੀ ਸਕੂਲ ਬਾਬਾ ਬਕਾਲਾ ਸਾਹਿਬ ਵਿਖੇ ਵਾਰਡ ਨੰਬਰ ਇੱਕ, ਦੋ ਅਤੇ ਤਿੰਨ ਦੀ ਵੋਟਿੰਗ ਕਰਵਾਈ ਗਈ ਸੀ। ਇਸ ਦੌਰਾਨ ਵਾਰਡ ਨੰਬਰ ਦੋ ਦੇ ਇੱਕ ਕਥਿਤ ਵੋਟਰ ਵੱਲੋਂ ਪੋਲਿੰਗ ਕੇਂਦਰ ਦੇ ਬਾਹਰ ਪੋਲਿੰਗ ਅਮਲੇ 'ਤੇ ਵੱਡੇ ਇਲਜ਼ਾਮ ਲਗਾਏ ਗਏ ਹਨ।
ਕੋਈ ਹੋਰ ਪਾ ਗਿਆ ਨੌਜਵਾਨ ਦੀ ਵੋਟ
ਪੋਲਿੰਗ ਕੇਂਦਰ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨੌਜਵਾਨ ਗੁਰਜੀਤ ਸਿੰਘ ਪੁੱਤਰ ਸਰੂਪ ਸਿੰਘ ਵਾਸੀ ਲੱਖੂਵਾਲ ਰੋਡ, ਬਾਬਾ ਬਕਾਲਾ ਸਾਹਿਬ ਨੇ ਕਿਹਾ ਕਿ ਵਾਰਡ ਨੰਬਰ ਦੋ ਦੇ ਵਿੱਚ ਉਸ ਦੀ 684 ਨੰਬਰ ਵੋਟ ਹੈ ਜੋ ਕਿ ਉਸ ਦੇ ਪੋਲਿੰਗ ਕੇਂਦਰ ਪੁੱਜਣ ਤੋਂ ਪਹਿਲਾਂ ਹੀ ਕਥਿਤ ਤੌਰ 'ਤੇ ਕੋਈ ਹੋਰ ਪੋਲ ਕਰ ਗਿਆ ਹੈ। ਨੌਜਵਾਨ ਗੁਰਜੀਤ ਸਿੰਘ ਨੇ ਇਲਜ਼ਾਮ ਲਗਾਇਆ ਕਿ ਜਦੋਂ ਉਸ ਨੇ ਪੋਲਿੰਗ ਸਟਾਫ ਨੂੰ ਹਾਲੇ ਤੱਕ ਵੋਟ ਨਾ ਪਾਉਣ ਸਬੰਧੀ ਦਾਅਵਾ ਕੀਤਾ ਤਾਂ ਉਹਨਾਂ ਦਾ ਕਹਿਣਾ ਸੀ ਕਿ 'ਤੁਸੀਂ ਰਜਾਈ ਦੇ ਨਾਲ ਸਿਆਹੀ ਸਾਫ ਕਰਕੇ ਦੁਬਾਰਾ ਪੋਲਿੰਗ ਕੇਂਦਰ 'ਤੇ ਵੋਟ ਪਾਉਣ ਪੁੱਜੇ ਹੋ'।
ਨੌਜਵਾਨ ਨੇ ਪੋਲਿੰਗ ਟੀਮ 'ਤੇ ਲਾਏ ਇਲਜ਼ਾਮ
ਇਸ ਇਲਜ਼ਾਮ ਨੂੰ ਖਾਰਜ ਕਰਦੇ ਹੋਏ ਨੌਜਵਾਨ ਗੁਰਜੀਤ ਸਿੰਘ ਨੇ ਕਿਹਾ ਕਿ ਪੋਲਿੰਗ ਸਟਾਫ ਬਕਾਇਦਾ ਤੌਰ ਉੱਤੇ ਪੋਲਿੰਗ ਕੇਂਦਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਚੈੱਕ ਕਰਵਾ ਸਕਦਾ ਹੈ ਅਤੇ ਜੇਕਰ ਇਸ ਤੋਂ ਪਹਿਲਾਂ ਮੈਂ ਵੋਟ ਪੋਲ ਕਰਕੇ ਗਿਆ ਹੋਵਾਂ ਤਾਂ ਬਣਦੀ ਕਾਰਵਾਈ ਵੀ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਲੇਕਿਨ ਉਕਤ ਦਾਵਿਆਂ ਦੇ ਬਾਵਜੂਦ ਉਸ ਨੂੰ ਆਪਣੇ ਜਮਹੂਰੀ ਹੱਕ ਵੋਟ ਪਾਉਣ ਤੋਂ ਵਾਂਝਾ ਕੀਤਾ ਜਾ ਰਿਹਾ ਹੈ। ਨੌਜਵਾਨ ਨੇ ਗੱਲਬਾਤ ਦੌਰਾਨ ਕਿਹਾ ਕਿ ਉਹ ਇਸ ਸਬੰਧੀ ਸ਼ਿਕਾਇਤ ਵੀ ਕਰਨਗੇ ਅਤੇ ਉਹ ਮੰਗ ਕਰਦੇ ਹਨ ਕਿ ਉਹਨਾਂ ਦੀ ਵੋਟ ਪੋਲ ਕਰਵਾਈ ਜਾਵੇ।
ਪੋਲਿੰਗ ਟੀਮ ਜਾਂ ਰਿਟਰਨਿੰਗ ਅਫਸਰ ਨੇ ਨਹੀਂ ਦਿੱਤਾ ਸਪੱਸ਼ਟੀਕਰਨ
ਹਾਲਾਂਕਿ ਇਸ ਸਬੰਧੀ ਮੌਕੇ 'ਤੇ ਮੌਜੂਦ ਸਟਾਫ ਨਾਲ ਰਾਬਤਾ ਕਰਨਾ ਚਾਹਿਆ ਤਾਂ ਉਹਨਾਂ ਵੱਲੋਂ ਸਮਾਂ ਘੱਟ ਹੋਣ ਦਾ ਹਵਾਲਾ ਦਿੰਦਿਆਂ ਸਪੱਸ਼ਟੀਕਰਨ ਨਹੀਂ ਦਿੱਤਾ ਗਿਆ। ਦੂਸਰੀ ਤਰਫ ਜਦੋਂ ਰਿਟਰਨਿੰਗ ਅਫਸਰ ਬਾਬਾ ਬਕਾਲਾ ਸਾਹਿਬ ਨਾਲ ਫੋਨ 'ਤੇ ਸੰਪਰਕ ਕਰਨਾ ਚਾਹਿਆ ਤਾਂ ਉਹਨਾਂ ਨੇ ਇਸ ਸੰਬੰਧੀ ਜਵਾਬ ਨਹੀਂ ਦਿੱਤਾ।