ਵੋਟ ਪਾਉਣ ਤੋਂ ਬਾਅਦ ਬੋਲੇ ਗੁਰਜੀਤ ਔਜਲਾ, ਕਿਹਾ- 'ਆਪ' ਨੇ ਵੰਡੀ ਵੋਟਾਂ 'ਚ ਸ਼ਰਾਬ, ਭਾਜਪਾ 'ਤੇ ਵੀ ਸਾਧੇ ਨਿਸ਼ਾਨੇ - MUNICIPAL CORPORATION ELECTIONS
ਨਗਰ ਨਿਗਮ ਚੋਣਾਂ 'ਚ ਵੋਟ ਪਾਉਣ ਆਏ ਸਾਂਸਦ ਗੁਰਜੀਤ ਔਜਲਾ ਨੇ ਪੰਜਾਬ ਸਰਕਾਰ 'ਤੇ ਨਿਸ਼ਾਨੇ ਸਾਧੇ ਹਨ। ਪੜ੍ਹੋ ਖ਼ਬਰ...
Published : Dec 21, 2024, 6:37 PM IST
ਅੰਮ੍ਰਿਤਸਰ: ਜਿੱਥੇ ਅੰਮ੍ਰਿਤਸਰ ਦੇ ਨਗਰ ਨਿਗਮ ਦੀਆਂ ਚੋਣਾਂ ਦੇ ਦੌਰਾਨ ਜਗ੍ਹਾ-ਜਗ੍ਹਾ 'ਤੇ ਹਿੰਸਕ ਘਟਨਾਵਾਂ ਸਾਹਮਣੇ ਆ ਰਹੀਆਂ ਹਨ, ਉੱਥੇ ਹੀ ਦੂਸਰੇ ਪਾਸੇ ਇਲਜ਼ਾਮਾਂ ਦੇ ਸਿਲਸਿਲਾ ਜਾਰੀ ਹੈ। ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਵਾਰਡ ਨੰਬਰ ਇੱਕ ਦਾ ਹੈ, ਜਿੱਥੇ ਆਪਣੀ ਵੋਟ ਦਾ ਭੁਗਤਾਨ ਕਰਨ ਆਏ ਗੁਰਜੀਤ ਸਿੰਘ ਔਜਲਾ ਵੱਲੋਂ ਆਪ ਸਰਕਾਰ ਉੱਤੇ ਸਵਾਲੀਆ ਨਿਸ਼ਾਨ ਖੜੇ ਕੀਤੇ ਗਏ।
'ਆਪ' ਨੇ ਵੰਡੀ ਵੋਟਾਂ 'ਚ ਸ਼ਰਾਬ: ਔਜਲਾ
ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜਿਸ ਤਰ੍ਹਾਂ ਦੀ ਲੋਕਾਂ ਦੇ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ, ਉਸ ਦਾ ਜਵਾਬ ਲੋਕ ਦੇਣਗੇ। ਉਹਨਾਂ ਨੇ ਕਿਹਾ ਕਿ 85 ਵਿੱਚੋਂ 65 ਸੀਟਾਂ ਕਾਂਗਰਸ ਪਾਰਟੀ ਨੂੰ ਆ ਰਹੀਆਂ ਹਨ ਕਿਉਂਕਿ ਆਮ ਆਦਮੀ ਪਾਰਟੀ ਵੱਲੋਂ ਜੋ ਲੋਕਾਂ ਨਾਲ ਵਾਅਦੇ ਕੀਤੇ ਗਏ ਸਨ, ਉਹਨਾਂ ਚੋਂ ਕੋਈ ਵੀ ਵਾਇਦਾ ਪੂਰਾ ਨਹੀਂ ਕੀਤਾ ਗਿਆ ਸੀ। ਇਸ ਤੋਂ ਅੱਗੇ ਕਿਹਾ ਕਿ ਅੰਮ੍ਰਿਤਸਰ ਦੇ ਵਿੱਚ ਪਹਿਲਾਂ ਵੀ ਕਾਂਗਰਸ ਦੀਆਂ 64 ਦੇ ਕਰੀਬ ਸੀਟਾਂ ਸਨ, ਜਿਸ ਵਿੱਚੋਂ ਕੁਝ ਕੌਂਸਲਰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਗਏ ਸਨ ਅਤੇ 42 ਦੇ ਕਰੀਬ ਸੀਟਾਂ ਦੇ ਵਿੱਚ ਕਾਂਗਰਸ ਦੇ ਕੌਂਸਲਰਾਂ ਵੱਲੋਂ ਕੰਮ ਕਰਕੇ ਲੋਕਾਂ ਦਾ ਦਿਲ ਪੂਰੀ ਤਰ੍ਹਾਂ ਨਾਲ ਜਿੱਤਿਆ ਗਿਆ ਸੀ। ਇਸ ਦੇ ਨਾਲ ਹੀ ਉਹਨਾਂ ਵੱਲੋਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ 'ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਕੁਲਦੀਪ ਧਾਲੀਵਾਲ ਸੱਚਖੰਡ ਸ੍ਰੀ ਦਰਬਾਰ ਸਾਹਿਬ ਪਹੁੰਚ ਕੇ ਸਹੁੰ ਖਾਣ ਕਿ ਉਹਨਾਂ ਵੱਲੋਂ ਅਤੇ ਉਹਨਾਂ ਦੀ ਪਾਰਟੀ ਵੱਲੋਂ ਸ਼ਰਾਬ ਨਹੀਂ ਵੰਡੀ ਗਈ ਸੀ।
ਭਾਜਪਾ 'ਤੇ ਵੀ ਔਜਲਾ ਨੇ ਸਾਧਿਆ ਨਿਸ਼ਾਨਾ
ਸੰਸਦ ਔਜਲਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਸਿਰਫ ਬੁਖਲਾਹਟ 'ਚ ਆ ਕੇ ਹੀ ਵੋਟਾਂ ਨਹੀਂ ਕਰਵਾਈਆਂ ਜਾ ਰਹੀਆਂ ਸਨ ਅਤੇ ਹੁਣ ਕਈ ਲੋਕਾਂ ਦੀਆਂ ਵੋਟਾਂ ਕੱਟ ਦਿੱਤੀਆਂ ਗਈਆਂ ਹਨ। ਉਹਨਾਂ ਕਿਹਾ ਕਿ ਲੋਕਾਂ ਨੂੰ ਖੱਜਲ ਖਵਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਨਾਲ ਹੀ ਭਾਜਪਾ 'ਤੇ ਵੀ ਉਨ੍ਹਾਂ ਸਵਾਲ ਖੜੇ ਕੀਤੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਵਾਲੇ ਮੋਦੀ ਦੇ ਵਿਕਾਸ ਕਾਰਨ ਜਿੱਤ ਦਾ ਦਾਅਵਾ ਕਰਦੇ ਹਨ ਪਰ ਇਹ ਦੱਸਣ ਕਿ ਗੁਰਦਾਸਪੁਰ 'ਚ ਵਿਕਾਸ ਕਿਉਂ ਨਹੀਂ ਹੋਇਆ। ਸੰਨੀ ਦਿਓਲ ਤੇ ਸੋਮ ਪ੍ਰਕਾਸ਼ ਨੂੰ ਉਨ੍ਹਾਂ ਦੇ ਜਿੱਤੇ ਹਲਕਿਆਂ ਤੋਂ ਦੁਆਰਾ ਕਿਉਂ ਨਹੀਂ ਖੜਾ ਕੀਤਾ ਗਿਆ।
ਵੋਟਰ ਵੋਟ ਪਾਉਣ ਲਈ ਹੋਏ ਖੱਜ਼ਲ
ਉੱਥੇ ਹੀ ਦੂਸਰੇ ਪਾਸੇ ਵਾਰਡ ਨੰਬਰ ਇੱਕ ਦੇ ਵਿੱਚ ਵੋਟਾਂ ਪਾਉਣ ਆਏ ਲੋਕ ਕਾਫੀ ਖੱਜਲ ਖੁਆਰ ਹੋ ਰਹੇ ਸਨ। ਜਿੱਥੇ ਕਿ ਵੋਟਰਾਂ ਵੱਲੋਂ ਆਪਣਾ ਇਤਰਾਜ ਜਤਾਇਆ ਗਿਆ ਹੈ। ਉਹਨਾਂ ਨੇ ਕਿਹਾ ਕਿ ਅਸੀਂ ਮੈਂਬਰ ਪਾਰਲੀਮੈਂਟ ਦੀਆਂ ਚੋਣਾਂ ਦੇ ਦੌਰਾਨ ਤਾਂ ਇੱਥੇ ਵੋਟਾਂ ਪਾਈਆਂ ਹਨ ਲੇਕਿਨ ਹੁਣ ਸਾਡੀਆਂ ਵੋਟਾਂ ਨਹੀਂ ਮਿਲ ਪਾ ਰਹੀਆਂ। ਉਹਨਾਂ ਨੇ ਕਿਹਾ ਕਿ ਸਾਡੇ ਪਰਿਵਾਰ ਦੀਆਂ ਸੱਤ ਵੋਟਾਂ ਸਨ, ਜਿਹਨਾਂ ਵਿੱਚੋਂ ਪੰਜ ਲੋਕ ਵੋਟ ਪਾ ਚੁੱਕੇ ਹਨ ਤੇ ਦੋ ਲੋਕਾਂ ਦੀਆਂ ਵੋਟਾਂ ਨਹੀਂ ਮਿਲ ਰਹੀਆਂ। ਉਹਨਾਂ ਕਿਹਾ ਕਿ ਬੇਸ਼ੱਕ ਅਸੀਂ ਕਿਸੇ ਵੀ ਸਿਆਸੀ ਪਾਰਟੀ ਦੇ ਨਾਲ ਨਹੀਂ ਹਾਂ ਲੇਕਿਨ ਅਸੀਂ ਜਿਸ ਪਾਰਟੀ ਨੂੰ ਪਸੰਦ ਕਰਦੇ ਹਾਂ ਸਾਡਾ ਫਰਜ ਬਣਦਾ ਹੈ ਕਿ ਅਸੀਂ ਉਸ ਨੂੰ ਵੋਟ ਪਾਈਏ। ਉਥੇ ਉਹਨਾਂ ਨੇ ਅੱਗੇ ਬੋਲਦਿਆਂ ਕਿਹਾ ਕਿ ਇਹ ਡੈਮੋਕਰੇਸੀ ਦਾ ਘਾਣ ਕਰ ਰਹੇ ਹਨ।