ਬਠਿੰਡਾ: ਪੰਜਾਬ ਦੀ ਕੇਂਦਰੀ ਜੇਲ੍ਹ ਬਠਿੰਡਾ ਇੱਕ ਵਾਰ ਫਿਰ ਤੋਂ ਸੁਰਖੀਆਂ 'ਚ ਬਣੀ ਹੋਈ ਹੈ। ਇਸ ਵਾਰ ਕਿਸੇ ਵਾਰਦਾਤ ਕਾਰਨ ਨਹੀਂ ਬਲਕਿ ਗੈਂਗਸਟਰਾਂ ਵੱਲੋਂ ਕੀਤੀ ਜਾ ਰਹੀ ਭੁੱਖ-ਹੜਤਾਲ ਕਾਰਨ ਚਰਚਾ 'ਚ ਬਣੀ ਹੋਈ ਹੈ। ਮਿਲੀ ਜਾਣਕਾਰੀ ਮੁਤਾਬਿਕ ਸੁੱਖਾ ਕਾਹਲਵਾਂ ਗਰੁੱਪ ਦੇ ਦੋ ਗੈਂਗਸਟਰ ਗੌਰਵ ਸ਼ਰਮਾ ਉਰਫ ਗੋਰੂ ਬੱਚਾ ਅਤੇ ਗੁਰਪ੍ਰੀਤ ਸਿੰਘ ਆਪਣੀਆਂ ਮੰਗਾਂ ਨੂੰ ਲੈ ਕੇ ਭੁੱਖ ਹੜਤਾਲ ’ਤੇ ਬੈਠ ਗਏ ਹਨ। ਇਹ ਦੋਵੇਂ ਹੀ ਗੈਂਗਸਟਰ ਪਿਛਲੀ 22 ਜਨਵਰੀ ਦੀ ਸ਼ਾਮ ਤੋਂ ਭੁੱਖ-ਹੜਤਾਲ 'ਤੇ ਹਨ ਅਤੇ ਅਜੇ ਵੀ ਦੋਵੇਂ ਗੈਂਗਸਟਰਾਂ ਵੱਲੋਂ ਭੁੱਖ ਹੜਤਾਲ ਲਗਾਤਾਰ ਜਾਰੀ ਹੈ।
ਕੇਂਦਰੀ ਜੇਲ੍ਹ 'ਚ ਭੁੱਖ ਹੜਤਾਲ 'ਤੇ ਬੈਠੇ ਗੈਂਗਸਟਰ ਸੁੱਖਾ ਕਾਹਲਵਾਂ ਗੈਂਗ ਦੇ ਮੈਂਬਰ, ਜੇਲ੍ਹ ਪ੍ਰਸ਼ਾਸਨ 'ਤੇ ਚੁੱਕੇ ਸਵਾਲ (Etv Bharat) ਹੜਤਾਲ ਦੇ ਕਾਰਨਾਂ ਦਾ ਨਹੀਂ ਹੋਇਆ ਖ਼ੁਲਾਸਾ
ਇਸ ਮਾਮਲੇ ਸਬੰਧੀ ਜੇਲ੍ਹ ਪ੍ਰਸ਼ਾਸਨ ਵੱਲੋਂ ਸਿਵਲ ਪ੍ਰਸ਼ਾਸਨ ਨੂੰ ਭੁੱਖ ਹੜਤਾਲ ਸਬੰਧੀ ਸੂਚਿਤ ਕੀਤਾ ਗਿਆ। ਡਿਪਟੀ ਕਮਿਸ਼ਨਰ ਬਠਿੰਡਾ ਵੱਲੋਂ ਐਸ.ਡੀ.ਐਮ ਬਠਿੰਡਾ ਅਤੇ ਡੀਐਸਪੀ ਸਿਟੀ -2 ਨੂੰ ਭੁੱਖ ਹੜਤਾਲ ਸਬੰਧੀ ਦੋਵੇਂ ਗੈਂਗਸਟਰਾਂ ਨਾਲ ਰਾਬਤਾ ਬਣਾਉਣ ਦੀ ਡਿਊਟੀ ਲਗਾਈ ਗਈ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਹੜਤਾਲ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ ਪਰ ਜਲਦ ਹੀ ਜੇਲ੍ਹ ਪ੍ਰਸ਼ਾਸਨ ਨਾਲ ਮਿਲ ਕੇ ਕਾਊਂਸਲਿੰਗ ਲਈ ਗੈਂਗਸਟਰਾਂ ਨਾਲ ਗੱਲਬਾਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਗੈਂਗਸਟਰਾਂ ਦੀ ਭੁੱਖ ਹੜਤਾਲ ਖਤਮ ਕਰਵਾਈ ਜਾ ਸਕੇ, ਇਸ ਸਬੰਧੀ ਕਾਰਵਾਈ ਕੀਤੀ ਜਾਵੇਗੀ।
ਸੁੱਖਾ ਕਾਹਲਵਾਂ ਨਾਲ ਸਬੰਧਤ ਗੈਂਗਸਟਰ
ਜ਼ਿਕਰਯੋਗ ਹੈ ਕਿ ਭੁੱਖ ਹੜਤਾਲ 'ਤੇ ਬੈਠੇ ਗੋਰੂ ਬੱਚਾ ਅਤੇ ਗੁਰਪ੍ਰੀਤ ਸਿੰਘ 2015 'ਚ ਫਗਵਾੜਾ-ਗੁਰਾਇਆਂ ਵਿਚਾਲੇ ਗੈਂਗਸਟਰ ਵਿੱਕੀ ਗੌਂਡਰ ਤੇ ਉਸ ਦੇ ਸਾਥੀਆਂ ਵੱਲੋਂ ਕਤਲ ਕੀਤੇ ਗਏ ਗੈਂਗਸਟਰ ਸੁੱਖਾ ਕਾਹਲਵਾਂ ਦੇ ਸਾਥੀ ਹਨ ਅਤੇ ਇਨ੍ਹਾਂ ਖ਼ਿਲਾਫ ਕਈ ਅਪਰਾਧਿਕ ਮਾਮਲੇ ਦਰਜ ਹਨ। ਗੈਂਗਸਟਰ ਗੌਰਵ ਸ਼ਰਮਾ ਉਰਫ ਗੋਰੂ ਬੱਚਾ ਦੇ ਖਿਲਾਫ 50 ਤੋਂ ਉੱਪਰ ਮਾਮਲੇ ਦਰਜ ਹਨ। ਇਸ ਤੋਂ ਇਲਾਵਾ ਗੁਰਪ੍ਰੀਤ ਸਿੰਘ ਖਿਲਾਫ ਵੀ ਕਤਲ, ਲੁੱਟ-ਖੋਹ ਅਤੇ ਹੋਰ ਕਈ ਮਾਮਲੇ ਦਰਜ ਹਨ। ਦੋਵੇਂ ਗੈਂਗਸਟਰਾਂ ਵੱਲੋਂ ਬਠਿੰਡਾ ਜੇਲ੍ਹ ਪ੍ਰਸ਼ਾਸਨ 'ਤੇ ਕਈ ਤਰ੍ਹਾਂ ਦੇ ਗੰਭੀਰ ਦੋਸ਼ ਲਾਏ ਗਏ ਹਨ। ਇਸ ਸਬੰਧੀ ਬਕਾਇਦਾ ਸ਼ਿਕਾਇਤਾਂ ਵੀ ਜੇਲ੍ਹ ਪ੍ਰਸ਼ਾਸਨ ਨੂੰ ਦਿੱਤੀਆਂ ਗਈਆਂ ਹਨ।