ਅੰਮ੍ਰਿਤਸਰ: ਦਿੱਲੀ ਦੇ ਵਿੱਚ 27 ਸਾਲਾਂ ਬਾਅਦ ਤਖ਼ਤਾ ਪਲਟਿਆ ਹੈ, ਜਿੱਥੇ ਸਾਬਕਾ ਸੀਐੱਮ ਅਰਵਿੰਦ ਕੇਜਰੀਵਾਲ ਭਾਜਪਾ ਉਮੀਦਵਾਰ ਤੋਂ ਹਾਰ ਗਏ ਹਨ। 27 ਸਾਲਾਂ ਬਾਅਦ ਦਿੱਲੀ ਦੇ ਵਿੱਚ ਭਾਜਪਾ ਦਾ ਉਮੀਦਵਾਰ ਜਿੱਤਿਆ ਹੈ। ਦੱਸ ਦਈਏ ਕਿ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਵੀਂ ਦਿੱਲੀ ਵਿਧਾਨ ਸਭਾ ਸੀਟ ਤੋਂ ਚੋਣ ਹਾਰ ਗਏ ਹਨ। ਉਨ੍ਹਾਂ ਨੂੰ ਭਾਜਪਾ ਦੇ ਪਰਵੇਸ਼ ਵਰਮਾ ਨੇ ਹਰਾਇਆ ਹੈ। ਜਿਸ ਦਾ ਅਸਰ ਸਿਰਫ ਦਿੱਲੀ ਹੀ ਨਹੀਂ ਪੰਜਾਬ ਦੇ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ।
'ਆਪ' ਪਾਰਟੀ ਦੇ ਵਰਕਰ ਨਿਰਾਸ਼
ਅਰਵਿੰਦ ਕੇਜਰੀਵਾਲ 2013 ਤੋਂ ਇਸ ਸੀਟ ‘ਤੇ ਕਾਬਜ਼ ਸਨ। ਉਨ੍ਹਾਂ ਨੇ ਕਾਂਗਰਸ ਦੀ ਦਿੱਗਜ ਨੇਤਾ ਅਤੇ ਤਤਕਾਲੀ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਨੂੰ ਹਰਾ ਕੇ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੇ ਦਹਾਕੇ ਲੰਬੇ ਸ਼ਾਸਨ ਦੀ ਸ਼ੁਰੂਆਤ ਕੀਤੀ ਸੀ। ਹੁਣ ਜਿੱਥੇ 'ਆਪ' ਪਾਰਟੀ ਦੇ ਵਰਕਰ ਥੋੜੇ ਨਿਰਾਸ਼ ਦਿਖਾਈ ਦੇ ਰਹੇ ਹਨ ਤਾਂ ਦੂਜੇ ਪਾਸੇ ਭਾਜਪਾ ਦੇ ਵਰਕਰ ਜਸ਼ਨ ਮਨਾ ਰਹੇ ਹਨ। ਭਾਜਪਾ ਵਰਕਰਾਂ ਦਾ ਕਹਿਣਾ ਹੈ ਕਿ ਜਿੱਥੇ ਇਸ ਵਾਰ ਭਾਜਪਾ ਨੂੰ ਦਿੱਲੀ ਦੇ ਵਿੱਚ ਵੱਡੀ ਜਿੱਤ ਮਿਲੀ ਹੈ।
ਅਰਵਿੰਦ ਕੇਜਰੀਵਾਲ ਦੀਆਂ ਝੂਠੀਆਂ ਨੀਤੀਆਂ ਤੋਂ ਤੰਗ ਹੋਏ ਲੋਕ
ਹੁਣ ਆਉਣ ਵਾਲੇ ਸਮੇਂ ਵਿੱਚ ਪੰਜਾਬ 'ਚ ਵੀ ਭਾਜਪਾ ਨੂੰ ਵੱਡੀ ਜਿੱਤ ਮਿਲੇਗੀ ਅਤੇ ਲੋਕ ਅਰਵਿੰਦ ਕੇਜਰੀਵਾਲ ਦੀਆਂ ਝੂਠੀਆਂ ਨੀਤੀਆਂ ਤੋਂ ਤੰਗ ਆ ਗਏ ਸਨ। ਇਸੇ ਲਈ ਉਨ੍ਹਾਂ ਵੱਲੋਂ ਇਸ ਵਾਰ ਭਾਜਪਾ ਨੂੰ ਜਿਤਾ ਕੇ ਭਾਜਪਾ ਤੇ ਭਰੋਸਾ ਜਤਾਇਆ ਹੈ। ਉਨ੍ਹਾਂ ਨੇ ਕਿਹਾ ਕਿ ਇੱਕ ਪਾਸੇ ਪੰਜਾਬ 'ਚੋਂ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਅਤੇ ਮੁੱਖ ਮੰਤਰੀ ਖੁਦ ਦਿੱਲੀ ਵਿੱਚ ਜਾ ਕੇ ਆਪ ਦਾ ਪ੍ਰਚਾਰ ਕਰ ਰਹੇ ਸਨ ਅਤੇ ਦੂਜੇ ਪਾਸੇ ਦਿੱਲੀ ਦੇ ਲੋਕਾਂ ਨੇ ਭਾਜਪਾ ਨੂੰ ਵੱਡਾ ਫਤਵਾ ਦਿੱਤਾ ਹੈ ਅਤੇ ਲੋਕ ਆਪ ਦੀਆਂ ਨੀਤੀਆਂ ਤੋਂ ਪਰੇਸ਼ਾਨ ਹਨ।
ਮੋਗਾ ਵਿੱਚ ਵੀ ਭਾਜਪਾ ਦੇ ਵਰਕਰਾਂ ਵੱਲੋਂ ਗਏ ਲੱਡੂ
ਮੋਗਾ: ਉੱਥੇ ਹੀ ਮੋਗਾ ਵਿਖੇ ਦਿੱਲੀ ਵਿੱਚ ਭਾਰਤੀ ਜਨਤਾ ਪਾਰਟੀ ਦੀ ਜਿੱਤ ਤੋਂ ਬਾਅਦ ਪੂਰੇ ਦੇਸ਼ ਵਿੱਚ ਭਾਜਪਾ ਦੇ ਵਰਕਰਾਂ ਵਿੱਚ ਭਾਰੀ ਉਤਸਾਹ ਦੇਖਣ ਨੂੰ ਮਿਲ ਰਿਹਾ ਹੈ। ਜਿਸ ਦੇ ਚਲਦੇ ਮੋਗਾ ਵਿੱਚ ਵੀ ਭਾਜਪਾ ਦੇ ਵਰਕਰਾਂ ਵੱਲੋਂ ਲੱਡੂ ਵੰਡ ਕੇ ਅਤੇ ਪਟਾਕੇ ਚਲਾ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਜਾ ਰਿਹਾ ਹੈ। ਇਸ ਮੌਕੇ ਭਾਜਪਾ ਦੇ ਆਗੂਆਂ ਨੇ ਕਿਹਾ ਕਿ ਉਨ੍ਹਾਂ ਨੂੰ ਬਹੁਤ ਖੁਸ਼ੀ ਹੈ ਕਿ ਦਿੱਲੀ ਦੇ ਲੋਕਾਂ ਨੇ ਝੂਠੇ ਵਾਅਦੇ ਕਰਨ ਵਾਲੀ ਪਾਰਟੀ ਨੂੰ ਨਕਾਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਵਿੱਚ ਵੀ ਭਾਜਪਾ ਆਪਣੀ ਸਰਕਾਰ ਬਣਾਵੇਗੀ ਅਤੇ ਆਮ ਆਦਮੀ ਪਾਰਟੀ ਤੋਂ ਕਿਨਾਰਾ ਕਰੇਗੀ।
![BJP VICTORY IN DELHI](https://etvbharatimages.akamaized.net/etvbharat/prod-images/08-02-2025/23501979_th.png)
ਆਮ ਆਦਮੀ ਪਾਰਟੀ ਦੇ ਝੂਠ ਦਾ ਪਰਦਾਫਾਸ਼
ਤਰਨਤਾਰਨ: ਤਰਨਤਾਰਨ ਵਿਖੇ ਭਾਜਪਾ ਵਰਕਰਾਂ ਵੱਲੋਂ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਅਤੇ ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ ਦੀ ਅਗਵਾਈ ਹੇਠ ਦਿੱਲੀ ਚੋਣਾਂ ਵਿੱਚ ਭਾਜਪਾ ਦੀ ਹੋਈ ਜਿੱਤ ਦੀ ਖੁਸ਼ੀ ਵਿੱਚ ਢੋਲ ਦੀ ਥਾਪ 'ਤੇ ਭੰਗੜੇ ਪਾਏ ਲੱਡੂ ਵੰਡੇ ਅਤੇ ਪਟਾਖੇ ਚਲਾਏ ਗਏ ਹਨ। ਇਸ ਮੌਕੇ ਹਰਜੀਤ ਸਿੰਘ ਸੰਧੂ ਅਤੇ ਮਨਜੀਤ ਸਿੰਘ ਮੰਨਾ ਵੱਲੋਂ ਦਿੱਲੀ ਜਿੱਤ 'ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਝੂਠ ਬੋਲ ਕੇ ਦਿੱਲੀ ਅਤੇ ਪੰਜਾਬ ਵਿੱਚ ਸਰਕਾਰ ਬਣਾਈ ਸੀ, ਆਮ ਆਦਮੀ ਪਾਰਟੀ ਦੇ ਝੂਠ ਦਾ ਪਰਦਾਫਾਸ਼ ਹੋ ਗਿਆ ਹੈ। ਹੁਣ ਪੰਜਾਬ ਦੇ ਲੋਕ ਵੀ ਆਮ ਆਦਮੀ ਪਾਰਟੀ ਦੇ ਝੂਠ ਨੂੰ ਸਮਝ ਗਏ ਹਨ। ਆਉਂਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਦਾ ਪੰਜਾਬ ਵਿੱਚੋਂ ਵੀ ਸਫ਼ਾਇਆ ਹੋ ਜਾਵੇਗਾ।
![BJP VICTORY IN DELHI](https://etvbharatimages.akamaized.net/etvbharat/prod-images/08-02-2025/23501979_thbb.png)