ਅੰਮ੍ਰਿਤਸਰ : ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਪਾਕਿਸਤਾਨ ਵਿਖੇ ਖੂਫੀਆ ਦਸਤਾਵੇਜ਼ ਭੇਜਣ ਵਾਲੇ ਫੌਜੀ ਸਮੇਤ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪਾਕਿਸਤਾਨ ਤੋਂ ਹੈਰੋਇਨ ਦੀ ਖੇਪ ਮੰਗਵਾ ਕੇ ਭਾਰਤ ਭੇਜਣ ਵਾਲੇ ਕੁਝ ਫੌਜੀਆਂ ਨੂੰ ਕੁਝ ਦਿਨ ਪਹਿਲਾਂ ਹੀ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ ਅਤੇ ਉਨ੍ਹਾਂ ਦੀ ਪੁੱਛਗਿੱਛ ਤੋਂ ਬਾਅਦ ਉਨ੍ਹਾਂ ਦੇ ਇੱਕ ਹੋਰ ਸਾਥੀ ਸੰਦੀਪ ਸਿੰਘ ਨੂੰ ਪਟਿਆਲਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।
ਵੱਡੇ ਖੁਲਾਸੇ ਹੋਣ ਦੀ ਉਮੀਦ
ਜ਼ਿਕਰਯੋਗ ਹੈ ਕਿ ਸੰਦੀਪ ਸਿੰਘ ਵੀ ਫੌਜ ਦਾ ਮੁਲਾਜ਼ਮ ਹੈ ਅਤੇ ਇਸ ਵਕਤ ਨਾਸਿਕ ਪੋਸਟਡ ਹੈ ਜੋ ਕਿ ਹੁਣ ਛੁੱਟੀ 'ਤੇ ਸੀ। ਸੰਦੀਪ ਸਿੰਘ ਆਪਣੇ ਸਾਥੀਆਂ ਨਾਲ ਮਿਲ ਕੇ ਫੌਜ ਦੀਆਂ ਵੱਖ-ਵੱਖ ਯੂਨਿਟਾਂ ਅਤੇ ਬ੍ਰਿਗੇਡਾਂ ਦੀ ਖੂਫੀਆ ਜਾਣਕਾਰੀ ਪਾਕਿਸਤਾਨੀ ਖੂਫੀਆ ਏਜੰਸੀਆਂ ਨੂੰ ਭੇਜਦਾ ਸੀ। ਸੰਦੀਪ ਸਿੰਘ ਪਾਸੋਂ ਤਿੰਨ ਮੋਬਾਇਲ ਫੋਨ ਹਾਸਿਲ ਕੀਤੇ ਗਏ ਹਨ, ਜਿੰਨ੍ਹਾਂ ਦੀ ਫੋਰੈਂਸਿਕ ਜਾਂਚ ਜਾਰੀ ਹੈ। ਜਿਸ ਤੋਂ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ। ਇਸ ਸਬੰਧੀ ਉਕਤ ਮੁਲਜ਼ਮਾਂ ਖਿਲਾਫ ਥਾਣਾ ਘਰਿੰਡਾ ਵਿਖੇ ਮੁਕੱਦਮਾ ਕਰਕੇ ਤਫਤੀਸ਼ ਕੀਤੀ ਜਾ ਰਹੀ ਹੈ। ਪੁਲਿਸ ਦਾ ਦੱਸਣਾ ਹੈ ਕਿ ਇਸ ਦਾ ਹਾਲੇ ਇੱਕ ਹੋਰ ਸਾਥੀ ਹੈ, ਜਿਸ ਨੂੰ ਗ੍ਰਿਫ਼ਤਾਰ ਕਰਨਾ ਬਾਕੀ ਹੈ ਤੇ ਜਲਦ ਹੀ ਉਸ ਨੂੰ ਵੀ ਗ੍ਰਿਫ਼ਤਾਰ ਕੀਤਾ ਜਾਵੇਗਾ।
ਪਾਕਿਸਤਾਨ ਤੋਂ ਹੈਰੋਇਨ ਅਤੇ ਅਸਲਾ ਮੰਗਵਾ ਕੇ ਅੱਗੇ ਸਪਲਾਈ
ਇਸ ਦੀ ਜਾਣਕਾਰੀ ਦਿੰਦਿਆਂ ਐਸਐਸਪੀ ਦਿਹਾਤੀ ਚਰਨਜੀਤ ਸਿੰਘ ਨੇ ਦੱਸਿਆ ਹੈ ਕਿ ਥਾਣਾ ਘਰਿੰਡਾ ਦੀ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਮੁਲਜ਼ਮ ਅੰਮ੍ਰਿਤਪਾਲ ਸਿੰਘ ਉਰਫ ਅੰਮ੍ਰਿਤ ਪੁੱਤਰ ਕੁਲਵੰਤ ਸਿੰਘ ਵਾਸੀ ਚੰਬਾ ਕਲਾਂ ਤਰਨਤਾਰਨ, ਰਾਜਬੀਰ ਸਿੰਘ ਪੁੱਤਰ ਹਰਚਰਨ ਸਿੰਘ ਵਾਸੀ ਪੱਟੀ, ਮਨਦੀਪ ਸਿੰਘ ਉਰਫ ਮੈਡੀ ਪੁੱਤਰ ਭੁਪਿੰਦਰ ਸਿੰਘ ਵਾਸੀ ਤਰਨਤਾਰਨ ਅਤੇ ਮਾਧਵ ਸ਼ਰਮਾ ਪੁੱਤਰ ਬ੍ਰਿਜ ਲਾਲ ਸ਼ਰਮਾ ਵਾਸੀ ਗੋਸਾਈਸਰ ਬੜਾ ਰਾਜਸਥਾਨ ਦੇ ਪਾਕਿਸਤਾਨੀ ਸਮੱਗਲਰਾਂ ਨਾਲ ਸਬੰਧ ਹਨ। ਇਸ ਦੇ ਨਾਲ ਹੀ ਇਹ ਆਪਸ 'ਚ ਮਿਲ ਕੇ ਪਾਕਿਸਤਾਨ ਤੋਂ ਹੈਰੋਇਨ ਅਤੇ ਅਸਲਾ ਮੰਗਵਾ ਕੇ ਅੱਗੇ ਸਪਲਾਈ ਕਰਨ ਅਤੇ ਹੈਰੋਇਨ ਦੀ ਕਮਾਈ ਦੇ ਪੈਸੇ ਹਵਾਲੇ ਰਾਹੀਂ ਪਾਕਿਸਤਾਨੀ ਸਮੱਗਲਰਾਂ ਨੂੰ ਭੇਜਦੇ ਹਨ।
ਭਾਰਤੀ ਫੌਜ ਦੇ ਗੁਪਤ ਦਸਤਾਵੇਜ਼
ਜ਼ਿਕਰਯੋਗ ਹੈ ਕਿ ਮੁਲਜ਼ਮ ਅੰਮ੍ਰਿਤਪਾਲ ਸਿੰਘ ਅਤੇ ਰਾਜਬੀਰ ਸਿੰਘ ਜੋ ਭਾਰਤੀ ਫੌਜ 'ਚ ਨੌਕਰੀ ਕਰਦੇ ਹਨ ਅਤੇ ਇਹ ਭਾਰਤੀ ਫੌਜ ਦੇ ਗੁਪਤ ਦਸਤਾਵੇਜ਼ ਅਤੇ ਹੋਰ ਜਾਣਕਾਰੀਆਂ ਵੀ ਪਾਕਿਸਤਾਨੀ ਖੂਫੀਆ ਏਜੰਸੀਆਂ ਨੂੰ ਭੇਜਦੇ ਹਨ, ਜਿਸ 'ਤੇ ਤੁਰੰਤ ਕਾਰਵਾਈ ਕਰਦਿਆਂ ਮੁੱਖ ਅਫਸਰ ਥਾਣਾ ਘਰਿੰਡਾ ਵੱਲੋਂ ਪਿੰਡ ਰਣੀਕੇ ਤੋਂ ਨਾਕਾਬੰਦੀ ਕਰਕੇ ਅੰਮ੍ਰਿਤਪਾਲ ਸਿੰਘ, ਮਨਦੀਪ ਸਿੰਘ ਅਤੇ ਮਾਧਵ ਸ਼ਰਮਾ ਨੂੰ ਇੱਕ ਵਰਨਾ ਗੱਡੀ ਸਮੇਤ ਕਾਬੂ ਕੀਤਾ ਗਿਆ। ਪੁਲਿਸ ਵਲੋਂ ਤਲਾਸ਼ੀ ਦੌਰਾਨ ਇਨ੍ਹਾਂ ਕੋਲੋਂ 500 ਗ੍ਰਾਮ ਹੈਰੋਇਨ, ਇੱਕ 30 ਬੋਰ ਪਿਸਤੌਲ ਸਮੇਤ ਮੈਗਜ਼ੀਨ, 10 ਲੱਖ ਰੁਪਏ ਡਰੱਗ ਮਨੀ ਅਤੇ ਇੱਕ ਨੋਟ ਗਿਣਨ ਵਾਲੀ ਮਸ਼ੀਨ ਬਰਾਮਦ ਕੀਤੀ ਗਈ। ਇਸ ਸਬੰਧ 'ਚ ਮੁਲਜ਼ਮਾਂ ਖਿਲਾਫ਼ ਥਾਣਾ ਘਰਿੰਡਾ ਵਿਖੇ ਮਾਮਲਾ ਦਰਜ ਕਰਕੇ ਤਫਤੀਸ਼ ਕੀਤੀ ਜਾ ਰਹੀ ਹੈ।