ਬਰਨਾਲਾ : ਬਰਨਾਲਾ ਦੀ ਸਰਕਾਰੀ ਹਸਪਤਾਲ ਆਮ ਲੋਕਾਂ ਨੂੰ ਸੁਵਿਧਾਵਾਂ ਦੇਣ ਦੀ ਥਾਂ ਦੁਬਿਧਾ ਕੇਂਦਰ ਬਣ ਗਿਆ ਹੈ। ਹਸਪਤਾਲ ਵਿੱਚ ਇਲਾਜ਼ ਕਰਵਾਉਣ ਆਉਂਦੇ ਮਰੀਜ਼ ਮਾੜੀਆਂ ਸਹੂਲਤਾਂ ਕਾਰਨ ਹੋਰ ਪ੍ਰੇਸ਼ਾਨ ਹੋ ਕੇ ਜਾ ਰਹੇ ਹਨ। ਸਭ ਤੋਂ ਮਾੜਾ ਹਾਲ ਹਸਪਤਾਲ ਵਿੱਚ ਪਰਚੀ ਕਾਊਂਟਰ ਦਾ ਹੈ। ਹਸਪਤਾਲ ਵਿੱਚ ਵਿੱਚ ਸਿਰਫ਼ ਇੱਕ ਪਰਚੀ ਕਾਊਂਟਰ ਹੈ। ਜਿਸ ਕਰਕੇ ਜਿਲ੍ਹੇ ਭਰ ਵਿੱਚੋਂ ਇਲਾਜ਼ ਲਈ ਆਉਂਦੇ ਲੋਕਾਂ ਦੀਆਂ ਹਸਪਤਾਲ ਵਿੱਚ ਪਰਚੀ ਲਈ ਲੰਮੀਆਂ ਲਾਈਨਾਂ ਲੱਗ ਰਹੀਆਂ ਹਨ। ਹੋਰ ਕਮਾਲ ਦੀ ਗੱਲ ਇਹ ਹੈ ਕਿ ਪਰਚੀ ਵਾਲੀ ਜਗ੍ਹਾ ਉਪਰ ਅੱਤ ਦੀ ਗਰਮੀ ਵਿੱਚ ਨਾ ਤਾਂ ਪੱਖੇ ਹਨ, ਨਾ ਹੀ ਬੈਠਣ ਲਈ ਕੋਈ ਅਤੇ ਨਾ ਹੀ ਪੀਣ ਵਾਲੇ ਪਾਣੀ ਦੀ ਕੋਈ ਸਹੂਲਤ ਹੈ। ਮਰੀਜ਼ਾਂ ਮਾੜੇ ਪ੍ਰਬੰਧਾਂ ਤੋਂ ਸਰਕਾਰ ਤੇ ਹਸਪਤਾਲ ਪ੍ਰਬੰਧਾਂ ਵਿਰੁੱਧ ਆਪਣਾ ਰੋਸ ਜ਼ਾਹਰ ਕਰ ਰਹੇ ਹਨ।
ਪਰਚੀ ਕਟਵਾਉਣ ਲਈ ਲੱਗਦਾ ਇੱਕ ਘੰਟਾ : ਇਸ ਮੌਕੇ ਇਲਾਜ਼ ਕਰਵਾਉਣ ਆਈ ਮਰੀਜ਼ ਸੰਦੀਪ ਕੌਰ ਨੇ ਦੱਸਿਆ ਕਿ ਉਹ ਦੋ ਸਾਲ ਬਾਅਦ ਸਰਕਾਰੀ ਹਸਪਤਾਲ ਵਿੱਚ ਆਈ ਹੈ। ਪਹਿਲਾਂ ਦੀ ਤਰ੍ਹਾਂ ਹਸਪਤਾਲ ਵਿੱਚ ਪਰਚੀ ਕੱਟਣ ਦੇ ਹਾਲਾਤ ਉਥੇ ਦੇ ਉਥੇ ਹੀ ਹਨ। ਭਾਵੇਂ ਖ਼ਬਰਾਂ ਵਿੱਚ ਹਸਪਤਾਲ ਵਿੱਚ ਸਹੂਲਤਾਂ ਵਧਣ ਦੇ ਦਾਅਵੇ ਕੀਤੇ ਜਾ ਰਹੇ ਹਨ। ਪਰ ਅਸਲੀਅਤ ਵਿੱਚ ਅਜਿਹਾ ਕੁੱਝ ਨਹੀਂ ਹੈ। ਉਹਨਾਂ ਕਿਹਾ ਕਿ ਪਰਚੀ ਕੱਟਣ ਲਈ ਸਿਰਫ਼ ਇੱਕ ਕਾਊਂਟਰ ਹੀ ਹੈ। ਇਸੇ ਕਾਊਂਟਰ ਤੋਂ ਬਜ਼ੁਰਗ, ਗਰਭਵਤੀ ਔਰਤਾਂ, ਸੀਨੀਅਰ ਸਿਟੀਜ਼ਨ ਅਤੇ ਮਰਦ ਆਪਣੀ ਪਰਚੀ ਕਟਵਾ ਰਹੇ ਹਨ। ਪਰਚੀ ਕਟਵਾਉਣ ਲਈ ਉਸਨੂੰ ਕਰੀਬ ਡੇਢ ਘੰਟਾ ਲੱਗਿਆ ਹੈ। ਜਦਕਿ ਡਾਕਟਰ ਤੋਂ ਚੈਕਅੱਪ ਲਈ ਸਿਰਫ਼ 5 ਤੋਂ 10 ਮਿੰਟ ਲੱਗੇ ਹਨ।
ਉਥੇ ਇੱਕ ਹੋਰ ਔਰਤ ਮਰੀਜ਼ ਮਨਪ੍ਰੀਤ ਕੌਰ ਨੇ ਕਿਹਾ ਕਿ ਉਸਨੂੰ ਡੇਢ ਘੰਟੇ ਤੋਂ ਉਪਰ ਪਰਚੀ ਕਟਵਾਉਣ ਲਈ ਲੱਗੇ ਹਨ । ਪਰਚੀ ਕਾਊਂਟਰ ਇੱਕ ਹੋਣ ਕਾਰਨ ਇੱਕੇ ਮਰੀਜ਼ਾਂ ਦੀਆਂ ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਹਨ। ਉਹਨਾਂ ਕਿਹਾ ਕਿ ਮੇਰਾ ਬੱਚਾ ਸਿਰਫ਼ 6 ਮਹੀਨੇ ਦਾ ਹੈ, ਜਿਸਨੂੰ ਉਹ ਗੱਡੀ ਵਿੱਚ ਬਿਠਾ ਕੇ ਪਰਚੀ ਵਾਲੀ ਲਾਈਨ ਵਿੱਚ ਲੱਗੀ ਹੋਈ ਹੈ।