ਪਟਿਆਲਾ: ਰਾਜਪੁਰਾ ਦੀ 'ਆਪ' ਵਿਧਾਇਕਾ ਨੀਨਾ ਮਿੱਤਲ ਵੱਲੋਂ ਵੋਟ ਪਾਉਣ ਸਬੰਧੀ ਬਣਾਈ ਗਈ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਕਰਨ ਦੇ ਮਾਮਲੇ ਨੂੰ ਲੈ ਕੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫਸਰ ਸ਼ੌਕਤ ਅਹਿਮਦ ਪਰੇ ਵੱਲੋਂ ਉਹਨਾਂ ਨੂੰ ਨੋਟਿਸ ਜਾਰੀ ਕੀਤਾ ਗਿਆ, ਸੰਪਰਕ ਕਰਨ 'ਤੇ ਡਿਪਟੀ ਕਮਿਸ਼ਨਰ ਨੇ ਨੋਟਿਸ ਸਬੰਧੀ ਪੁਸ਼ਟੀ ਕੀਤੀ ਹੈ। ਦੱਸ ਦਈਏ ਵਿਧਾਇਕਾ ਨੀਨਾ ਮਿੱਤਲ ਵੱਲੋਂ ਪੋਲਿੰਗ ਬੂਥ ਅੰਦਰ ਬਣਾਈ ਗਈ ਵੀਡੀਓ ਸੋਸ਼ਲ ਮੀਡੀਆ ਉੱਤੇ ਅਪਲੋਡ ਵੀ ਕੀਤੀ ਗਈ ਹੈ, ਜਿਸ ਕਾਰਣ ਮਾਮਲਾ ਸੁਰਖੀਆਂ ਵਿੱਚ ਆਇਆ ਹੈ।
ਚੋਣ ਅਧਿਕਾਰੀ ਸ਼ੌਕਤ ਅਹਿਮਦ ਪਰੇ ਵੱਲੋਂ ਨੋਟਿਸ ਜਾਰੀ: ਜੇਕਰ ਚੋਣ ਅਧਿਕਾਰੀਆਂ ਤੋਂ ਬਗੈਰ ਕੋਈ ਵੀ ਸ਼ਖ਼ਸ ਪੋਲਿੰਗ ਬੂਥ ਅੰਦਰ ਵੀਡੀਓ ਗ੍ਰਾਫੀ ਕਰਦਾ ਹੈ ਤਾਂ ਉਹ ਗੈਰ ਕਾਨੂੰਨੀ ਮੰਨਿਆ ਜਾਵੇਗਾ ਅਤੇ ਚੋਣ ਕਮਿਸ਼ਨ ਤੈਅ ਮਾਪਦੰਡਾਂ ਦੇ ਨਾਲ-ਨਾਲ ਕਾਨੂੰਨ ਮੁਤਾਬਿਕ ਮੁਲਜ਼ਮ ਉੱਤੇ ਕਾਰਵਾਈ ਕਰ ਸਕਦਾ ਹੈ। ਹੁਣ ਇਸ ਮਾਮਲੇ ਵਿੱਚ ਵਿਧਾਇਕਾ ਨੀਨਾ ਮਿੱਤਲ ਦੀਆਂ ਮੁਸ਼ਕਿਲਾਂ ਵੀ ਇਸ ਲਈ ਹੀ ਵਧਦੀਆਂ ਨਜ਼ਰ ਆ ਰਹੀਆਂ ਹਨ ਕਿਉਂਕਿ ਉਨ੍ਹਾਂ ਨੇ ਪਹਿਲਾਂ ਪੋਲਿੰਗ ਬੂਥ ਵੋਟ ਅੰਦਰ ਵੋਟ ਕਰਨ ਸਮੇਂ ਮੋਬਾਇਲ ਦੀ ਵਰਤੋਂ ਕਰਦਿਆਂ ਵੀਡੀਓ ਬਣਾਈ ਅਤੇ ਬਾਅਦ ਵਿੱਚ ਉਸ ਨੂੰ ਸੋਸ਼ਲ ਮੀਡੀਆ ਉੱਤੇ ਪੋਸਟ ਵੀ ਕੀਤਾ। ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਜ਼ਿਲ੍ਹਾ ਮੁਖ ਚੋਣ ਅਧਿਕਾਰੀਸ਼ੌਕਤ ਅਹਿਮਦ ਪਰੇ ਵੱਲੋਂ ਉਹਨਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ।