ਗੁਰਦਾਸਪੁਰ: 1947 ਵਿੱਚ ਭਾਰਤ-ਪਾਕਿਸਤਾਨ ਦੀ ਵੰਡ ਵੇਲ੍ਹੇ ਕਈ ਪਰਿਵਾਰ ਉਜੜ ਗਏ। ਸਿਰਫ਼ ਪਰਿਵਾਰ ਹੀ ਨਹੀਂ ਸਰਹੱਦ ਨਾਲ ਲੱਗਦੇ ਕਈ ਪਿੰਡਾਂ ਦੇ ਪਿੰਡ ਭਾਰਤ ਤੋਂ ਪਾਕਿਸਤਾਨ ਜਾ ਵਸੇ। ਉਨ੍ਹਾਂ ਲੋਕਾਂ ਦਾ ਜੰਮ-ਪਲ ਤਾਂ ਇੱਥੋ ਦਾ ਸੀ, ਕਈਆਂ ਦਾ ਬਚਪਨ ਵੀ ਇਨ੍ਹਾਂ ਗਲੀਆਂ ਵਿੱਚ ਬੀਤਿਆ, ਪਰ ਜਵਾਨੀ ਤੇ ਬੁਢਾਪਾ ਉੱਥੇ ਆਇਆ। ਸਮਾਂ ਚਾਹੇ ਬੀਤਦਾ ਗਿਆ, ਪਰ 'ਮੋਹ ਦੀਆਂ ਤੰਦਾਂ' ਅਜਿਹੀਆਂ ਕਿ ਅੱਜ ਵੀ ਉਹ ਲੋਕ ਇੱਧਰ ਆਉਣ ਲਈ ਤੜਫ ਰਹੇ ਹਨ। ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਜਦੋਂ ਤੋਂ ਭਾਰਤ ਵਾਸੀਆਂ ਲਈ ਰਾਹ ਖੁੱਲ੍ਹਾ ਹੈ, ਉਦੋਂ ਤੋਂ ਵੰਡ ਵੇਲ੍ਹੇ ਇੱਧਰੋ, ਪਾਕਿਸਤਾਨ ਗਏ ਕਈ ਅਜਿਹੇ ਪਰਿਵਾਰਾਂ ਤੇ ਲੋਕਾਂ ਨੂੰ ਮੌਕਾ ਮਿਲਿਆ, ਜਿਨ੍ਹਾਂ ਨੇ ਲੰਮੇ ਅਰਸੇ ਬਾਅਦ ਆਪਣੇ ਜੱਦੀ ਪਿੰਡਾਂ ਦੇ ਦਰਸ਼ਨ ਸਰਹੱਦ ਪਾਰ ਪਾਕਿਸਤਾਨ ਤੋਂ ਭਾਰਤ (ਪੰਜਾਬ) ਆ ਕੇ ਕੀਤੇ। ਉਨ੍ਹਾਂ ਦੀ ਉਸ ਮੌਕੇ ਦੀ ਖੁਸ਼ੀ, ਉਨ੍ਹਾਂ ਖਿੜੇ ਚਿਹਰੇ ਤੋਂ ਹੀ ਪੜ੍ਹੀ ਜਾ ਸਕਦੀ ਹੈ।
ਮਿਲਾਉਂਦੇ ਹਾਂ ਅਜਿਹੇ ਇੱਕ ਬਜ਼ੁਰਗ ਨਾਲ ਜੋ ਕਰੀਬ 77 ਸਾਲ ਬਾਅਦ ਆਪਣੇ ਜੱਦੀ ਪਿੰਡ ਪਹੁੰਚਿਆ...
ਗੁਰਦਾਸਪੁਰ ਦੇ ਪਿੰਡ ਮਚਰਾਏ ਵਿੱਚ ਜਸ਼ਨ ਦਾ ਮਾਹੌਲ ਹੈ ਅਤੇ ਅਜਿਹਾ ਇਸ ਲਈ ਹੈ, ਕਿਉਂਕਿ ਪਾਕਿਸਤਾਨ ਤੋਂ ਇੱਕ ਬਜ਼ੁਰਗ ਖੁਰਸ਼ੀਦ ਅਹਿਮਦ ਅੱਜ ਪਾਕਿਸਤਾਨ ਤੋਂ ਭਾਰਤ ਆਏ ਹਨ, ਉਹ ਵੀ ਆਪਣਾ ਜੱਦੀ ਪਿੰਡ ਦੇਖਣ। ਖਾਸ ਗੱਲ ਇਹ ਹੈ ਕਿ ਖੁਰਸ਼ੀਦ ਦੀ ਉਮਰ 90 ਸਾਲ ਤੋਂ ਉੱਪਰ ਹੈ ਅਤੇ ਜਦੋਂ ਦੇਸ਼ ਨੂੰ ਆਜ਼ਾਦੀ ਮਿਲੀ ਸੀ, ਤਾਂ ਉਸ ਸਮੇਂ ਉਨ੍ਹਾਂ ਦਾ ਬਚਪਨ ਵੇਲ੍ਹਾ ਸੀ ਅਤੇ ਪੰਜਾਬ ਦੇ ਇਸ ਪਿੰਡ (ਮਚਰਾਏ) ਵਿੱਚ ਹੀ ਆਪਣੀ ਹਵੇਲੀ ਵਿੱਚ ਰਹਿੰਦੇ ਸੀ, ਜਿੱਥੇ ਉਨ੍ਹਾਂ ਦਾ ਬਚਪਨ ਬੀਤਿਆ ਸੀ।
ਭਾਰਤ ਅਤੇ ਪਾਕਿਸਤਾਨ ਦੀ ਵੰਡ ਸਮੇਂ ਇਸ ਪਿੰਡ ਦੇ ਸਾਰੇ ਮੁਸਲਿਮ ਭਾਈਚਾਰੇ ਦੇ ਲੋਕ ਪਾਕਿਸਤਾਨ ਵਿੱਚ ਜਾ ਕੇ ਵਸ ਗਏ ਸਨ ਅਤੇ ਖੁਰਸ਼ੀਦ ਨੇ ਦੱਸਿਆ ਕਿ ਪਾਕਿਸਤਾਨ ਵਿਚ ਰਹਿੰਦੇ ਹੋਏ ਵੀ ਉਨ੍ਹਾਂ ਦੇ ਮਨ ਵਿੱਚ ਇਹ ਇੱਛਾ ਸੀ ਕਿ ਉਹ ਕਦੋਂ ਉਸ ਪਿੰਡ ਵਿਚ ਜਾਣਗੇ, ਜਿੱਥੋ ਦਾ ਉਨ੍ਹਾਂ ਦਾ ਜੰਮਪਲ ਹੈ, ਜਿੱਥੇ ਉਨ੍ਹਾਂ ਦਾ ਜਨਮ ਹੋਇਆ ਅਤੇ ਬਚਪਨ ਬੀਤਿਆ।
ਅੱਜ ਜਦੋਂ ਉਹ ਇੱਥੇ ਆਪਣੇ ਪਿੰਡ ਪਹੁੰਚੇ ਤਾਂ, ਉਨ੍ਹਾਂ ਕਿਹਾ ਕਿ, ਮੈਨੂੰ ਲੱਗਦਾ ਹੈ ਕਿ ਮੇਰਾ ਅੱਜ ਹੱਜ ਹੋ ਗਿਆ ਅਤੇ ਮੈਨੂੰ ਪਿੰਡ ਵਾਸੀਆਂ ਵੱਲੋਂ ਬਹੁਤ ਪਿਆਰ ਮਿਲ ਰਿਹਾ ਹੈ। ਭਾਵੇਂ ਪਿੰਡ ਵਿੱਚ ਨਵੇਂ ਘਰ ਬਣ ਚੁੱਕੇ ਹਨ, ਲੋਕ ਅਜੇ ਵੀ ਆਪਣੇ ਪੁਰਾਣੇ ਲੋਕਾਂ ਵਰਗੇ ਹਨ।
ਕੁਝ ਸਾਲ ਪਹਿਲਾਂ ਖੁਰਸ਼ੀਦ ਨਾਲ ਨਨਕਾਣਾ ਸਾਹਿਬ ਵਿਖੇ ਹੋਈ ਸੀ ਮੁਲਾਕਾਤ
ਦੂਜੇ ਪਾਸੇ, ਪਿਛਲੇ ਕੁਝ ਸਾਲਾਂ ਤੋਂ ਕੈਨੇਡਾ ਰਹਿ ਰਹੇ ਇਸ ਪਿੰਡ ਦੇ ਵਸਨੀਕ ਗੁਰਪ੍ਰੀਤ ਸਿੰਘ (ਜੋ ਇਸ ਸਮੇਂ ਪੰਜਾਬ ਆਏ ਹੋਏ ਹਨ) ਨੇ ਦੱਸਿਆ ਕਿ ਖੁਰਸ਼ੀਦ ਕੁਝ ਸਾਲ ਪਹਿਲਾਂ ਪਾਕਿਸਤਾਨ ਦੇ ਗੁਰਦੁਆਰਾ ਨਨਕਾਣਾ ਸਾਹਿਬ ਵਿਖੇ ਉਨ੍ਹਾਂ ਦੇ ਭਰਾ ਨੂੰ ਮਿਲੇ ਸੀ, ਜੋ ਪਿੰਡ ਦੇ ਨੰਬਰਦਾਰ ਹਨ ਅਤੇ ਉਨ੍ਹਾਂ ਨੇ ਇੱਥੇ ਭਾਰਤ ਆਉਣ ਦੀ ਇੱਛਾ ਪ੍ਰਗਟਾਈ ਸੀ। ਫਿਰ ਇੱਥੋ ਭਰਾ ਵਲੋਂ ਪਾਕਿਸਤਾਨ ਵਿੱਚ ਰਹਿ ਰਹੇ ਖੁਰਸ਼ੀਦ ਤੇ ਉਨ੍ਹਾਂ ਦੇ ਪਰਿਵਾਰ ਨਾਲ ਸੰਪਰਕ ਬਣਾ ਕੇ ਰੱਖਿਆ ਅਤੇ ਹੁਣ ਆਖਿਰ ਉਨ੍ਹਾਂ ਨੂੰ ਵੀਜ਼ਾ ਮਿਲਿਆ ਅਤੇ ਉਹ ਇੱਥੇ ਆਪਣੇ ਜੱਦੀ ਪਿੰਡ ਆਏ ਹਨ। ਉਨ੍ਹਾਂ ਨੇ ਦੱਸਿਆ ਕਿ ਖੁਰਸ਼ੀਦ ਨੂੰ 45 ਕੁ ਦਿਨਾਂ ਦਾ ਵੀਜ਼ਾ ਮਿਲਿਆ ਹੈ, ਪਰ ਸ਼ਾਇਦ ਉਹ ਜਲਦੀ ਵਾਪਿਸ ਪਾਕਿਸਤਾਨ ਮੁੜ ਜਾਣਗੇ।