ਬੱਸ ਅਤੇ ਟਰੱਕ ਦੀ ਭਿਆਨਕ ਟੱਕਰ (ETV BHARAT) ਬਰਨਾਲਾ: ਬਰਨਾਲਾ ਵਿਖੇ ਬੱਸ ਅਤੇ ਟਰੱਕ ਦੀ ਭਿਆਨਕ ਟੱਕਰ ਹੋ ਗਈ , ਪਰ ਵੱਡਾ ਹਾਦਸਾ ਹੋਣ ਤੋਂ ਬਚਾਅ ਰਹਿ ਗਿਆ। ਸ੍ਰੀ ਮੁਕਤਸਰ ਸਾਹਿਬ ਡਿਪੂ ਦੀ ਪਨ ਬੱਸ ਸਵਾਰੀਆਂ ਨਾਲ ਭਰੀ ਹੋਈ ਸੀ ਜੋ ਸਾਹਮਣੇ ਤੋਂ ਆ ਰਹੇ ਟਰੱਕ ਨਾਲ ਟਕਰਾ ਗਈ ਅਤੇ ਦੋਵੇਂ ਵ੍ਹੀਕਲ ਬੁਰੀ ਤਰ੍ਹਾਂ ਨੁਕਸਾਨੇ ਗਏ। ਜਦਕਿ ਬੱਸ ਵਿਚਲੀਆਂ ਕੁਝ ਸਵਾਰੀਆਂ ਜ਼ਖ਼ਮੀ ਹੋ ਗਈਆਂ। ਇਹ ਹਾਦਸਾ ਸ਼ਾਮ ਸਮੇਂ ਬਰਨਾਲਾ ਦੇ ਹੰਡਿਆਇਆ ਚੌਕ ਵਿੱਚ ਵਾਪਰਿਆ। ਬੱਸ ਪਟਿਆਲਾ ਤੋਂ ਬਠਿੰਡਾ ਜਾ ਰਹੀ ਸੀ ਅਤੇ ਟਰੱਕ ਮਾਨਸਾ ਤੋਂ ਬਰਨਾਲਾ ਵੱਲ ਆ ਰਿਹਾ ਸੀ ਅਤੇ ਹੰਡਿਆਇਆ ਚੌਕ ਕੋਲ ਦੋਵਾਂ ਦੀ ਟੱਕਰ ਹੋ ਗਈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਹਾਦਸੇ 'ਚ ਸਵਾਰੀਆਂ ਜ਼ਖ਼ਮੀ: ਇਸ ਹਾਦਸੇ ਵਿੱਚ ਜ਼ਖ਼ਮੀ ਹੋਏ ਸਤਨਾਮ ਸਿੰਘ ਨੇ ਦੱਸਿਆ ਕਿ ਉਹ ਪਟਿਆਲਾ ਤੋਂ ਬਠਿੰਡਾ ਦੀ ਬੱਸ ਵਿੱਚ ਸਵਾਰ ਹੋ ਕੇ ਤਪਾ ਮੰਡੀ ਜਾ ਰਿਹਾ ਸੀ। ਹੰਡਿਆਇਆ ਕੋਲ ਪਹੁੰਚਣ ਤੋਂ ਬਾਅਦ ਬੱਸ ਦਾ ਟਰੱਕ ਨਾਲ ਹਾਦਸਾ ਹੋ ਗਿਆ। ਇਹ ਹਾਦਸਾ ਅਚਾਨਕ ਵਾਪਰਿਆ ਜਿਸ ਕਾਰਨ ਉਨ੍ਹਾਂ ਨੂੰ ਕੁਝ ਪਤਾ ਨਹੀਂ ਲੱਗਾ। ਉਹ ਬੱਸ ਦੇ ਪਿਛਲੇ ਪਾਸੇ ਬੈਠਾ ਸੀ ਅਤੇ ਉਸ ਦੇ ਨੱਕ 'ਤੇ ਸੱਟ ਲੱਗੀ, ਜਿਸ ਕਾਰਨ ਕਾਫੀ ਖੂਨ ਵਹਿ ਗਿਆ ਅਤੇ ਉਹ ਬੇਹੋਸ਼ ਹੋ ਗਿਆ। ਉਨ੍ਹਾਂ ਕਿਹਾ ਕਿ ਹੋਰ ਯਾਤਰੀਆਂ ਨੂੰ ਵੀ ਸੱਟਾਂ ਲੱਗੀਆਂ ਹਨ ਅਤੇ ਉਨ੍ਹਾਂ ਨੂੰ ਹੋਰ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ।
ਬੱਸ ਚਾਲਕ ਨੇ ਟਰੱਕ ਵਾਲੇ ਨੂੰ ਦੋਸਿਆ ਦੋਸ਼ੀ: ਇਸ ਮੌਕੇ ਬੱਸ ਚਾਲਕ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਬੱਸ ਪਟਿਆਲਾ ਤੋਂ ਅਬੋਹਰ ਜਾ ਰਹੀ ਸੀ। ਜਦੋਂ ਬੱਸ ਹੰਡਿਆਇਆ ਚੌਕ ਕੋਲ ਪੁੱਜੀ ਤਾਂ ਮਾਨਸਾ ਵਾਲੇ ਪਾਸੇ ਤੋਂ ਆ ਰਹੇ ਟਰੱਕ ਨੇ ਟੱਕਰ ਮਾਰ ਦਿੱਤੀ। ਉਨ੍ਹਾਂ ਦੱਸਿਆ ਕਿ ਬੱਸ ਵਿੱਚ ਕਰੀਬ 35 ਲੋਕ ਸਵਾਰ ਸਨ। ਜਿਨ੍ਹਾਂ 'ਚੋਂ ਦੋ-ਤਿੰਨ ਲੋਕ ਜ਼ਖਮੀ ਹੋ ਗਏ ਹਨ। ਕੋਈ ਵੀ ਗੰਭੀਰ ਜ਼ਖਮੀ ਨਹੀਂ ਹੈ।
ਟਰੱਕ ਚਾਲਕ ਨੇ ਬੱਸ ਦਾ ਕੱਢਿਆ ਕਸੂਰ: ਟਰੱਕ ਡਰਾਈਵਰ ਬੂਟਾ ਸਿੰਘ ਨੇ ਦੱਸਿਆ ਕਿ ਉਹ ਮਾਨਸਾ ਤੋਂ ਗੱਡੀ ਵਿੱਚ ਯੂਰੀਆ ਭਰ ਕੇ ਬਰਨਾਲਾ ਜਾ ਰਿਹਾ ਸੀ। ਜਦੋਂ ਉਹ ਹੰਡਿਆਇਆ ਚੌਕ ਕੋਲ ਪਹੁੰਚਿਆ ਤਾਂ ਪਟਿਆਲਾ ਸਾਈਡ ਤੋਂ ਆ ਰਹੀ ਤੇਜ਼ ਰਫ਼ਤਾਰ ਬੱਸ ਨੇ ਟਰੱਕ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਟਰੱਕ ਪੂਰੀ ਤਰ੍ਹਾਂ ਨੁਕਸਾਨਿਆ ਗਿਆ। ਉਨ੍ਹਾਂ ਕਿਹਾ ਕਿ ਇਸ ਹਾਦਸੇ ਵਿੱਚ ਬੱਸ ਡਰਾਈਵਰ ਦੀ ਗਲਤੀ ਹੈ। ਪੁਲਿਸ ਨੂੰ ਜਾਂਚ ਕਰਨੀ ਚਾਹੀਦੀ ਹੈ ਅਤੇ ਉਸ ਅਨੁਸਾਰ ਕਾਰਵਾਈ ਕਰਨੀ ਚਾਹੀਦੀ ਹੈ।
ਪੁਲਿਸ ਵਲੋਂ ਜਾਂਚ ਕੀਤੀ ਗਈ ਸ਼ੁਰੂ: ਇਸ ਮੌਕੇ ਤਫਤੀਸ਼ੀ ਪੁਲਿਸ ਅਧਿਕਾਰੀ ਸਰਬਜੀਤ ਸਿੰਘ ਨੇ ਦੱਸਿਆ ਕਿ ਪਟਿਆਲਾ ਤੋਂ ਆ ਰਹੀ ਸਰਕਾਰੀ ਪਨਬੱਸ ਅਤੇ ਮਾਨਸਾ ਵੱਲੋਂ ਆ ਰਹੇ ਟਰੱਕ ਦੀ ਆਪਸ 'ਚ ਟੱਕਰ ਹੋ ਗਈ। ਹਾਦਸੇ ਵਿੱਚ ਜ਼ਖ਼ਮੀ ਹੋਈਆਂ ਸਵਾਰੀਆਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਹਾਦਸੇ ਪਿਛੇ ਗਲਤੀ ਕਿਸਦੀ ਹੈ, ਇਹ ਤਾਂ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ।