ਅੰਮ੍ਰਿਤਸਰ : ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਦੀ ਭੰਨਤੋੜ ਕਰਨ ਵਾਲੇ ਆਕਾਸ਼ ਸਿੰਘ ਦਾ ਪਰਿਵਾਰ ਮੀਡੀਆ ਸਾਹਮਣੇ ਆਇਆ। ਇਸ ਦੌਰਾਨ ਅਕਾਸ਼ ਦੀ ਮਾਤਾ ਨੇ ਰੋਂਦੇ ਹੋਏ ਮੀਡੀਆ ਨਾਲ ਗੱਲਬਾਤ ਕੀਤੀ। ਮੁਲਜ਼ਮ ਅਕਾਸ਼ ਦੀ ਮਾਂ ਨੇ ਰੋਂਦੇ ਹੋਏ ਮੀਡੀਆ ਨੂੰ ਕਿਹਾ ਉਸ ਦੇ ਬੇਟੇ ਨੇ ਜਾ ਕੀਤਾ ਉਹ ਬਿਲਕੁਲ ਗਲਤ ਕੀਤਾ ਹੈ, ਜਿਸ ਦੀ ਸਜ਼ਾ ਵੀ ਉਸ ਨੂੰ ਜ਼ਰੂਰ ਮਿਲਣੀ ਚਾਹੀਦੀ ਹੈ।
'ਅਕਾਸ਼ 3 ਸਾਲਾਂ ਤੋਂ ਘਰ ਨਹੀਂ ਆਇਆ'
ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਅਕਾਸ਼ ਦੀ ਮਾਤਾ ਨੇ ਕਿਹਾ ਕਿ ਉਹ ਚਾਰ ਸਾਲ ਤੋਂ ਅਸੀਂ ਇੱਥੇ ਕਿਰਾਏ ਉੱਤੇ ਰਹਿੰਦੇ ਹਨ। ਉਸ ਨੇ ਕਿਹਾ ਕਿ ਮੇਰੇ ਲੜਕੇ ਦਾ ਨਾਮ ਅਕਾਸ਼ਦੀਪ ਹੈ, ਜਿਸ ਦੀ ਉਮਰ 24 ਸਾਲ ਹੈ, ਜੋ ਕੁਆਰਾ ਹੀ ਹੈ। ਉਸ ਨੇ ਕਿਹਾ ਕਿ ਸਾਨੂੰ ਤਾਂ ਕਿਸੇ ਗੱਲ ਦਾ ਪਤਾ ਹੀ ਨਹੀਂ ਕਿਉਂਕ ਉਹ 3 ਤਿੰਨ ਸਾਲ ਤੋਂ ਸਾਡੇ ਵਿੱਚੋਂ ਕਿਸੇ ਨਾਲ ਵੀ ਗੱਲਬਾਤ ਨਹੀਂ ਕਰਦਾ। ਉਹ ਪਹਿਲਾਂ ਦੁਬਈ ਵਿੱਚ ਰਹਿੰਦਾ ਸੀ, ਜਿਸ ਨੂੰ ਵਾਪਿਸ ਆਏ ਨੂੰ ਦੋ ਢਾਈ ਮਹੀਨੇ ਹੀ ਹੋਏ ਹਨ। ਇਸ ਦੌਰਾਨ ਉਸ ਦੀ ਮਾਤਾ ਨੇ ਅੱਗੇ ਕਿਹਾ ਦੁਬਈ ਤੋਂ ਵਾਪਿਸ ਆਉਣ ਤੋਂ ਬਾਅਦ ਵੀ ਉਹ ਸਾਡੇ ਕੋਲ ਘਰ ਨਹੀਂ ਆਇਆ ਨਾ ਹੀ ਉਸ ਨੇ ਸਾਨੂੰ ਕਦੇ ਕੋਈ ਫੋਨ ਕੀਤਾ।
'ਇੰਨੀ ਵੱਡੀ ਗਲਤੀ ਦੀ ਜੋ ਵੀ ਸਜ਼ਾ ਬਣਦੀ ਹੈ ਦੇ ਦਿਓ'
ਦੁਬਈ ਤੋਂ ਆਉਣ ਤੋਂ ਬਾਅਦ ਅਕਾਸ਼ ਅੰਮ੍ਰਿਤਸਰ ਵਿੱਚ ਰਹਿ ਰਿਹਾ ਸੀ ਅਤੇ ਵਿਹਲਾ ਹੀ ਰਹਿੰਦਾ ਸੀ। ਇਸ ਤੋਂ ਉਸ ਦੀ ਮਾਤਾ ਨੇ ਦੱਸਿਆ ਕਿ ਮੈਂ ਤਾਂ ਬਾਹਰੋਂ ਕੰਮ ਕਰ ਕੇ ਵਾਪਿਸ ਆਪਣੇ ਘਰ ਆਈ ਸੀ ਮੈਨੂੰ ਕੁੜੀਆਂ ਨੇ ਦੱਸਿਆ ਕਿ ਅਕਾਸ਼ ਨੇ ਇਸ ਤਰ੍ਹਾਂ ਕਰ ਦਿੱਤਾ। ਅਕਾਸ਼ਦੀਪ ਦੁਬਾਈ ਤੋਂ ਜਦੋਂ ਆਇਆ ਉਸ ਦਾ ਪਤਾ ਵੀ ਸਾਨੂੰ ਲੋਕਾਂ ਤੋਂ ਹੀ ਲੱਗਿਆ ਸੀ ਕਿ ਅਕਾਸ਼ਦੀਪ ਵਾਪਿਸ ਆ ਗਿਆ ਹੈ। ਉਹ ਕਦੇ-ਕਦੇ ਆਪਣੀ ਨਾਨਕੇ ਘਰ ਆਪਣੀ ਨਾਨੀ ਕੋਲ ਚਲਿਆ ਜਾਂਦਾ ਸੀ ਪਰ ਉਸ ਦੀ ਨਾਨੀ ਨੇ ਵੀ ਉਸ ਨੂੰ ਕਹਿ ਦਿੱਤਾ ਸੀ ਕਿ ਜਦੋਂ ਤੂੰ ਆਪਣੇ ਘਰ ਨਹੀਂ ਜਾਂਦਾ ਤਾਂ ਇੱਥੇ ਆਉਣ ਦਾ ਵੀ ਕੋਈ ਮਤਲਬ ਨਹੀਂ। ਇਸ ਤੋਂ ਅੱਗੇ ਅਕਾਸ਼ ਦੀ ਮਾਂ ਨੇ ਕਿਹਾ ਕਿ ਉਹ ਤਾਂ ਇੱਥੋਂ ਤੱਕ ਕਹਿ ਚੁੱਕਿਆ ਸੀ ਕਿ ਜੇਕਰ ਪੂਰਾ ਪਰਿਵਾਰ ਮਰ ਵੀ ਜਾਂਦਾ ਹੈ ਤਾਂ ਵੀ ਮੈਂ ਅੱਗ ਦੇਣ ਲਈ ਘਰ ਨਹੀਂ ਆਵਾਂਗਾ। ਉਸ ਨੇ ਕਿਹਾ ਕਿ ਸਾਨੂੰ ਬਿਲਕੁਲ ਨਹੀਂ ਪਤਾ ਕਿ ਉਸ ਦੀ ਸਾਡੇ ਨਾਲ ਅਜਿਹੀ ਕੀ ਨਰਾਜ਼ਗੀ ਹੈ ਕਿ ਉਹ ਇੰਨੇ ਸਮੇਂ ਤੋਂ ਸਾਨੂੰ ਇੱਕ ਵਾਰ ਵੀ ਮਿਲਣ ਨਹੀਂ ਆਇਆ। ਉਸ ਦੀ ਮਾਂ ਨੇ ਕਿਹਾ ਕਿ ਅਕਾਸ਼ ਨੇ ਜੋ ਇੰਨੀ ਵੱਡੀ ਗਲਤੀ ਕੀਤੀ ਹੈ ਉਸ ਦੀ ਸਜ਼ਾ ਦਿੱਤੀ ਜਾਵੇ।
ਸ੍ਰੀ ਅੰਮ੍ਰਿਤਸਰ ਸਾਹਿਬ ਦੀ ਹੈਰੀਟੇਜ ਸਟ੍ਰੀਟ ਵਿਖੇ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦੀ ਮੂਰਤੀ ਨੂੰ ਤੋੜਨ ਦੀ ਘਟਨਾ ਬੇਹੱਦ ਨਿੰਦਣਯੋਗ ਹੈ ਤੇ ਕਿਸੇ ਨੂੰ ਵੀ ਇਸ ਘਟਨਾ ਲਈ ਬਖ਼ਸ਼ਿਆ ਨਹੀਂ ਜਾਵੇਗਾ। ਘਟਨਾ ਨੂੰ ਅੰਜਾਮ ਦੇਣ ਵਾਲਾ ਭਾਵੇਂ ਕੋਈ ਵੀ ਹੋਵੇ, ਉਸਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲੇਗੀ। ਪੰਜਾਬ ਦੀ ਭਾਈਚਾਰਕ ਸਾਂਝ ਤੋੜਣ ਦੀ ਕਿਸੇ ਨੂੰ…
— Bhagwant Mann (@BhagwantMann) January 27, 2025
ਮੁੱਖ ਮੰਤਰੀ ਮਾਨ ਨੇ ਕੀਤਾ ਐਲਾਨ
ਅੰਮ੍ਰਿਤਸਰ ਦੀ ਹੈਰੀਟੇਜ ਸਟ੍ਰੀਟ ਵਿਖੇ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੀ ਮੂਰਤੀ ਨੂੰ ਤੋੜਨ ਦੀ ਘਟਨਾ 'ਤੇ ਮੁੱਖ ਮੰਤਰੀ ਮਾਨ ਨੇ ਸਖ਼ਤ ਐਕਸ਼ਨ ਲੈਣ ਦੀ ਗੱਲ ਕਹੀ ਹੈ। ਸੋਸ਼ਲ ਮੀਡੀਆ ਐਕਸ (ਟਵੀਟ) ਉੱਤੇ ਮੁੱਖ ਮੰਤਰੀ ਮਾਨ ਨੇ ਲਿਖਿਆ "ਇਹ ਘਟਨਾ ਬੇਹੱਦ ਨਿੰਦਣਯੋਗ ਹੈ ਅਤੇ ਕਿਸੇ ਨੂੰ ਵੀ ਇਸ ਘਟਨਾ ਲਈ ਬਖ਼ਸ਼ਿਆ ਨਹੀਂ ਜਾਵੇਗਾ। ਘਟਨਾ ਨੂੰ ਅੰਜਾਮ ਦੇਣ ਵਾਲਾ ਭਾਵੇਂ ਕੋਈ ਵੀ ਹੋਵੇ, ਉਸ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲੇਗੀ। ਪੰਜਾਬ ਦੀ ਭਾਈਚਾਰਕ ਸਾਂਝ ਤੋੜਨ ਦੀ ਕਿਸੇ ਨੂੰ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਪ੍ਰਸ਼ਾਸਨ ਨੂੰ ਇਸ ਦੀ ਜਾਂਚ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਜਾਰੀ ਕਰ ਦਿੱਤੇ ਹਨ।"
ਇਹ ਸੀ ਪੂਰਾ ਮਾਮਲਾ
ਦਰਅਸਲ ਇੱਕ ਸ਼ਖ਼ਸ ਪੌੜੀ ਲਗਾ ਮੂਰਤੀ ਉੱਪਰ ਚੜ੍ਹ ਗਿਆ ਅਤੇ ਫਿਰ ਹਥੌੜੇ ਨਾਲ ਮੂਰਤੀ ਨੂੰ ਤੋੜਣ ਲੱਗਾ, ਤਾਂ ਲੋਕਾਂ ਨੇ ਉਸ ਨੂੰ ਫੜ੍ਹ ਲਿਆ। ਹਾਲਾਂਕਿ ਸ਼ਰਾਰਤੀ ਅਨਸਰ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਇਸ ਘਟਨਾ ਤੋਂ ਬਾਅਦ ਦਲਿਤ ਭਾਈਚਾਰੇ ਵੱਲੋਂ ਰੋਸ ਜਤਾਇਆ ਜਾ ਰਿਹਾ। ਜਾਣਕਾਰੀ ਮੁਤਾਬਿਕ ਮੂਰਤੀ ਤੋੜਨ ਵਾਲਾ ਨੌਜਵਾਨ ਮੋਗਾ ਦੇ ਧਰਮਕੋਟ ਦਾ ਰਹਿਣ ਵਾਲਾ ਹੈ। ਜਿਸ ਨੂੰ ਪੁਲਿਸ ਨੇ ਕਾਬੂ ਕਰਕੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਇਹ ਸਾਫ ਨਹੀਂ ਹੋ ਸਕਿਆ ਕਿ ਇਸ ਨੇ ਇੰਨੀ ਵੱਡੀ ਘਟਨਾ ਨੂੰ ਅੰਜਾਮ ਕਿਉਂ ਦਿੱਤਾ ਹੈ। ਪੁਲਿਸ ਵੱਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਇਕ ਆਖ਼ਿਰ ਇਸ ਨੌਜਵਾਨ ਨੇ ਘਟਨਾ ਨੂੰ ਅੰਜਾਮ ਕਿਉਂ ਦਿੱਤਾ ਅਤੇ ਇਸ ਦੇ ਪਿੱਛੇ ਹੋਰ ਕੌਣ ਲੋਕ ਸ਼ਾਮਿਲ ਹਨ।