ਬਠਿੰਡਾ: ਪੰਜਾਬ ਦੇ ਹੋਰਨਾਂ ਲੱਖਾਂ ਨੌਜਵਾਨਾਂ ਦੀ ਤਰ੍ਹਾਂ ਆਪਣੇ ਚੰਗੇ ਭਵਿੱਖ ਲਈ ਆਪਣੀ ਪਤਨੀ ਨਾਲ UK ਗਏ ਜ਼ਿਲ੍ਹਾ ਬਠਿੰਡਾ ਦੇ ਪਿੰਡ ਸਦੋਹਾ ਦੇ ਨੌਜਵਾਨ ਦੀ UK ਭੇਦ ਭਰੀ ਹਾਲਤ ਵਿੱਚ ਮੌਤ ਹੋ ਗਈ। ਬੇਸ਼ੱਕ UK ਤੋਂ ਆਈ ਜਾਣਕਾਰੀ ਅਨੁਸਾਰ ਨੌਜਵਾਨ ਨੇ ਖੁਦਕੁਸ਼ੀ ਕੀਤੀ ਹੈ ਪਰ ਪਰਿਵਾਰਿਕ ਮੈਂਬਰ ਉਸ ਨੂੰ ਖੁਦਕੁਸ਼ੀ ਦੀ ਜਗ੍ਹਾ ਕਤਲ ਦੱਸ ਰਹੇ ਹਨ। ਜਿਸ ਦਾ ਜ਼ਿੰਮੇਵਾਰ ਉਸ ਦੀ ਪਤਨੀ ਅਤੇ ਉਸ ਦਾ ਸਹੁਰਾ ਪਰਿਵਾਰ ਦੱਸਿਆ ਜਾ ਰਿਹਾ ਹੈ।
ਕਰਜ਼ਾ ਚੁੱਕ ਕੇ ਗਿਆ ਸੀ ਵਿਦੇਸ਼
ਛੋਟੇ ਜਿਮੀਂਦਾਰ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਇਸ ਨੌਜਵਾਨ ਨੇ ਆਪਣੀ ਜ਼ਮੀਨ ਵੇਚ ਕੇ ਅਤੇ ਕਰਜਾ ਚੁੱਕ ਕੇ ਵਿਦੇਸ਼ ਦੀ ਉਡਾਰੀ ਲਗਾਈ ਸੀ, ਜਿੱਥੇ ਉਸ ਦੇ ਪਰਿਵਾਰਿਕ ਮੈਂਬਰ ਹੁਣ ਨੌਜਵਾਨ ਦੀ ਮੌਤ ਦੀ ਜਾਂਚ ਕਰਨ ਦੀ ਮੰਗ ਕਰ ਰਹੇ ਹਨ, ਇਸ ਦੇ ਨਾਲ ਉਸ ਪਤਨੀ ਅਤੇ ਉਸ ਸਹੁਰਾ ਪਰਿਵਾਰ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਵੀ ਕਰ ਰਹੇ ਹਨ। ਇਸ ਦੇ ਨਾਲ ਹੀ ਪਰਿਵਾਰ ਵੱਲੋਂ ਉਸ ਦੀ ਲਾਸ਼ ਨੂੰ ਲਿਆਉਣ ਲਈ ਵੀ ਸਰਕਾਰਾਂ ਅਤੇ ਰਾਜਨੀਤਕ ਆਗੂਆਂ ਨੂੰ ਗੁਹਾਰ ਲਗਾਈ ਜਾ ਰਹੀ ਹੈ।
'ਪਤਨੀ ਦੀ ਇੱਛਾ ਪੂਰੀ ਕਰਨ ਲਈ ਗਿਆ ਸੀ UK'
ਜ਼ਿਲ੍ਹਾ ਬਠਿੰਡਾ ਦਾ ਇਹ ਨੌਜਵਾਨ ਸਮਾਜ ਸੇਵਾ ਵਿੱਚ ਹਮੇਸ਼ਾ ਅੱਗੇ ਰਹਿੰਦਾ ਸੀ, ਆਪਣੀ ਪਤਨੀ ਦੀ ਇੱਛਾ ਪੂਰੀ ਕਰਨ ਲਈ ਲਗਭਗ ਇੱਕ ਸਾਲ ਪਹਿਲਾਂ UK ਗਿਆ ਸੀ। ਜਦੋਂਕਿ ਉਸ ਦੀ ਪਤਨੀ ਕਰੀਬ ਤਿੰਨ ਚਾਰ ਮਹੀਨੇ ਪਹਿਲਾਂ ਵਿਦੇਸ਼ ਚਲੀ ਗਈ ਸੀ। ਤਜਿੰਦਰ ਸਿੰਘ ਦੇ ਵਿਆਹ ਨੂੰ 9 ਸਾਲ ਦਾ ਸਮਾਂ ਹੋ ਗਿਆ ਸੀ ਪਰ ਉਹਨਾਂ ਦੇ ਕੋਈ ਬੱਚਾ ਨਹੀਂ ਸੀ ਕਿਉਂਕਿ ਉਸ ਦੀ ਪਤਨੀ ਕੈਨੇਡਾ ਜਾਣਾ ਚਾਹੁੰਦੀ ਸੀ ਪਰ ਵਾਰ-ਵਾਰ ਰਿਫਿਊਜ਼ਲ ਹੋਣ ਕਾਰਨ ਉਹ ਕਨੈਡਾ ਨਹੀਂ ਜਾ ਸਕੇ। ਆਖਿਰਕਾਰ ਦੋਵੇਂ ਪਤੀ ਪਤਨੀ ਨੇ UK ਜਾਣ ਦਾ ਫੈਸਲਾ ਲਿਆ।
ਮੂੰਹ ਦੇਖਣ ਨੂੰ ਤਰਸ ਰਹੀ ਕੈਂਸਰ ਪੀੜਤ ਮਾਂ
ਮਾਪਿਆਂ ਨੇ ਇਕਲੌਤੇ ਪੁੱਤਰ ਦੀ ਇੱਛਾ ਪੂਰੀ ਕਰਨ ਲਈ ਪੁੱਤ ਅਤੇ ਨੂੰਹ ਨੂੰ ਜਮੀਨ ਵੇਚ ਕੇ ਯੂਕੇ ਭੇਜ ਦਿੱਤਾ ਪਰ ਬੀਤੇ ਦਿਨ ਯੂਕੇ ਤੋਂ ਬੁਰੀ ਖਬਰ ਸਾਹਮਣੇ ਆਈ ਕਿ ਤਜਿੰਦਰ ਸਿੰਘ ਦੀ ਮੌਤ ਹੋ ਗਈ ਹੈ। ਜਿਸ ਤੋਂ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਕੈਂਸਰ ਪੀੜਤ ਤਜਿੰਦਰ ਦੀ ਮਾਤਾ ਉਸ ਦੀ ਲਾਸ਼ ਨੂੰ ਉਡੀਕ ਰਹੀ ਹੈ।
'ਪਤਨੀ ਅਤੇ ਸਹੁਰਾ ਪਰਿਵਾਰ ਨੇ ਕੀਤਾ ਤੰਗ ਪ੍ਰੇਸ਼ਾਨ'
ਮ੍ਰਿਤਕ ਤਜਿੰਦਰ ਸਿੰਘ ਦੇ ਮਾਮੇ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਪਤਨੀ ਨੇ ਉਸ ਨਾਲ ਧੋਖਾ ਹੀ ਨਹੀਂ ਕੀਤਾ ਸਗੋਂ ਉਸ ਨੂੰ ਬਹੁਤ ਤੰਗ ਪਰੇਸ਼ਾਨ ਕੀਤਾ ਹੈ। ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਪੁੱਤਰ ਸਾਊ ਅਤੇ ਸਮਾਜ ਸੇਵੀ ਸੀ, ਉਹ ਕਦੇ ਵੀ ਖੁਦਕੁਸ਼ੀ ਕਰਨ ਵਾਲਾ ਇਨਸਾਨ ਨਹੀਂ ਸੀ। ਉਹਨਾਂ ਨੂੰ ਸ਼ੱਕ ਹੈ ਕਿ ਉਹਨਾਂ ਦੇ ਪੁੱਤ ਨੂੰ ਤੰਗ ਪਰੇਸ਼ਾਨ ਕਰਕੇ ਮਾਰਿਆ ਗਿਆ ਹੈ ਜਿਸ ਦੇ ਜ਼ਿੰਮੇਵਾਰ ਉਸ ਦੀ ਪਤਨੀ ਉਸ ਅਤੇ ਉਸ ਦਾ ਸਾਰਾ ਪਰਿਵਾਰ ਹੈ। ਉਹਨਾਂ ਦੱਸਿਆ ਕਿ ਨੌਜਵਾਨ ਦੀ ਮੌਤ ਦੀ ਖਬਰ ਤੋਂ ਪਹਿਲਾਂ ਉਹਨਾਂ ਨੂੰ ਇੱਕ ਵੀਡੀਓ ਵੀ ਪਾਈ ਹੈ, ਜਿਸ ਵਿੱਚ ਉਹ ਆਪਣਾ ਦੁੱਖ ਦਰਦ ਬਿਆਨ ਕਰ ਰਿਹਾ। ਪਰਿਵਾਰਿਕ ਮੈਂਬਰਾਂ ਨੇ ਜਿੱਥੇ ਇਨਸਾਫ ਲੈਣ ਲਈ ਦੋਵੇਂ ਸਰਕਾਰਾਂ ਤੋਂ ਗੁਹਾਰ ਲਗਾਈ ਹੈ, ਉੱਥੇ ਹੀ ਮ੍ਰਿਤਕ ਦੀ ਦੇਹ ਵਾਪਸ ਲਿਆਉਣ ਲਈ ਸਾਬਕਾ ਕੇਂਦਰੀ ਮੰਤਰੀ ਅਤੇ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਅਤੇ ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ ਨੂੰ ਵੀ ਅਪੀਲ ਕੀਤੀ ਹੈ।
ਇਨਸਾਫ਼ ਲਈ ਲਗਾਈ ਗੁਹਾਰ
ਉੱਧਰ ਦੂਜੇ ਪਾਸੇ ਪਰਿਵਾਰ ਨੇ ਇਸ ਮਾਮਲੇ ਦੀ ਪੰਜਾਬ ਪੁਲਿਸ ਨੂੰ ਵੀ ਸ਼ਿਕਾਇਤ ਕੀਤੀ ਹੈ ਅਤੇ ਇਨਸਾਫ ਦੀ ਗੁਹਾਰ ਲਗਾਈ ਹੈ। ਮ੍ਰਿਤਕ ਦੇ ਚਚੇਰੇ ਭਰਾ ਨੇ ਦੱਸਿਆ ਕਿ ਉਹ ਹਮੇਸ਼ਾ ਪਰਿਵਾਰ ਦਾ ਫਿਕਰ ਕਰਦਾ ਸੀ ਅਤੇ ਇਹ ਵੀ ਕਹਿੰਦਾ ਸੀ ਕਿ ਉਹ ਇੱਥੇ ਮਿਹਨਤ ਕਰਕੇ ਪਰਿਵਾਰ ਸਿਰ ਚੜਿਆ ਸਾਰਾ ਕਰਜਾ ਉਤਾਰ ਦੇਵੇਗਾ।