ਚੰਡੀਗੜ੍ਹ: ਪੰਜਾਬੀ ਸਿਨੇਮਾ ਦੇ ਅਜ਼ੀਮ ਲੇਖਕ ਅਤੇ ਸਫ਼ਲ ਅਦਾਕਾਰ ਵਜੋਂ ਚੌਖੀ ਭੱਲ ਸਥਾਪਿਤ ਕਰ ਚੁੱਕੇ ਹਨ ਨਰੇਸ਼ ਕਥੂਰੀਆ, ਜਿੰਨ੍ਹਾਂ ਦੇ ਮਾਤਾ ਸਵਰਗੀ ਸ਼੍ਰੀਮਤੀ ਸ਼ੀਲਾ ਦੇਵੀ ਕਥੂਰੀਆ ਜੋ ਬੀਤੇ ਦਿਨੀਂ ਅਚਾਨਕ ਅਕਾਲ ਚਲਾਣਾ ਕਰ ਗਏ ਸਨ, ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਰੋਹ ਅੱਜ ਉਨ੍ਹਾਂ ਦੇ ਗ੍ਰਹਿ ਨਗਰ ਗਿੱਦੜਬਾਹਾ ਵਿਖੇ ਸੰਪੰਨ ਹੋਇਆ, ਜਿੱਥੇ ਫਿਲਮੀ, ਸਮਾਜਿਕ ਅਤੇ ਹੋਰ ਵੱਖ-ਵੱਖ ਵਰਗ ਸ਼ਖਸ਼ੀਅਤਾਂ ਵੱਲੋਂ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ।
ਇਸ ਮੌਕੇ ਵਿਛੜੀ ਸ਼ਖਸ਼ੀਅਤ ਨੂੰ ਭਾਵਪੂਰਨ ਸ਼ਰਧਾਂਜਲੀ ਦੇਣ ਪੁੱਜੀਆਂ ਪਾਲੀਵੁੱਡ ਹਸਤੀਆਂ ਵਿੱਚ 'ਓਮਜੀ ਸਿਨੇ ਵਰਲਡ ਸਟੂਡਿਓਜ਼' ਅਤੇ 'ਡਿਸਟਰੀਬਿਊਸ਼ਨ ਗਰੁੱਪ' ਦੇ ਮੈਨੇਜਿੰਗ ਡਾਇਰੈਕਟਰ ਮੁਨੀਸ਼ ਸਾਹਨੀ, ਚਰਿੱਤਰ ਅਦਾਕਾਰਾ ਸੀਮਾ ਕੌਸ਼ਲ, ਦਿੱਗਜ ਅਦਾਕਾਰ ਗੁਰਮੀਤ ਸਾਜਨ, ਨਿਰਦੇਸ਼ਕ ਮਨਜੀਤ ਟੋਨੀ ਤੋਂ ਇਲਾਵਾ ਰਵੀ ਮੋਂਗਾ ਸਿਰਸਾ ਆਦਿ ਸ਼ੁਮਾਰ ਰਹੇ।
ਹਾਲ ਹੀ ਦੇ ਸਮੇਂ ਵਿੱਚ ਪੰਜਾਬੀ ਰਿਲੀਜ਼ ਹੋਈਆਂ ਕਈ ਸੁਪਰ ਡੁਪਰ ਹਿੱਟ ਫਿਲਮਾਂ ਦਾ ਲੇਖਨ ਕਰ ਚੁੱਕੇ ਹਨ ਨਰੇਸ਼ ਕਥੂਰੀਆ, ਜਿੰਨ੍ਹਾਂ ਵਿੱਚ 'ਕੈਰੀ ਆਨ ਜੱਟਾ 3', 'ਸ਼ਿੰਦਾ ਸ਼ਿੰਦਾ ਨੋ ਪਾਪਾ', 'ਹਨੀਮੂਨ', 'ਮੌਜਾਂ ਹੀ ਮੌਜਾਂ', 'ਗੱਡੀ ਜਾਂਦੀ ਏ ਛਲਾਘਾਂ ਮਾਰਦੀ' ਆਦਿ ਸ਼ਾਮਿਲ ਰਹੀਆਂ ਹਨ।
ਬਾਲੀਵੁੱਡ ਦੀ ਬਹੁ-ਚਰਚਿਤ ਅਤੇ ਸਫ਼ਲ ਸੀਕਵਲ ਫਿਲਮ 'ਡ੍ਰੀਮ ਗਰਲ 2' ਦੇ ਲੇਖਨ ਦਾ ਵੀ ਅਹਿਮ ਹਿੱਸਾ ਰਹੇ ਇਹ ਹੋਣਹਾਰ ਲੇਖਕ, ਜਿੰਨ੍ਹਾਂ ਵੱਲੋਂ ਲਿਖੀਆਂ ਜ਼ਿਆਦਾਤਰ ਫਿਲਮਾਂ ਸੁਪਰ ਹਿੱਟ ਦੀ ਸ਼੍ਰੇਣੀ ਵਿੱਚ ਅਪਣੀ ਮੌਜੂਦਗੀ ਦਰਜ ਕਰਵਾਉਣ ਵਿੱਚ ਸਫ਼ਲ ਰਹੀਆਂ ਹਨ।
ਮੂਲ ਰੂਪ ਵਿੱਚ ਮਾਲਵਾ ਦੇ ਮਸ਼ਹੂਰ ਕਸਬੇ ਗਿੱਦੜਬਾਹਾ ਨਾਲ ਸੰਬੰਧਿਤ ਰੱਖਦੇ ਇਹ ਪ੍ਰਤਿਭਾਵਾਨ ਲੇਖਕ ਅਦਾਕਾਰ ਦੇ ਰੂਪ ਵਿੱਚ ਵੀ ਨਵੇਂ ਦਿਸਹਿੱਦੇ ਸਿਰਜਣ ਵਿੱਚ ਸਫ਼ਲ ਰਹੇ ਹਨ, ਜਿੰਨ੍ਹਾਂ ਵੱਲੋਂ 'ਕੈਰੀ ਆਨ ਜੱਟਾ', 'ਮਿਸਟਰ ਐਂਡ ਮਿਸਿਜ਼ 420' ਆਦਿ ਫਿਲਮਾਂ ਵਿੱਚ ਨਿਭਾਈਆਂ ਭੂਮਿਕਾਵਾਂ ਨੂੰ ਦਰਸ਼ਕਾਂ ਦੁਆਰਾ ਕਾਫ਼ੀ ਪਸੰਦ ਕੀਤਾ ਗਿਆ ਹੈ।
ਅਗਾਮੀ ਯੋਜਨਾਵਾਂ ਦੀ ਗੱਲ ਕਰੀਏ ਤਾਂ ਆਉਣ ਵਾਲੇ ਦਿਨਾਂ ਵਿੱਚ ਵੀ ਕਈ ਵੱਡੀਆਂ ਅਤੇ ਮਲਟੀ-ਸਟਾਰਰ ਫਿਲਮਾਂ ਦਰਸ਼ਕਾਂ ਦੇ ਸਨਮੁੱਖ ਕਰਨਗੇ ਇਹ ਚਰਚਿਤ ਅਦਾਕਾਰ ਅਤੇ ਲੇਖਕ, ਜਿੰਨ੍ਹਾਂ ਵਿੱਚ 'ਮਿਸਟਰ ਐਂਡ ਮਿਸਿਜ਼ 420 ਅਗੇਨ' ਆਦਿ ਸ਼ਾਮਿਲ ਹਨ।
ਇਹ ਵੀ ਪੜ੍ਹੋ: