ਮਹਾਰਾਜਾ ਰਣਜੀਤ ਸਿੰਘ ਦੀ ਬਰਸੀ (ETV BHARAT) ਅੰਮ੍ਰਿਤਸਰ:ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਹਰ ਸਾਲ 27 ਜੂਨ ਨੂੰ 'ਸ਼ੇਰ-ਏ-ਪੰਜਾਬ' ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਵੱਖ-ਵੱਖ ਜਗ੍ਹਾਂ ਉਤੇ ਮਨਾਈ ਜਾਂਦੀ ਹੈ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਪਾਕਿਸਤਾਨ ਜਾਣ ਲਈ 323 ਸ਼ਰਧਾਲੂਆਂ ਨੂੰ ਵੀਜ਼ੇ ਮਿਲੇ ਹਨ, ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਸ਼ਰਧਾਲੂ 21 ਜੂਨ ਨੂੰ ਰਵਾਨਾ ਹੋਣਗੇ।
ਇਸ ਜੱਥੇ ਬਾਰੇ ਗੱਲ ਕਰੀਏ ਤਾਂ ਇਹ ਸਿੱਖ ਸ਼ਰਧਾਲੂਆਂ ਦਾ ਜੱਥਾ 21 ਜੂਨ ਨੂੰ ਰਵਾਨਾ ਹੋ ਕੇ ਪਾਕਿਸਤਾਨ ਸਥਿਤ ਗੁਰੂ ਧਾਮਾਂ ਜਿਵੇਂ ਕਿ ਗੁਰਦੁਆਰਾ ਨਨਕਾਣਾ ਸਾਹਿਬ, ਗੁਰਦੁਆਰਾ ਪੰਜਾ ਸਾਹਿਬ ਅਤੇ ਗੁਰਦੁਆਰਾ ਕਰਤਾਰ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ 30 ਜੂਨ ਨੂੰ ਮੁੜ ਭਾਰਤ ਵਾਪਸ ਪਰਤੇਗਾ।
ਇਸ ਸੰਬੰਧੀ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਨੇ ਦੱਸਿਆ ਕਿ 340 ਸ਼ਰਧਾਲੂਆਂ ਨੂੰ ਵੀਜ਼ੇ ਦੇ ਲਈ ਅਪਲਾਈ ਕੀਤਾ ਗਿਆ ਪਰ ਪਾਕਿਸਤਾਨ ਦੂਤਾਵਸ ਨੇ 323 ਸ਼ਰਧਾਲੂਆਂ ਨੂੰ ਵੀਜ਼ਾ ਲਗਾਇਆ ਗਿਆ ਹੈ, ਜਿਸ ਦੇ ਚੱਲਦੇ 17 ਸ਼ਰਧਾਲੂਆਂ ਦੇ ਵੀਜ਼ੇ ਰੱਦ ਕਰ ਦਿੱਤੇ ਗਏ ਹਨ। ਇਹ ਜੱਥਾ ਅਟਾਰੀ ਬਾਘਾ ਸਰਹੱਦ ਦੇ ਰਾਹੀਂ ਪਾਕਿਸਤਾਨ ਦੇ ਲਈ ਰਵਾਨਾ ਹੋਵੇਗਾ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਮਹਾਰਾਜਾ ਰਣਜੀਤ ਸਿੰਘ 'ਸ਼ੇਰੇ-ਏ-ਪੰਜਾਬ' ਦੀ ਬਰਸੀ ਦੇ ਮੌਕੇ ਪਾਕਿਸਤਾਨ ਭੇਜੇ ਜਾਣ ਵਾਲੇ ਜੱਥੇ ਲਈ 323 ਸ਼ਰਧਾਲੂਆਂ ਨੂੰ ਵੀਜ਼ੇ ਪ੍ਰਾਪਤ ਹੋਏ ਹਨ।
ਇਸ ਦੌਰਾਨ 'ਸ਼ੇਰ-ਏ-ਪੰਜਾਬ' ਮਹਾਰਾਜਾ ਰਣਜੀਤ ਸਿੰਘ ਬਾਰੇ ਗੱਲ ਕਰੀਏ ਤਾਂ ਉਨ੍ਹਾਂ ਲਈ ਸਿੱਖਾਂ ਦੇ ਦਿਲਾਂ ਵਿੱਚ ਖਾਸ ਸਥਾਨ ਹੈ, ਉਹ ਇੱਕ ਨਿਡਰ, ਦਲੇਰ ਅਤੇ ਮਹਾਨ ਸ਼ਖਸੀਅਤ ਸਨ, ਇਸ ਜਰਨੈਲ ਦੀ ਪਾਕਿਸਤਾਨ ਵਿੱਚ ਇੱਕ ਸਮਾਧੀ ਵੀ ਬਣੀ ਹੋਈ ਹੈ, ਜੋ ਕਿ ਗੁਰਦੁਆਰਾ ਡੇਰਾ ਸਾਹਿਬ ਦੇ ਨੇੜੇ ਹੈ।