ਪਟਿਆਲਾ: ਰਾਜਪੁਰਾ ਰੋਡ 'ਤੇ ਇੱਕ ਸਕੂਲ ਨੇੜੇ ਕੂੜੇ ਦੇ ਢੇਰ 'ਚੋਂ ਸੱਤ ਤੋਂ ਅੱਠ ਰਾਕੇਟ ਲਾਂਚਰ ਵਰਗੀਆਂ ਸ਼ੱਕੀ ਵਸਤੂਆਂ ਮਿਲੀਆਂ ਹਨ। ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਉਨ੍ਹਾਂ ਨੂੰ ਆਪਣੇ ਕਬਜ਼ੇ 'ਚ ਲੈ ਲਿਆ। ਪੁਲਿਸ ਟੀਮ ਰਾਕੇਟ ਲਾਂਚਰ ਨੂੰ ਲਾਹੌਰੀ ਗੇਟ ਥਾਣੇ ਲੈ ਗਈ ਹੈ। ਸੂਚਨਾ ਮਿਲਦੇ ਹੀ ਬੰਬ ਨਿਰੋਧਕ ਦਸਤਾ ਮੌਕੇ 'ਤੇ ਪਹੁੰਚ ਗਿਆ। ਜਾਂਚ ਤੋਂ ਪਤਾ ਲੱਗਾ ਹੈ ਕਿ ਇਨ੍ਹਾਂ ਰਾਕੇਟ ਲਾਂਚਰਾਂ ਵਿੱਚ ਕੋਈ ਵਿਸਫੋਟਕ ਨਹੀਂ ਹੈ। ਐੱਸਐੱਸਪੀ ਨਾਨਕ ਸਿੰਘ ਨੇ ਇਸ ਦੀ ਪੁਸ਼ਟੀ ਕੀਤੀ ਹੈ। ਹਾਲਾਂਕਿ ਉਨ੍ਹਾਂ ਕਿਹਾ ਕਿ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਬੰਬ ਵਰਗੀ ਚੀਜ਼ ਕਿੱਥੋਂ ਆਈ ਹੈ।
ਟ੍ਰੈਫਿਕ ਪੁਲਿਸ ਨੂੰ ਮਿਲੀ ਸੀ ਜਾਣਕਾਰੀ
ਬੰਬ ਹੋਣ ਦੀ ਸੂਚਨਾ ਕਿਸੇ ਨੇ ਪਟਿਆਲਾ ਟ੍ਰੈਫਿਕ ਪੁਲਿਸ ਨੂੰ ਦਿੱਤੀ ਸੀ। ਇਸ ਤੋਂ ਬਾਅਦ ਟ੍ਰੈਫਿਕ ਪੁਲਿਸ ਦੇ ਇੰਚਾਰਜ ਏਐੱਸਆਈ ਅਮਰਜੀਤ ਸਿੰਘ ਅਤੇ ਹੌਲਦਾਰ ਗੁਰਪਿਆਰ ਸਿੰਘ ਅਤੇ ਗੁਰਵਿੰਦਰ ਸਿੰਘ ਮੌਕੇ ’ਤੇ ਪੁੱਜੇ। ਇਸ ਤੋਂ ਬਾਅਦ ਥਾਣਾ ਲਾਹੌਰੀ ਗੇਟ ਦੀ ਟੀਮ ਮੌਕੇ 'ਤੇ ਪਹੁੰਚ ਗਈ। ਉਨ੍ਹਾਂ ਨੇ ਰਾਕੇਟ ਲਾਂਚਰ ਵਰਗਾ ਦਿਖਣ ਵਾਲਾ ਬੰਬ ਦੇਖਿਆ। ਐੱਸਐੱਸਪੀ ਨਾਨਕ ਸਿੰਘ ਖ਼ੁਦ ਮੌਕੇ ’ਤੇ ਪੁੱਜੇ, ਜਿਨ੍ਹਾਂ ਨੇ ਕਿਹਾ ਕਿ ਜਾਂਚ ਦੌਰਾਨ ਸਾਨੂੰ ਕਿਸੇ ਕਿਸਮ ਦੀ ਵਿਸਫੋਟਕ ਸਮੱਗਰੀ ਨਹੀਂ ਮਿਲੀ ਹੈ। ਇਸ ਦੇ ਨਾਲ ਹੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
![Rocket launcher found in garbage](https://etvbharatimages.akamaized.net/etvbharat/prod-images/10-02-2025/pb-pat-01-patiala-groud-find-rocketexpolsive-visbyte-pb10076_10022025144800_1002f_1739179080_811.jpg)
ਬੁਲਾਈਆਂ ਫੌਜ ਦੀਆਂ ਟੀਮਾਂ
ਐੱਸਐੱਸਪੀ ਨਾਨਕ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਦੱਸਿਆ ਕਿ "ਟ੍ਰੈਫਿਕ ਪੁਲਿਸ ਨੂੰ ਕਿਸੇ ਰਾਹਗੀਰ ਨੇ ਬੰਬ ਨੁਮਾ ਵਸਤੂ ਪਏ ਹੋਣ ਦੀ ਜਾਣਕਾਰੀ ਦਿੱਤੀ ਸੀ। ਜਦੋਂ ਪੁਲਿਸ ਨੇ ਮੌਕੇ ਉੱਤੇ ਜਾ ਕੇ ਦੇਖਿਆ ਤਾਂ ਟੀਮ ਨੂੰ ਸੱਤ ਤੋਂ ਅੱਠ ਵਰਗੀਆਂ ਸ਼ੱਕੀ ਵਸਤੂਆਂ ਮਿਲੀਆਂ ਹਨ। ਇਸ ਤੋਂ ਬਾਅਦ ਬੰਬ ਨਿਰੋਧਕ ਦਸਤੇ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਕੀਤੀ। ਹਾਲਾਂਕਿ ਉਨ੍ਹਾਂ ਨੇ ਫੌਜ ਨੂੰ ਵੀ ਸੂਚਿਤ ਕੀਤਾ ਹੈ ਅਤੇ ਫੌਜ ਦੀਆਂ ਟੀਮਾਂ ਵੀ ਜਾਂਚ ਲਈ ਆ ਰਹੀਆਂ ਹਨ, ਟੀਮ ਪਤਾ ਕਰੇਗੀ ਕਿ ਇਹ ਬੰਬ ਦੇ ਗੋਲੇ ਕਿੰਨੇ ਪੁਰਾਣੇ ਹਨ। ਹਾਲਾਂਕਿ ਅਜਿਹਾ ਲੱਗਦਾ ਹੈ ਕਿ ਕੋਈ ਸਕਰੈਪ ਡੀਲਰ ਜਾਂ ਹੋਰ ਵਿਅਕਤੀ ਇਸ ਨੂੰ ਸੁੱਟ ਕੇ ਫ਼ਰਾਰ ਹੋ ਗਿਆ ਹੈ। ਸਾਡੀ ਟੀਮ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ। ਇਸ ਤੋਂ ਇਲਾਵਾ ਇਲਾਕੇ ਵਿੱਚ ਲੱਗੇ ਕੈਮਰਿਆਂ ਦੀ ਵੀ ਚੈਕਿੰਗ ਕੀਤੀ ਜਾ ਰਹੀ ਹੈ।"