ਲੁਧਿਆਣਾ : ਪੰਜਾਬ ਵਿੱਚ ਮੌਸਮ 'ਚ ਲਗਾਤਾਰ ਤਬਦੀਲੀਆਂ ਵੇਖਣ ਨੂੰ ਮਿਲ ਰਹੀਆਂ ਹਨ। ਆਉਂਦੇ ਦਿਨਾਂ ਅੰਦਰ ਭਾਵੇਂ ਕੋਈ ਬਾਰਿਸ਼ ਦੀ ਸੰਭਾਵਨਾ ਨਹੀਂ ਹੈ ਪਰ ਤਾਪਮਾਨ ਜ਼ਰੂਰ ਵੱਧਦੇ ਹੋਏ ਵਿਖਾਈ ਦੇ ਰਿਹਾ ਹੈ। ਮੌਜੂਦਾ ਹਾਲਾਤਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਬੀਤੇ ਦਿਨ ਲੁਧਿਆਣਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅੰਦਰ ਤਾਪਮਾਨ 24 ਡਿਗਰੀ ਦੇ ਕਰੀਬ ਰਿਕਾਰਡ ਕੀਤਾ ਗਿਆ ਹੈ। ਜੋ ਕਿ ਆਮ ਤੋਂ ਚਾਰ ਡਿਗਰੀ ਜ਼ਿਆਦਾ ਸੀ। ਇਸੇ ਤਰ੍ਹਾਂ ਘੱਟ ਤੋਂ ਘੱਟ ਤਾਪਮਾਨ ਅੱਜ ਦਾ 9 ਡਿਗਰੀ ਦੇ ਕਰੀਬ ਰਿਕਾਰਡ ਕੀਤਾ ਗਿਆ ਹੈ, ਜੋ ਕਿ ਆਮ ਨਾਲੋਂ ਦੋ ਡਿਗਰੀ ਜ਼ਿਆਦਾ ਹੈ। ਤਾਪਮਾਨ ਦੇ ਵਿੱਚ ਕਾਫੀ ਉਤਾਰ-ਚੜਾਅ ਵੇਖਣ ਨੂੰ ਮਿਲ ਰਹੇ ਹਨ।
ਮੀਂਹ ਦੀ ਕੋਈ ਸੰਭਾਵਨਾ ਨਹੀ
ਆਉਂਦੇ ਦਿਨਾਂ ਵਿੱਚ ਵੀ ਮੀਂਹ ਦੀ ਕੋਈ ਫਿਲਹਾਲ ਸੰਭਾਵਨਾ ਨਹੀਂ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਵਿਭਾਗ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ। ਡਾਕਟਰ ਪਵਨੀਤ ਕੌਰ ਕਿੰਗਰਾ ਨੇ ਕਿਹਾ ਹੈ ਕਿ ਜੇਕਰ ਪਹਾੜਾਂ ਵਿੱਚ ਮੁੜ ਤੋਂ ਬਰਫ਼ਬਾਰੀ ਹੁੰਦੀ ਹੈ ਤਾਂ ਹੀ ਮੈਦਾਨੀ ਇਲਾਕਿਆਂ ਵਿੱਚ ਪਾਰਾ ਹੇਠਾਂ ਜਾਵੇਗਾ ਨਹੀਂ ਤਾਂ ਮੌਸਮ ਸਥਿਰ ਰਹੇਗਾ। ਆਉਂਦੇ ਦਿਨਾਂ ਵਿੱਚ ਵੀ ਕਿਸੇ ਵੀ ਤਰ੍ਹਾਂ ਦੇ ਕੋਈ ਪੱਛਮੀ ਚੱਕਰਵਾਤ ਦੀ ਸੰਭਾਵਨਾ ਨਹੀਂ ਹੈ। ਇਸ ਕਰਕੇ ਤਾਪਮਾਨ ਹੋਰ ਵੱਧ ਸਕਦਾ ਹੈ।
ਵਧਿਆ ਤਾਪਮਾਨ ਫ਼ਸਲਾਂ ਲਈ ਮਾੜਾ
ਹਾਲਾਂਕਿ, ਟੈਪਰੇਚਰ ਵਧਣ ਦੇ ਨਾਲ ਕਣਕ ਦੀ ਫਸਲ ਉੱਤੇ ਅਸਰ ਜ਼ਰੂਰ ਪੈਂਦਾ ਹੈ। ਮੌਸਮ ਵਿਭਾਗ ਮੁਤਾਬਕ, ਫਿਲਹਾਲ ਤਾਪਮਾਨ ਰਾਤ ਦਾ ਆਮ ਚੱਲ ਰਿਹਾ ਹੈ। ਉਸ ਵਿੱਚ ਜ਼ਿਆਦਾ ਬਦਲਾਅ ਵੇਖਣ ਨੂੰ ਨਹੀਂ ਮਿਲ ਰਿਹਾ ਹੈ ਜਿਸ ਕਰਕੇ ਫਿਲਹਾਲ ਫਸਲਾਂ ਉੱਤੇ ਕੋਈ ਇਸ ਦਾ ਮਾੜਾ ਪ੍ਰਭਾਵ ਨਹੀਂ ਹੈ। ਜੇਕਰ ਆਉਂਦੇ ਦਿਨਾਂ ਦੇ ਵਿੱਚ ਤਾਪਮਾਨ ਹੋਰ ਵੱਧਦਾ ਹੈ ਤਾਂ ਕਣਕ ਦੀ ਫਸਲ ਉੱਤੇ ਇਸ ਦਾ ਅਸਰ ਵੇਖਣ ਨੂੰ ਮਿਲ ਸਕਦਾ ਹੈ।