ਫਰੀਦਕੋਟ: ਚੰਦਭਾਨ ਵਿਖੇ ਹੰਗਾਮੇ ਦੌਰਾਨ ਚੱਲੀ ਗੋਲੀ ਅਤੇ ਦਲਿਤ ਪਰਿਵਾਰਾਂ ਉੱਤੇ ਕੀਤੇ ਗਏ ਲਾਠੀਚਾਰਜ ਦੇ ਵਿਰੋਧ 'ਚ ਐਕਸ਼ਨ ਕਮੇਟੀ ਵੱਲੋਂ SSP ਦਫਤਰ ਦਾ ਘਿਰਾਓ ਕਰਨ ਦਾ ਫੈਸਲਾ ਬਦਲ ਲਿਆ ਗਿਆ ਹੈ ਅਤੇ ਹੁਣ ਘਿਰਾਓ ਦੀ ਥਾਂ, ਕਮੇਟੀ ਮੈਂਬਰ ਸ਼ਹਿਰ ਵਿੱਚ ਰੈਲੀ ਕਰ ਰਹੇ ਹਨ। ਇਹ ਫੈਸਲਾ ਐਕਸ਼ਨ ਕਮੇਟੀ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਕਈ ਘੰਟਿਆਂ ਦੀ ਕੀਤੀ ਗਈ ਮੀਟਿੰਗ ਤੋਂ ਬਾਅਦ ਲਿਆ ਗਿਆ ਹੈ। ਦਰਅਸਲ ਬੀਤੇ ਦਿਨੀਂ ਜ਼ਿਲ੍ਹੇ ਦੇ ਪਿੰਡ ਚੰਦਭਾਨ ਵਿੱਚ ਗੰਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਪਿੰਡ ਦੇ ਦਲਿਤ ਪਰਿਵਾਰਾਂ ਵੱਲੋਂ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਦੌਰਾਨ ਹੋਏ ਹੰਗਾਮਾ ਹੋ ਗਿਆ ਸੀ। ਜਿਸ ਵਿੱਚ ਪੁਲਿਸ ਅਤੇ ਮਜ਼ਦੂਰਾਂ ਵਿਚਕਾਰ ਹੋਏ ਟਕਰਾਅ ਮਾਮਲੇ ਵਿੱਚ ਪੁਲਿਸ ਨੇ ਪਿੰਡ ਦੇ ਮਜ਼ਦੂਰਾਂ ਖਿਲਾਫ ਹੀ ਕਾਰਵਾਈ ਕਰਦਿਆਂ ਪਰਚੇ ਦਰਜ ਕਰ ਦਿੱਤੇ ਸਨ। ਜਿਸ ਉੱਤੇ ਐਕਸ਼ਨ ਕਮੇਟੀ ਬਣੀ ਅਤੇ ਪੁਲਿਸ ਦੀ ਕਾਰਵਾਈ ਖਿਲਾਫ SSP ਦਫਤਰ ਦੇ ਘਿਰਾਓ ਦਾ ਐਲਾਨ ਕੀਤਾ ਗਿਆ ਸੀ, ਜਿਸ ਨੂੰ ਹੁਣ ਰੈਲੀ ਵਿੱਚ ਤਬਦੀਲ ਕਰ ਲਿਆ ਗਿਆ ਹੈ।
8 ਘੰਟਿਆਂ ਦੀ ਮੀਟਿੰਗ ਤੋਂ ਬਾਅਦ ਬਦਲਿਆ ਫੈਸਲਾ
ਅੱਜ ਜਥੇਬੰਦੀਆਂ ਵੱਲੋਂ ਐਕਸ਼ਨ ਕਮੇਟੀ ਦੀ ਅਗਵਾਈ ਹੇਠ ਨਹਿਰੂ ਸਟੇਡੀਅਮ ਫਰੀਦਕੋਟ ਵਿਖੇ ਰੈਲੀ ਕੀਤੀ ਜਾ ਰਹੀ ਹੈ। ਦਰਅਸਲ ਐਕਸ਼ਨ ਕਮੇਟੀ ਦੀ SSP ਦਫਤਰ ਦੇ ਅੱਜ ਘਿਰਾਓ ਤੋਂ ਪਹਿਲਾਂ ਹੀ ਜ਼ਿਲ੍ਹਾ ਪ੍ਰਸ਼ਾਸਨ ਅਤੇ ਐਕਸ਼ਨ ਕਮੇਟੀ ਨਾਲ ਦੇਰ ਰਾਤ ਤੱਕ ਮੀਟਿੰਗ ਚੱਲੀ, ਜਿਸ ਵਿਚ ਸਾਰੇ ਪ੍ਰਦਰਸ਼ਨਕਾਰੀਆਂ ਨੂੰ ਬਿਨਾਂ ਸ਼ਰਤ ਰਿਹਾਅ ਕਰਨ ਦੀ ਮੰਗ 'ਤੇ ਕਰੀਬ 8 ਘੰਟਿਆਂ ਤੱਕ ਪੇਚ ਫਸਿਆ ਰਿਹਾ। ਆਖਰ ਦੇਰ ਰਾਤ ਪ੍ਰਸ਼ਾਸਨ ਅਤੇ ਐਕਸ਼ਨ ਕਮੇਟੀ ਵਿਚਕਾਰ ਗ੍ਰਿਫਤਾਰ ਕੀਤੇ ਗਏ 41 ਲੋਕਾਂ ਦੀ ਰਿਹਾਈ, ਮਜ਼ਦੂਰਾਂ ਉੱਤੇ ਦਰਜ ਮੁਕੱਦਮੇ ਰੱਦ ਕਰਨ ਅਤੇ ਮਜ਼ਦੂਰਾਂ ਉੱਤੇ ਪੁਲਿਸ ਦੀ ਹਾਜ਼ਰੀ ਵਿੱਚ ਗੋਲੀਆਂ ਚਲਾਉਣ ਵਾਲਿਆਂ ਖਿਲਾਫ SC/ST ਐਕਟ ਅਤੇ ਜਾਨਲੇਵਾ ਹਮਲਾ ਕਰਨ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਨ ਸਮੇਤ ਕਈ ਮੰਗਾਂ ਮੰਨੇ ਜਾਣ ਦਾ ਭਰੋਸਾ ਮਿਲਣ ਤੋਂ ਬਾਅਦ ਸਹਿਮਤੀ ਬਣੀ ਅਤੇ ਐਕਸ਼ਨ ਕਮੇਟੀ ਨੇ ਘਿਰਾਓ ਕਰਨ ਦੇ ਫੈਸਲੇ ਨੂੰ ਰੈਲੀ ਵਿੱਚ ਬਦਲ ਦਿੱਤਾ।
- ਸਕੂਲ ਦੇ ਪ੍ਰਿੰਸੀਪਲ ਨੂੰ ਹੋਇਆ 'ਵਿੱਦਿਆ' ਨਾਲ ਪਿਆਰ, ਸ਼ੌਂਕ ਅਜਿਹੇ, ਜਿਸ ਤੋਂ ਭੱਜਦੇ ਨੇ ਲੋਕ, ਜਾਣ ਕੇ ਹੋ ਜਾਓਗੇ ਹੈਰਾਨ
- ਧੋਖਾਧੜੀ ਮਾਮਲੇ 'ਚ ਸੋਨੂੰ ਸੂਦ ਦੀ ਪੇਸ਼ੀ ਅੱਜ, 2 ਦਿਨ ਪਹਿਲਾਂ ਜਾਰੀ ਹੋਇਆ ਸੀ ਗ੍ਰਿਫ਼ਤਾਰੀ ਵਰੰਟ
- ਆਖ਼ਰ ਕੀ ਹੈ 'ਡੌਂਕੀ ਰੂਟ', ਕਿਵੇਂ 25-30 ਲੱਖ ਦੇ ਕੇ ਵੀ ਇਸ ਰਸਤੇ ਮੌਤ ਦੀ ਭੇਂਟ ਚੜ੍ਹ ਜਾਂਦੇ ਨੇ ਲੋਕ, ਆਓ ਇਸ ਪੰਜਾਬੀ ਫਿਲਮ ਰਾਹੀਂ ਸਮਝੀਏ
- ਪੁਲਿਸ 'ਤੇ ਹਮਲਾ ਮਾਮਲਾ: ਗ੍ਰਿਫਤਾਰ 39 ਮੁਲਜ਼ਮਾਂ ਦੀ ਅਦਾਲਤ 'ਚ ਹੋਈ ਪੇਸ਼ੀ, 3 ਮੁੱਖ ਮੁਲਜ਼ਮ
ਜ਼ਿਕਰਯੋਗ ਹੈ ਕਿ 5 ਫਰਵਰੀ ਨੂੰ ਚੰਦਭਾਨ ’ਚ ਨਾਲੀ ਬਣਾਉਣ ਦਾ ਵਿਵਾਦ ਭਖ਼ ਗਿਆ ਸੀ। ਇਸ ਤੋਂ ਬਾਅਦ ਗੱਲ ਪੱਥਰਬਾਜ਼ੀ ਤੱਕ ਪੁੱਜ ਗਈ ਸੀ। ਹਾਲਾਤ ’ਤੇ ਕਾਬੂ ਪਾਉਣ ਲਈ ਪੁਲਿਸ ਨੂੰ ਬਲ ਪ੍ਰਯੋਗ ਕਰਨਾ ਪਿਆ ਸੀ। ਪੱਥਰਬਾਜ਼ੀ ਦੌਰਾਨ ਦੋ ਜਣਿਆਂ ਕੋਲ ਬੰਦੂਕਾਂ ਹੋਣ ਦੀ ਕਥਿਤ ਵੀਡੀਓ ਵਾਇਰਲ ਹੋਈ ਸੀ। ਇਸ ਵੀਡੀਓ ਅੰਦਰ ਗਲੀ ਵਿੱਚ ਖੜ੍ਹਾ ਵਿਅਕਤੀ ਗੋਲੀ ਚਲਾਉਂਦਾ ਹੋਇਆ ਦਿਖਾਈ ਦੇ ਰਿਹਾ ਹੈ ਜਦੋਂ ਕਿ ਆਪਣੇ ਸਾਥੀਆਂ ਨਾਲ ਛੱਤ ’ਤੇ ਖੜ੍ਹੇ ਦੂਜੇ ਵਿਅਕਤੀ ਦੇ ਹੱਥਾਂ ’ਚ ਵੀ ਬੰਦੂਕ ਫੜੀ ਹੋਈ ਨਜ਼ਰ ਆ ਰਹੀ ਹੈ। ਦੱਸਣਯੋਗ ਹੈ ਕਿ ਐਕਸ਼ਨ ਕਮੇਟੀ ਨੇ ਇਹ ਵੀ ਕਿਹਾ ਹੈ ਕਿ ਜੇਕਰ ਪੁਲਿਸ ਨੇ ਮਾਮਲੇ 'ਚ ਜਲਦ ਹੀ ਬਣਦੀ ਕਾਰਵਾਈ ਨਾ ਕੀਤੀ ਤਾਂ ਉਨ੍ਹਾਂ ਵੱਲੋਂ ਤਿੱਖਾ ਸੰਘਰਸ਼ ਕੀਤਾ ਜਾਵੇਗਾ।