ਰੂਪਨਗਰ: ਸਰਹਿੰਦ ਨਹਿਰ 'ਤੇ ਬਣ ਰਹੇ ਨਵੇਂ ਪੁਲ ਦੀ ਰਫ਼ਤਾਰ ਬਣਨ 'ਚ ਇੰਨੀ ਧੀਮੀ ਹੈ ਕਿ ਪਿਛਲੇ ਚਾਰ ਸਾਲ ਤੋਂ ਇਸ ਪੁਲ ਨੂੰ ਬਣਾਇਆ ਜਾ ਰਿਹਾ ਹੈ ਪਰ ਹਾਲੇ ਤੱਕ ਇਹ ਪੁਲ ਪੂਰਾ ਨਹੀਂ ਹੋਇਆ। ਹੁਣ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਪੁੱਲ ਦਾ ਉਦਘਾਟਨ ਕੁਝ ਹੀ ਸਮੇਂ ਦੌਰਾਨ ਕੀਤਾ ਜਾਵੇਗਾ।
ਰੋਪੜ ਦੇ ਲੋਕਾਂ ਨੂੰ ਕਦੋਂ ਮਿਲੇਗੀ ਰਾਹਤ (Etv Bharat) ਪੁਲ ਬੰਦ ਹੋਣ ਕਾਰਨ ਖੱਜਲ-ਖੁਆਰੀ
ਦੱਸ ਦਈਏ ਕਿ ਪ੍ਰਸ਼ਾਸਨ ਵੱਲੋਂ ਦੇਰੀ ਅਤੇ ਧੀਮੀ ਰਫ਼ਤਾਰ ਨਾਲ ਕੰਮ ਕਰਨ ਵਾਲੀ ਕੰਪਨੀ ਨੂੰ ਜੁਰਮਾਨਾ ਵੀ ਲਗਾਇਆ ਗਿਆ ਸੀ। ਜੁਰਮਾਨਾ ਲੱਗਣ ਤੋਂ ਬਾਅਦ ਕੰਮ ਦੇ ਵਿੱਚ ਤੇਜ਼ੀ ਵੀ ਆਈ ਪਰ ਹੁਣ ਜੁਰਮਾਨਾ ਲੱਗੇ ਨੂੰ ਵੀ ਕਰੀਬ ਇੱਕ ਸਾਲ ਹੋ ਚੁੱਕਿਆ ਹੈ ਅਤੇ ਹਾਲੇ ਤੱਕ ਪੁਲ ਦਾ ਉਦਘਾਟਨ ਨਹੀਂ ਹੋ ਸਕਿਆ। ਉੱਥੇ ਹੀ ਲੰਬੇ ਸਮੇਂ ਤੋਂ ਬੰਦ ਪਏ ਪੁਲ ਕਾਰਨ ਜਿੱਥੇ ਸ਼ਹਿਰਵਾਸੀ ਪ੍ਰੇਸ਼ਾਨ ਹੋ ਰਹੇ ਹਨ ਤਾਂ ਨਜ਼ਦੀਕੀ ਪਿੰਡਾਂ ਦੇ ਲੋਕਾਂ ਨੂੰ ਵੀ ਖੱਜਲ-ਖੁਆਰੀ ਝੱਲਣੀ ਪੈ ਰਹੀ ਹੈ।
ਪੁਲ ਨੂੰ ਜਲਦ ਖੋਲ੍ਹਣ ਦੀ ਕੀਤੀ ਮੰਗ
ਲੋਕਾਂ ਵੱਲੋਂ ਪ੍ਰਸ਼ਾਸਨ ਤੋਂ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਇਸ ਪੁਲ ਨੂੰ ਜਲਦ ਤੋਂ ਜਲਦ ਸ਼ੁਰੂ ਕਰਵਾਇਆ ਜਾਵੇ ਕਿਉਂਕਿ ਨਜ਼ਦੀਕ ਦੇ ਪਿੰਡਾਂ ਨੂੰ ਵੀ ਇਸ ਪੁਲ ਨਾ ਚੱਲਣ ਦੇ ਨਾਲ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੇਕਰ ਕਿਸੇ ਨੂੰ ਸਿਵਲ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਦੇ ਨਾਲ ਕੋਈ ਰਾਬਤਾ ਕਾਇਮ ਕਰਨਾ ਹੈ ਤਾਂ ਉਸ ਨੂੰ ਵੀ ਇਸ ਪੁਲ ਦੇ ਚਾਲੂ ਨਾ ਹੋਣ ਕਾਰਨ ਘੁੰਮ ਕੇ ਆਉਣਾ ਪੈਂਦਾ ਹੈ ਅਤੇ ਕਈ ਕਿਲੋਮੀਟਰ ਦਾ ਲੰਬਾ ਰਸਤਾ ਤੈਅ ਕਰਨਾ ਪੈਂਦਾ ਹੈ। ਸਥਾਨਕ ਲੋਕਾਂ ਦਾ ਕਹਿਣਾ ਕਿ ਕਈ ਸਾਲਾਂ ਤੋਂ ਇਹ ਪੁਲ ਬੰਦ ਪਿਆ ਹੈ ਅਤੇ ਕੰਪਨੀ ਵੱਲੋਂ ਇਸ ਨੂੰ ਬਹੁਤ ਹੀ ਧੀਮੀ ਰਫ਼ਤਾਰ 'ਚ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਪੁਲ ਲੋਕਾਂ ਲਈ ਖੋਲ੍ਹਣਾ ਚਾਹੀਦਾ ਹੈ। ਸਥਾਨਕ ਵਪਾਰੀਆਂ ਵੱਲੋਂ ਵੀ ਪੁਲ ਨੂੰ ਜਲਦ ਚਾਲੂ ਕਰਵਾਉਣ ਦੀ ਮੰਗ ਕੀਤੀ ਜਾ ਰਹੀ ਹੈ।
ਡੀਸੀ ਨੇ ਦਿੱਤਾ ਭਰੋਸਾ
ਦੂਜੇ ਪਾਸੇ ਜਦੋਂ ਡਿਪਟੀ ਕਮਿਸ਼ਨਰ ਰੂਪਨਗਰ ਹਿਮਾਂਸ਼ੂ ਜੈਨ ਦੇ ਨਾਲ ਇਸ ਬਾਬਤ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ,'ਇਸ ਪੁਲ ਦਾ ਜ਼ਿਆਦਾਤਰ ਕੰਮ ਪੂਰਾ ਹੋ ਚੁੱਕਿਆ ਹੈ ਅਤੇ ਜਲਦ ਹੀ ਇਸ ਪੁਲ ਨੂੰ ਲੋਕ ਅਰਪਣ ਕੀਤਾ ਜਾਵੇਗਾ। ਉਹ ਜਲਦ ਸੰਬੰਧਿਤ ਵਿਭਾਗ ਦੇ ਅਫਸਰਾਂ ਦੇ ਨਾਲ ਗੱਲਬਾਤ ਕਰਨਗੇ ਅਤੇ ਜਾਣਕਾਰੀ ਲੈਣਗੇ ਕੀ ਕਦੋਂ ਅਤੇ ਕਿੰਨੇ ਦਿਨਾਂ ਤੱਕ ਇਸ ਪੁਲ ਨੂੰ ਲੋਕਾਂ ਲਈ ਖੋਲ੍ਹਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਪੁਲ ਦਾ ਕੰਮ ਪੂਰਾ ਹੋ ਚੁੱਕਿਆ ਹੈ ਅਤੇ ਜਲਦ ਹੀ ਇਸ ਦਾ ਉਦਘਾਟਨ ਕੀਤਾ ਜਾਵੇਗਾ,'।
ਵਾਧੂ ਰਸਤਾ ਤੈਅ ਕਰਕੇ ਪਹੁੰਚ ਰਹੇ DC ਦਫ਼ਤਰ
ਜ਼ਿਕਰਯੋਗ ਹੈ ਕਿ ਰੋਪੜ ਵਿੱਚ ਦੋ ਬੱਸ ਅੱਡੇ ਮੌਜੂਦ ਹਨ। ਜਿਸ 'ਚ ਇੱਕ ਜੋ ਪੁਰਾਣਾ ਬੱਸ ਅੱਡਾ ਹੈ ਤੇ ਉਹ ਸ਼ਹਿਰ ਦੇ ਨਜ਼ਦੀਕ ਹੈ। ਦੂਸਰਾ ਬੱਸ ਅੱਡਾ ਜੋ ਜ਼ਿਲ੍ਹਾ ਸਕੱਤਰੇਤ ਜਿਸ ਵਿੱਚ ਐਸਐਸਪੀ ਦਫ਼ਤਰ, ਡੀਸੀ ਦਫ਼ਤਰ ਅਤੇ ਉਸ ਦੇ ਨਾਲ ਹੀ ਮਾਨਯੋਗ ਸੈਸ਼ਨ ਅਦਾਲਤ ਰੋਪੜ ਮੌਜੂਦ ਹੈ, ਉਸ ਦੇ ਨਜ਼ਦੀਕ ਹੈ। ਜ਼ਿਆਦਾਤਰ ਲੋਕਾਂ ਨੂੰ ਜੋ ਸਿਵਲ ਦਫ਼ਤਰ ਦੇ ਵਿੱਚ ਕੰਮ ਕਰਵਾਉਣ ਆਉਂਦੇ ਹਨ, ਉਨ੍ਹਾਂ ਨੂੰ ਪੁਲ ਬੰਦ ਹੋਣ ਕਾਰਨ ਘੁੰਮ ਕੇ ਆਉਣਾ ਪੈਂਦਾ ਹੈ ਤੇ ਕਰੀਬ 8 ਕਿਲੋਮੀਟਰ ਦਾ ਰਸਤਾ ਵਾਧੂ ਤੈਅ ਕਰਨਾ ਪੈਂਦਾ ਹੈ।