ਲੁਧਿਆਣਾ: ਅਮਰੀਕਾ ਵੱਲੋਂ ਗੈਰਕਾਨੂੰਨੀ ਪ੍ਰਵਾਸੀਆਂ 'ਤੇ ਕਾਰਵਾਈ ਕਰਦੇ ਹੋਏ 205 ਭਾਰਤੀਆਂ ਨੂੰ ਡਿਪੋਰਟ ਕਰ ਦਿੱਤਾ ਹੈ। ਜਿਸ ਵਿੱਚੋਂ ਵੱਖ-ਵੱਖ ਸੂਬਿਆਂ ਦੇ ਨਾਲ ਪੰਜਾਬ ਦੇ ਵੀ 30 ਲੋਕ ਸ਼ਾਮਿਲ ਹਨ। ਇੰਨ੍ਹਾਂ ਡਿਪੋਰਟ ਕੀਤੇ ਲੋਕਾਂ 'ਚ ਲੜਕੀਆਂ ਵੀ ਸ਼ਾਮਿਲ ਹਨ। ਲੁਧਿਆਣਾ ਦੇ ਹਲਕਾ ਜਗਰਾਓਂ ਦੀ ਲੜਕੀ ਮੁਸਕਾਨ ਵੀ ਇੰਨ੍ਹਾਂ 'ਚ ਸ਼ਾਮਿਲ ਹੈ। ਜਿਸ ਨੂੰ ਅਮਰੀਕਾ ਬਾਰਡਰ 'ਤੇ ਗ੍ਰਿਫਤਾਰ ਕੀਤਾ ਗਿਆ ਸੀ। ਉਸ ਦੇ ਪਿਤਾ ਢਾਬਾ ਚਲਾਉਂਦੇ ਹਨ, ਪਰ ਹੁਣ ਪਰਿਵਾਰ ਮੀਡੀਆ ਸਾਹਮਣੇ ਆਉਣ ਤੋਂ ਇਨਕਾਰ ਕਰ ਰਿਹਾ ਹੈ।
ਇਮੀਗ੍ਰੇਸ਼ਨ ਮਾਹਿਰਾਂ ਦਾ ਕੀ ਕਹਿਣਾ
ਇਸ ਸਾਰੇ ਮਾਮਲੇ 'ਤੇ ਇਮੀਗ੍ਰੇਸ਼ਨ ਮਾਹਿਰਾਂ ਨੇ ਕਿਹਾ ਕਿ "ਪੰਜਾਬ ਅਤੇ ਭਾਰਤ ਲਈ ਇਹ ਸ਼ਰਮ ਦੀ ਗੱਲ ਹੈ, ਅਜਿਹੇ ਲੋਕਾਂ ਦੀ ਵਿਦੇਸ਼ਾਂ 'ਚ ਵੱਡੀ ਗਿਣਤੀ ਹੈ। ਨਿਤਿਨ ਚਾਵਲਾ ਨੇ ਕਿਹਾ ਕਿ 2024 ਸਾਡੀ ਇੰਡਸਟਰੀ ਲਈ ਸਭ ਤੋਂ ਮਾੜਾ ਰਿਹਾ ਹੈ। ਕੈਨੇਡਾ ਨੇ ਸਭ ਤੋਂ ਪਹਿਲਾਂ ਇਸ ਦੀ ਸ਼ੁਰੂਆਤ ਵੀਜ਼ਾ ਨਿਯਮਾਂ 'ਚ ਤਬਦੀਲੀ ਕਰਕੇ ਕੀਤੀ ਸੀ। ਜਿਸ ਤੋਂ ਬਾਅਦ ਅਮਰੀਕਾ ਦੇ ਰਾਸ਼ਟਰਪਤੀ ਨੇ ਸੱਤਾ 'ਚ ਆਉਂਦੇ ਹੀ 15 ਦਿਨ 'ਚ ਐਕਸ਼ਨ ਲੈਂਦੇ ਹੋਏ ਸਭ ਤੋਂ ਪਹਿਲਾਂ ਭਾਰਤੀਆਂ ਨੂੰ ਬਹੁਤ ਹੀ ਅਣਮਨੁੱਖੀ ਢੰਗ ਨਾਲ ਵਾਪਿਸ ਭੇਜਿਆ। ਸਾਡੀ ਸਰਕਾਰ ਇਨ੍ਹਾਂ ਬੱਚਿਆਂ ਦਾ ਸਵਾਗਤ ਕਰ ਰਹੀ ਹੈ ਜੋਕਿ ਗਲਤ ਹੈ। ਇਹ ਸਾਡੇ ਦੇਸ਼ ਦੀ ਬੇਇਜ਼ਤੀ ਹੈ। ਆਉਂਦੇ ਦਿਨਾਂ 'ਚ ਹਾਲਾਤ ਹੋਰ ਵੀ ਖ਼ਰਾਬ ਹੋਣਗੇ।"
ਹੋਰ ਮੁਲਕ ਵੀ ਕਰ ਸਕਦੇ ਹਨ ਸਖ਼ਤੀ
ਨਿਤਿਨ ਚਾਵਲਾ ਨੇ ਦੱਸਿਆ ਕਿ ਆਉਂਦੇ ਦਿਨਾਂ 'ਚ ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਹੋਰ ਮੁਲਕ ਵੀ ਸਖ਼ਤੀਆਂ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ 40-40 ਲੱਖ ਲਗਾ ਕੇ ਬੱਚੇ ਵਿਦੇਸ਼ ਜਾਂਦੇ ਹਨ। ਗੈਰਕਾਨੂੰਨੀ ਢੰਗ ਦੇ ਨਾਲ ਲੋਕਾਂ ਦੇ ਪੈਸੇ ਠੱਗੇ ਗਏ, ਆਮ ਲੋਕਾਂ ਦਾ ਨੁਕਸਾਨ ਹੋਇਆ ਹੈ, ਉਨ੍ਹਾਂ ਦੇ ਸੁਪਨੇ ਟੁੱਟ ਗਏ ਹਨ। ਇਸੇ ਕਰਕੇ ਹੁਣ ਸਰਕਾਰ ਨੂੰ ਲੋੜ ਹੈ ਕਿ ਡਿਪੋਰਟ ਕੀਤੇ 205 ਭਾਰਤੀਆਂ ਤੋਂ ਪੁੱਛਿਆ ਜਾਵੇ ਕਿ ਉਹ ਕਿਸ ਏਜੰਟ ਰਾਹੀਂ ਵਿਦੇਸ਼ ਗਏ ਹਨ, ਫਿਰ ਉਨ੍ਹਾਂ ਸਾਰੇ ਗੈਰ ਕਾਨੂੰਨੀ ਏਜੰਟਾਂ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।
ਮਾਪਿਆਂ ਨੂੰ ਵੀ ਧਿਆਨ ਦੇਣ ਦੀ ਲੋੜ
ਇਮੀਗ੍ਰੇਸ਼ਨ ਮਾਹਿਰਾਂ ਦਾ ਕਹਿਣਾ ਕਿ ਮਾਪਿਆਂ ਨੂੰ ਇਸ ਵੱਲ ਹੁਣ ਖਾਸ ਧਿਆਨ ਦੇਣ ਦੀ ਲੋੜ ਹੈ। ਇਹ ਉਨ੍ਹਾਂ ਲੋਕਾਂ ਲਈ ਬਹੁਤ ਵੱਡਾ ਸਬਕ ਹੈ ਜੋ ਹਾਲੇ ਵੀ ਆਪਣੇ ਬੱਚਿਆਂ ਨੂੰ ਗੈਰ-ਕਾਨੂੰਨੀ ਢੰਗ ਨਾਲ ਵਿਦੇਸ਼ ਭੇਜਣ ਦੀ ਇੱਛਾ ਰੱਖ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਮੁਤਾਬਿਕ ਸਰਕਾਰ ਨੂੰ ਇਸ ਕਦਮ ਬਾਰੇ ਸੋਚਣ ਅਤੇ ਡਿਪਲੋਮੇਟਸ ਨਾਲ ਗੱਲ ਕਰਨ ਦੀ ਲੋੜ ਹੈ।