ਅੰਮ੍ਰਿਤਸਰ: ਅਮਰੀਕਾ ਵੱਲੋਂ ਡਿਪੋਰਟ ਕੀਤੇ ਗਏ 30 ਪੰਜਾਬੀਆਂ ਵਿੱਚ ਇੱਕ 23 ਸਾਲਾ ਆਕਾਸ਼ਦੀਪ ਸਿੰਘ ਵੀ ਸ਼ਾਮਲ ਹੈ ਜੋ ਅੰਮ੍ਰਿਤਸਰ ਦੇ ਸਰਹੱਦੀ ਪਿੰਡ ਰਾਜਾ ਤਾਲ ਦਾ ਵਸਨੀਕ ਹੈ। ਆਕਾਸ਼ਦੀਪ ਸਿੰਘ ਦੇ ਪਿਤਾ ਸਵਰਨ ਸਿੰਘ ਨੇ ਕਿਹਾ ਕਿ "ਕੁਝ ਮਹੀਨੇ ਪਹਿਲਾਂ ਹੀ ਉਨ੍ਹਾਂ ਨੇ ਦੁਬਈ ਦੇ ਰਸਤੇ 60 ਲੱਖ ਰੁਪਏ ਲਗਾ ਕੇ ਆਪਣੇ ਪੁੱਤਰ ਨੂੰ ਅਮਰੀਕਾ ਭੇਜਿਆ ਸੀ। ਉਨ੍ਹਾਂ ਨੇ ਆਪਣੇ ਪੁੱਤ ਨੂੰ ਅਮਰੀਕਾ ਭੇਜਣ ਲਈ ਖੇਤੀਬਾੜੀ ਲਈ ਵਰਤੇ ਜਾਣ ਵਾਲੇ ਸਾਰੇ ਸੰਦ ਵੇਚ ਦਿੱਤੇ ਸਨ, ਜ਼ਮੀਨ ਵੀ ਗਹਿਣੇ ਰੱਖੀ ਹੋਈ ਹੈ ਤੇ ਬੈਂਕ ਤੋਂ ਕਰਜਾ ਵੀ ਲਿਆ ਹੋਇਆ ਹੈ ਤਾਂ ਜੋ ਉਸ ਦੇ ਪੁੱਤ ਦਾ ਸੁਪਨਾ ਪੂਰਾ ਹੋ ਸਕੇ।"
‘ਨੌਕਰੀ ਨਾ ਮਿਲਣ ’ਤੇ ਚੁਣਿਆ ਵਿਦੇਸ਼ ਜਾਣ ਦਾ ਰਸਤਾ’
ਆਕਾਸ਼ਦੀਪ ਸਿੰਘ ਦੇ ਪਿਤਾ ਨੇ ਕਿਹਾ ਕਿ "ਉਨ੍ਹਾਂ ਨੇ ਪੁੱਤਰ ਨੇ ਪੰਜਾਬ ਵਿੱਚ ਰਹਿੰਦੇ ਹੋਏ ਲਗਾਤਾਰ ਨੌਕਰੀ ਲੱਭਣ ਦੀ ਕੋਸ਼ਿਸ਼ ਕੀਤੀ ਸੀ, ਪਰ ਉਸ ਨੂੰ ਕੋਈ ਨੌਕਰੀ ਨਹੀਂ ਮਿਲੀ, ਜਿਸ ਕਰਕੇ ਉਨ੍ਹਾਂ ਨੇ ਆਕਾਸ਼ਦੀਪ ਨੂੰ ਵਿਦੇਸ਼ ਭੇਜਣ ਦਾ ਰਸਤਾ ਚੁਣਿਆ ਸੀ। ਸਵਰਨ ਸਿੰਘ ਨੇ ਸਰਕਾਰ ਦੇ ਅੱਗੇ ਗੁਹਾਰ ਲਗਾਈ ਕਿ ਪੰਜਾਬ ਸਰਕਾਰ ਨੂੰ ਇਸ ਸਮੇਂ ਪੰਜਾਬੀਆਂ ਦੇ ਨਾਲ ਖੜਨਾ ਚਾਹੀਦਾ ਹੈ ਤਾਂ ਜੋ ਪਰਿਵਾਰਾਂ ਦੀ ਮਦਦ ਹੋ ਸਕੇ।"
‘ਗੈਰ ਕਾਨੂੰਨੀ ਢੰਗ ਦੇ ਨਾਲ 23 ਜਨਵਰੀ ਨੂੰ ਪਹੁੰਚਾਇਆ ਸੀ ਅਮਰੀਕਾ’
ਸਾਬਕਾ ਸਰਪੰਚ ਬਲਕਾਰ ਸਿੰਘ ਨੇ ਦੱਸਿਆ ਕਿ "ਸਾਡੇ ਪਿੰਡ ਦੇ ਕਈ ਨੌਜਵਾਨ ਵਿਦੇਸ਼ਾਂ ਗਏ ਹਨ। ਆਕਾਸ਼ਦੀਪ ਸਿੰਘ ਵੀ ਵਿਦੇਸ਼ ਗਿਆ ਸੀ। ਉਨ੍ਹਾਂ ਕਿਹਾ ਕਿ ਅੱਠ ਮਹੀਨੇ ਪਹਿਲਾਂ ਆਕਾਸ਼ਦੀਪ ਦੁਬਈ ਗਿਆ ਸੀ ਅਤੇ ਦੁਬਈ ਦੇ ਕਿਸੇ ਏਜੰਟ ਦੇ ਰਾਹੀਂ ਉਹ ਅਮਰੀਕਾ ਗਿਆ ਸੀ। ਸਰਪੰਚ ਬਲਕਾਰ ਸਿੰਘ ਨੇ ਕਿਹਾ ਕਿ ਇਹ ਗੈਰ-ਕਾਨੂੰਨੀ ਢੰਗ ਦੇ ਨਾਲ 23 ਜਨਵਰੀ ਨੂੰ ਅਮਰੀਕਾ ਪਹੁੰਚ ਗਿਆ ਸੀ, ਜਿੱਥੇ ਸਰਹੱਦ ਉੱਤੇ ਤੈਨਾਤ ਫੌਜ ਨੇ ਇਸ ਨੂੰ ਗ੍ਰਿਫ਼ਤਾਰ ਕਰ ਲਿਆ, ਇਸ ਤੋਂ ਬਾਅਦ ਪਰਿਵਾਰ ਦਾ ਆਕਸ਼ਦੀਪ ਨਾਲ ਕੋਈ ਸੰਪਰਕ ਨਹੀਂ ਹੋਇਆ।"
ਸਰਕਾਰਾਂ ਨੂੰ ਅਪੀਲ
ਸਰਪੰਚ ਬਲਕਾਰ ਸਿੰਘ ਨੇ ਕਿਹਾ ਕਿ "ਬੀਤੇ ਦਿਨ 104 ਭਾਰਤੀ ਡਿਪੋਰਟ ਹੋਕੇ ਅੰਮ੍ਰਿਤਸਰ ਏਅਰਪੋਰਟ 'ਤੇ ਪਹੁੰਚੇ ਸਨ ਤਾਂ ਸਾਨੂੰ ਪਤਾ ਲੱਗਾ ਸੀ ਕਿ ਇਸ ਵਿੱਚ ਸਾਡੇ ਪਿੰਡ ਦਾ ਨੌਜਵਾਨ ਆਕਾਸ਼ਦੀਪ ਵੀ ਸ਼ਾਮਿਲ ਹੈ। ਉਨ੍ਹਾਂ ਕਿਹਾ ਕਿ ਬੇਰੁਜ਼ਗਾਰੀ ਅਤੇ ਨਸ਼ੇ ਦੇ ਕਰਕੇ ਨੌਜਵਾਨ ਵਿਦੇਸ਼ਾਂ ਦਾ ਰੁੱਖ ਕਰ ਰਹੇ ਹਨ। ਕਿਉਂਕਿ ਇੱਥੇ ਨਾ ਹੀ ਕੋਈ ਨੌਕਰੀ ਹੈ ਅਤੇ ਨਾ ਹੀ ਕੋਈ ਕਾਰੋਬਾਰ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਪੜ੍ਹਾਈ ਕਰਕੇ ਨਸ਼ੇ ਦੀ ਲੱਤ ਵਿੱਚ ਲੱਗ ਰਹੇ ਹਨ। ਜੇਕਰ ਸਰਕਾਰਾਂ ਇੱਥੇ ਹੀ ਸਾਡੇ ਨੌਜਵਾਨਾਂ ਨੂੰ ਨੌਕਰੀ ਦੇ ਦੇਣ ਤਾਂ ਕੋਈ ਵਿਦੇਸ਼ ਨਾ ਜਾਵੇ।"
ਬੱਚਾ ਸਹੀ ਸਲਾਮਤ ਵਾਪਸ ਆ ਗਿਆ
ਆਕਾਸ਼ਦੀਪ ਦੇ ਚਾਚਾ ਨੇ ਕਿਹਾ ਕਿ "ਅਸੀਂ ਪਰਮਾਤਮਾ ਦਾ ਸ਼ੁਕਰ ਕਰਦੇ ਹਾਂ ਕਿ ਸਾਡਾ ਬੱਚਾ ਸਹੀ ਸਲਾਮਤ ਵਾਪਸ ਆ ਗਿਆ ਹੈ ਪਰ ਇਹ ਪੈਸਾ ਜਿਹੜਾ ਚਲਾ ਗਿਆ ਹੈ ਉਹ ਵਾਪਸ ਨਹੀਂ ਆਵੇਗਾ। ਹੁਣ ਸਾਨੂੰ ਨਵੇਂ ਸਿਰੇ ਤੋਂ ਮਿਹਨਤ ਮਜ਼ਦੂਰੀ ਕਰ ਆਪਣੀ ਜ਼ਿੰਦਗੀ ਨੂੰ ਨਵੇਂ ਸਿਰੇ ਤੋਂ ਸ਼ੁਰੂ ਕਰਨਾ ਪਵੇਗਾ।"