ਹੱਸਦੇ -ਖੇਡਦੇ ਕਦੋਂ ਜ਼ਿੰਦਗੀ ਖ਼ਤਮ ਹੋ ਜਾਵੇ ਇਸ ਬਾਰੇ ਕੁੱਝ ਨਹੀਂ ਕਿਹਾ ਜਾ ਸਕਦਾ। ਅਜਿਹਾ ਮੋਹਾਲੀ ਦੇ ਸੋਹਾਣਾ ਸਾਹਿਬ 'ਚ ਵੇਖਣ ਨੂੰ ਮਿਲਿਆ ਜਦੋਂ ਪਲਕ ਝਪਕਦੇ ਹੀ ਬਹੁ-ਮੰਜ਼ਿਲਾ ਇਮਾਰਤ ਮਿੱਟੀ 'ਚ ਮਿਲੀ ਗਈ। ਇਸ ਦੌਰਾਨ ਇਮਾਰਤ ਦੇ ਢਹਿ ਜਾਣ ਦੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ 'ਚ ਇਮਾਰਤ ਨੂੰ ਜ਼ਮੀਨ 'ਤੇ ਢਹਿ-ਢੇਰੀ ਕਰਦੇ ਦੇਖਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਜਾਂਚ ਦੌਰਾਨ ਮਲਬੇ ਵਿੱਚ ਇਮਾਰਤ ਦੇ ਸੀਸੀਟੀਵੀ ਦਾ ਡੀਵੀਆਰ ਮਿਲਿਆ ਹੈ। ਪੁਲਿਸ ਨੇ ਇਸ ਨੂੰ ਰਿਕਾਰਡ ਵਿੱਚ ਸ਼ਾਮਲ ਕੀਤਾ ਹੈ। ਇਸ ਹਾਦਸੇ 'ਚ 2 ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਘਟਨਾ ਤੋਂ ਬਾਅਦ ਐਨਡੀਆਰ ਅਤੇ ਫੌਜ ਨੇ ਸਥਾਨਕ ਪ੍ਰਸ਼ਾਸਨ ਦੇ ਨਾਲ ਮਿਲ ਕੇ ਬਚਾਅ ਕਾਰਜ ਚਲਾਇਆ। ਇਹ ਆਪਰੇਸ਼ਨ 24 ਘੰਟੇ ਤੱਕ ਜਾਰੀ ਰਿਹਾ।
ਵੇਖੋ ਕਿਵੇਂ ਤਾਸ਼ ਦੇ ਪੱਤਿਆਂ ਵਾਂਗ ਦੇਖਦੇ-ਦੇਖਦੇ ਹੀ ਡਿੱਗ ਗਈ ਇਮਾਰਤ (ETV Bharat (ਮੋਹਾਲੀ, ਪੱਤਰਕਾਰ )) ਹਾਦਸੇ ਨੇ ਕਿਸ-ਕਿਸ ਦੀ ਲਈ ਜਾਨ
ਕਾਬਲੇਜ਼ਿਕਰ ਹੈ ਕਿ ਸ਼ਨੀਵਾਰ ਸ਼ਾਮ ਕਰੀਬ 4 ਵਜੇ ਵਾਪਰੇ ਇਸ ਹਾਦਸੇ 'ਚ ਰਾਤ ਨੂੰ ਸਭ ਤੋਂ ਪਹਿਲਾਂ ਹਿਮਾਚਲ ਦੀ ਰਹਿਣ ਵਾਲੀ ਲੜਕੀ ਮਿਲੀ। ਇਸ ਤੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ, ਕਰੀਬ ਇੱਕ ਘੰਟਾ ਚਾਰ ਮਿੰਟ ਬਾਅਦ ਰਾਤ 8:04 ਵਜੇ ਐਨਡੀਆਰਐਫ ਦੀ ਟੀਮ ਨੇ 20 ਸਾਲਾ ਦ੍ਰਿਸ਼ਟੀ ਵਰਮਾ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਬਾਹਰ ਕੱਢਿਆ। ਹਿਮਾਚਲ ਦੇ ਰੋਹੜੂ ਦੀ ਰਹਿਣ ਵਾਲੀ ਦ੍ਰਿਸ਼ਟੀ ਰਾਤ 11 ਵਜੇ ਉਸ ਦੀ ਮੌਤ ਹੋ ਗਈ। ਜਦਕਿ ਅੰਬਾਲਾ ਦੇ ਰਹਿਣ ਵਾਲੇ ਨੌਜਵਾਨ ਦੀ ਲਾਸ਼ ਐਤਵਾਰ ਸਵੇਰੇ 11 ਵਜੇ ਮਿਲੀ। ਹਾਲਾਂਕਿ ਪਹਿਲਾਂ 5 ਲੋਕਾਂ ਦੇ ਦੱਬੇ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਸੀ ਪਰ ਤਲਾਸ਼ੀ ਦੌਰਾਨ ਸਿਰਫ 2 ਹੀ ਮਿਲੇ। ਸ਼ਾਮ ਕਰੀਬ 5 ਵਜੇ ਬਚਾਅ ਕਾਰਜ ਰੋਕ ਦਿੱਤਾ ਗਿਆ।
ਕਿੰਝ ਵਾਪਰਿਆ ਹਾਦਸਾ
ਦੱਸ ਜਾ ਰਿਹਾ ਕਿ ਬੇਸਮੈਂਟ ਦੀ ਖੁਦਾਈ ਕਾਰਨ ਇਹ ਬਹੁ-ਮੰਜਿਲਾ ਇਮਾਰਤ ਢਹਿ ਗਈ। ਲੋਕਾਂ ਮੁਤਾਬਿਕ ਇਹ ਇਮਾਰਤ ਕਰੀਬ 10 ਸਾਲ ਪੁਰਾਣੀ ਸੀ। ਇਸ ਦੇ ਨਾਲ ਹੀ ਬੇਸਮੈਂਟ ਦੀ ਖੁਦਾਈ ਚੱਲ ਰਹੀ ਸੀ, ਜਿਸ ਕਾਰਨ ਇਮਾਰਤ ਦੀ ਨੀਂਹ ਕਮਜ਼ੋਰ ਹੋ ਗਈ ਅਤੇ ਇਮਾਰਤ ਡਿੱਗ ਗਈ। ਸੂਚਨਾ ਮਿਲਦੇ ਹੀ ਵੱਡੀ ਗਿਣਤੀ 'ਚ ਪੁਲਿਸ ਬਲ, ਜ਼ਿਲਾ ਪ੍ਰਸ਼ਾਸਨ ਦੀਆਂ ਟੀਮਾਂ ਅਤੇ ਉੱਚ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਘਟਨਾ ਦੇ ਕਰੀਬ 2 ਘੰਟੇ ਬਾਅਦ ਐਨ.ਡੀ.ਆਰ.ਐਫ ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਚਾਰਜ ਸੰਭਾਲ ਲਿਆ। ਬਾਅਦ 'ਚ ਫੌਜ ਨੂੰ ਮੌਕੇ 'ਤੇ ਬੁਲਾਇਆ ਗਿਆ।
ਸਾਰੀਆਂ ਬਹੁ-ਮੰਜ਼ਿਲਾ ਇਮਾਰਤਾਂ ਦਾ ਸਰਵੇਖਣ ਕੀਤਾ ਜਾਵੇਗਾ
ਮੋਹਾਲੀ ਦੇ ਐਡੀਸ਼ਨਲ ਡੀਸੀ ਵਿਰਾਜ ਐਸ ਟਿੱਡਕੇ ਨੇ ਦੱਸਿਆ ਕਿ 24 ਘੰਟਿਆਂ ਬਾਅਦ ਬਚਾਅ ਮੁਹਿੰਮ ਨੂੰ ਰੱਦ ਕਰ ਦਿੱਤਾ ਗਿਆ ਹੈ। ਆਪਰੇਸ਼ਨ ਦੌਰਾਨ NDRF ਅਤੇ ਫੌਜ ਦੀ ਟੀਮ ਨੂੰ ਸਿਰਫ 2 ਲੋਕ ਮਿਲੇ ਹਨ। NDRF ਦੀ ਟੀਮ ਨੇ ਪ੍ਰਸ਼ਾਸਨ ਨੂੰ ਆਪਣੀ ਰਿਪੋਰਟ ਸੌਂਪ ਦਿੱਤੀ ਹੈ। ਜਲਦੀ ਹੀ ਇਲਾਕੇ ਦੀਆਂ ਸਾਰੀਆਂ ਬਹੁ-ਮੰਜ਼ਿਲਾ ਇਮਾਰਤਾਂ ਦਾ ਸਰਵੇ ਕਰਵਾਇਆ ਜਾਵੇਗਾ। ਜੇਕਰ ਕੋਈ ਕਮੀ ਪਾਈ ਗਈ ਤਾਂ ਕਾਰਵਾਈ ਕੀਤੀ ਜਾਵੇਗੀ।
2 ਮਾਲਕਾਂ ਖਿਲਾਫ ਮਾਮਲਾ ਦਰਜ
ਬਚਾਅ ਅਭਿਆਨ ਦੇ ਮੁਕੰਮਲ ਹੋਣ ਤੋਂ ਬਾਅਦ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਐਸਐਸਪੀ ਦੀਪਕ ਪਾਰੀਕ ਅਤੇ ਐਮਸੀ ਕਮਿਸ਼ਨਰ ਟੀ ਬੇਨਿਥ ਦੀ ਮੌਜੂਦਗੀ ਵਿੱਚ ਸ੍ਰੀ ਵਿਰਾਜ ਤਿੜਕੇ ਨੇ ਦੱਸਿਆ ਕਿ ਲਗਭਗ 600 ਐਨਡੀਆਰਐਫ, ਫੌਜ ਅਤੇ ਪੁਲਿਸ ਤੇ ਸਿਵਲ ਕਰਮਚਾਰੀ ਤੇ ਅਧਿਕਾਰੀ ਇਸ ਅਪਰੇਸ਼ਨ ਵਿੱਚ ਸ਼ਾਮਲ ਸਨ। ਉਨ੍ਹਾਂ ਨੇ ਬਚਾਅ ਆਪਰੇਸ਼ਨ ਦੇ ਮੁੱਖ ਖਿਡਾਰੀਆਂ ਐਨਡੀਆਰਐਫ ਅਤੇ ਫੌਜ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਪੁਲਿਸ, ਮਿਉਂਸਪਲ ਕਾਰਪੋਰੇਸ਼ਨ, ਸਿਵਲ ਅਤੇ ਹੋਰ ਵਿਭਾਗ ਜਿਨ੍ਹਾਂ ਨੇ ਸਮੇਂ ਸਿਰ ਕਾਰਵਾਈ ਨੂੰ ਪੂਰਾ ਕਰਨ ਲਈ 24 ਘੰਟੇ ਕੰਮ ਕੀਤਾ, ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਐੱਨ.ਡੀ.ਆਰ.ਐੱਫ. ਦੀ ਟੀਮ ਦੇ 140 ਮੈਂਬਰ, ਫੌਜ ਦੀ 57 ਇੰਜੀਨੀਅਰ ਰੈਜੀਮੈਂਟ ਦੇ 167, ਸਥਾਨਕ ਪੁਲਿਸ ਦੇ 300 ਅਤੇ ਬਾਕੀ ਸਬੰਧਤ ਵਿਭਾਗਾਂ ਦੇ ਮੈਂਬਰ, ਇਸ ਅਪ੍ਰੇਸ਼ਨ ਵਿਚ ਸ਼ਾਮਲ ਸਨ ਅਤੇ ਹਰੇਕ ਨੇ ਆਪਣੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਈ।
ਤਿੰਨ ਹਫ਼ਤਿਆਂ ਵਿੱਚ ਰਿਪੋਰਟ ਦੇਣ ਲਈ ਕਿਹਾ
ਉਨ੍ਹਾਂ ਕਿਹਾ ਕਿ ਇਸ ਘਟਨਾ ਦੀ ਜਿੰਮੇਵਾਰੀ ਤੈਅ ਕਰਨ ਲਈ ਮੈਜਿਸਟ੍ਰੇਟ ਜਾਂਚ ਦੇ ਹੁਕਮ ਦਿੱਤੇ ਗਏ ਹਨ। ਉਪ ਮੰਡਲ ਮੈਜਿਸਟ੍ਰੇਟ, ਮੁਹਾਲੀ ਦਮਨਦੀਪ ਕੌਰ ਨੂੰ ਜਾਂਚ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਅਤੇ ਉਨ੍ਹਾਂ ਨੂੰ ਤਿੰਨ ਹਫ਼ਤਿਆਂ ਵਿੱਚ ਰਿਪੋਰਟ ਦੇਣ ਲਈ ਕਿਹਾ ਗਿਆ ਹੈ। ਇਸ ਸਾਰੀ ਕਾਰਵਾਈ ਨੂੰ ਮੁਕੰਮਲ ਹੋਣ ਤੱਕ ਜ਼ਿਲ੍ਹਾ ਸਿਵਲ ਅਤੇ ਪੁਲਿਸ ਅਧਿਕਾਰੀਆਂ ਵੱਲੋਂ ਬਾਰੀਕੀ ਨਾਲ ਨਿਗਰਾਨੀ ਕੀਤੀ ਗਈ। ਅੱਜ ਰਾਹਤ ਕਾਰਜਾਂ ਦੌਰਾਨ ਏ ਡੀ ਸੀ (ਸ਼ਹਿਰੀ ਵਿਕਾਸ) ਅਨਮੋਲ ਸਿੰਘ ਧਾਲੀਵਾਲ, ਐੱਸ ਪੀ ਜ਼ਿਲ੍ਹਾ ਪੁਲਿਸ ਜਯੋਤੀ ਯਾਦਵ ਬੈਂਸ ਤੋਂ ਇਲਾਵਾ ਡੀ ਆਈ ਜੀ ਹਰਚਰਨ ਸਿੰਘ ਭੁੱਲਰ ਤੇ ਹੋਰ ਅਧਿਕਾਰੀ ਮੌਜੂਦ ਰਹੇ।ਪੁਲੀਸ ਨੇ ਸ਼ਨੀਵਾਰ ਰਾਤ ਥਾਣਾ ਸੋਹਾਣਾ ਵਿੱਚ ਬਿਲਡਿੰਗ ਮਾਲਕਾਂ ਪਰਵਿੰਦਰ ਸਿੰਘ ਅਤੇ ਗਗਨਦੀਪ ਸਿੰਘ ਵਾਸੀ ਚਾਓ ਮਾਜਰਾ ਖ਼ਿਲਾਫ਼ ਬੀਐਨਐਸ ਦੀ ਧਾਰਾ 105 ਤਹਿਤ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਦੀ ਤਲਾਸ਼ ਜਾਰੀ ਹੈ।ਹੁਣ ਵੇਖਣਾ ਹੋਵੇਗਾ ਕਿ ਇਸ ਦਰਦਨਾਕ ਹਾਦਸੇ ਤੋਂ ਪੁਲਿਸ, ਪ੍ਰਸਾਸ਼ਨ ਅਤੇ ਸਰਕਾਰ ਕਿੰਨੀ ਸਖ਼ਤੀ ਨਾਲ ਕਾਰਵਾਈ ਕਰਦੀ ਹੈ। ਇਸ ਦੇ ਨਾਲ ਹੀ ਦੇਖਣਾ ਹੋਵੇਗਾ ਕਿ ਇਸ ਹਾਦਸੇ 'ਚ ਹੋਈਆਂ ਦੋ ਮੌਤਾਂ ਦੇ ਜ਼ਿੰਮੇਵਾਰਾਂ ਨੂੰ ਕੀ ਅਤੇ ਕਦੋਂ ਸਜ਼ਾ ਮਿਲੇਗੀ।