ਬਰਨਾਲਾ: ਭਾਰਤ ਵਿੱਚ ਗਾਂ ਨੂੰ ਮਾਤਾ ਦਾ ਦਰਜਾ ਦਿੱਤਾ ਗਿਆ ਹੈ। ਜਿਸ ਕਰਕੇ ਵੱਡੀ ਗਿਣਤੀ ਵਿੱਚ ਲੋਕ ਗਾਂ ਦੀ ਪੂਜਾ ਵੀ ਕਰਦੇ ਹਨ ਪਰ ਬਾਵਜੂਦ ਇਸ ਦੇ ਸੜਕਾਂ ਉੱਤੇ ਬੇਸਹਾਰਾ ਪਸ਼ੂਆਂ ਨੂੰ ਘੁਮੰਦੇ ਵੇਖਿਆ ਜਾਂਦਾ ਹੈ। ਬਰਨਾਲਾ ਵਿਖੇ ਇਨ੍ਹਾਂ ਬੇਸਹਾਰਾ ਗਾਵਾਂ ਦੀ ਸਾਂਭ-ਸੰਭਾਲ ਲਈ ਸਮਾਜ ਸੇਵੀਆਂ ਵੱਲੋਂ 'ਸ਼੍ਰੀ ਸੇਵਾ ਧਾਮ' ਨਾਮ ਦਾ ਹਸਪਤਾਲ ਖੋਲ੍ਹਿਆ ਗਿਆ ਹੈ, ਜਿੱਥੇ ਬੇ-ਸਹਾਰਾ ਗਾਵਾਂ ਦਾ ਇਲਾਜ ਕੀਤਾ ਜਾ ਰਿਹਾ ਹੈ।
ਇਨ੍ਹਾਂ ਸਮਾਜ ਸੇਵੀਆਂ ਦਾ ਕਹਿਣਾ ਹੈ ਕਿ ਸੜਕ ਹਾਦਸਿਆਂ ਵਿੱਚ ਜ਼ਖ਼ਮੀ ਹੋਣ ਵਾਲੇ ਇਨਸਾਨਾਂ ਦੀ ਸੰਭਾਲ ਤਾਂ ਸਰਕਾਰੀ ਅਤੇ ਪ੍ਰਾਈਵੇਟ ਪੱਧਰ 'ਤੇ ਹੋ ਜਾਂਦੀ ਹੈ। ਜ਼ਖ਼ਮੀਆਂ ਨੁੰ ਤੁਰੰਤ ਜਾਨ ਬਚਾਉਣ ਲਈ ਹਸਪਤਾਲਾਂ ਵਿੱਚ ਲਿਜਾਇਆ ਜਾਂਦਾ ਹੈ ਪਰ ਹਾਦਸਿਆਂ ਵਿੱਚ ਜ਼ਖ਼ਮੀ ਹੋਣ ਵਾਲੇ ਜਾਨਵਰਾਂ ਨੂੰ ਸੜਕ ਉੱਪਰ ਹੀ ਮਰਨ ਲਈ ਛੱਡ ਦਿੱਤਾ ਜਾਂਦਾ ਹੈ। ਬਰਨਾਲਾ ਵਿੱਚ ਕੁੱਝ ਗਊ ਭਗਤਾਂ ਨੇ ਇਸ ਕਾਰਜ ਦਾ ਬੀੜਾ ਚੁੱਕਿਆ ਹੈ। ਜਿਨ੍ਹਾਂ ਵੱਲੋਂ ਹਾਦਸਿਆਂ ਵਿੱਚ ਜ਼ਖ਼ਮੀ ਗਊਵੰਸ਼ ਜਾਂ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਨਾਲ ਜੂਝ ਰਹੇ ਜਾਨਵਰ ਦੀ ਸੰਭਾਲ ਕੀਤੀ ਜਾ ਰਹੀ ਹੈ। ਇਨ੍ਹਾਂ ਗਊ ਭਗਤਾਂ ਵੱਲੋਂ ਬਰਨਾਲਾ ਵਿੱਚ ਨੰਦੀ ਗਊ ਸੇਵਾ ਸੰਮਤੀ ਦੇ ਨਾਮ ਹੇਠ ਸੰਸਥਾ ਬਣਾ ਕੇ ਜ਼ਖ਼ਮੀ ਗਾਵਾਂ ਦੀ ਸੰਭਾਲ ਕੀਤੀ ਜਾ ਰਹੀ ਹੈ।
ਬਿਨਾਂ ਸਰਕਾਰੀ ਮਦਦ ਤੋਂ ਬਣਾਇਆ ਹਸਪਤਾਲ
ਇਸ ਵਿੱਚ ਸਭ ਤੋਂ ਅਹਿਮ ਹੈ ਕਿ ਪਸ਼ੂ ਹਸਪਤਾਲ ਬਿਨ੍ਹਾਂ ਕਿਸੇ ਸਰਕਾਰੀ ਮੱਦਦ ਤੋਂ ਬਣਾਇਆ ਗਿਆ ਹੈ ਅਤੇ ਜ਼ਖ਼ਮੀ ਗਊਵੰਸ਼ਾਂ ਦੇ ਇਲਾਜ਼ ਲਈ ਇੱਕ ਗਊ ਹਸਪਤਾਲ ਵੀ ਚਲਾਇਆ ਜਾ ਰਿਹਾ ਹੈ, ਜਿੱਥੇ ਜ਼ਖ਼ਮੀ ਗਾਵਾਂ ਲਈ 24 ਘੰਟੇ ਇੱਕ ਡਾਕਟਰ ਅਤੇ ਦਵਾਈਆਂ ਆਦਿ ਦੀ ਸੁਵਿਧਾ ਵੀ ਰੱਖੀ ਗਈ ਹੈ। ਸੰਸਥਾ ਦੇ ਪ੍ਰਬੰਧਕਾਂ ਨੇ ਸਰਕਾਰ ਵੱਲੋਂ ਕੋਈ ਮੱਦਦ ਨਾ ਦਿੱਤੇ ਜਾਣ ਉੱਤੇ ਰੋਸ ਵੀ ਜਤਾਇਆ ਹੈ।
![This organization has taken an important step for stray animals in Barnala, building a hospital for animals without government help.](https://etvbharatimages.akamaized.net/etvbharat/prod-images/07-02-2025/pb-bnl-splhospitalforanimals-pb10017_06022025210533_0602f_1738856133_580.jpg)
ਇਸ ਮੌਕੇ ਗਊ ਧਾਮ ਸੰਸਥਾ ਦੇ ਪ੍ਰਬੰਧਕ ਰਵੀ ਬਾਂਸਲ ਅਤੇ ਯੁਵਰਾਜ ਨੇ ਦੱਸਿਆ ਕਿ, "ਉਹਨਾਂ ਦੀ ਸੰਸਥਾ ਨੰਦੀ ਗਊ ਸੇਵਾ ਸੰਮਤੀ ਪਿਛਲੇ 6 ਸਾਲਾਂ ਤੋਂ ਬੇਸਹਾਰਾ ਗਊ ਵੰਸ਼ ਲਈ ਕਾਰਜ ਕਰ ਰਹੀ ਹੈ। ਇਸ ਦੌਰਾਨ ਉਨ੍ਹਾਂ ਵੱਲੋਂ ਸੜਕ ਹਾਦਸਿਆਂ ਵਿੱਚ ਜ਼ਖ਼ਮੀ ਹੋਈਆਂ ਗਾਵਾਂ ਦਾ ਇਲਾਜ ਵੀ ਕਰਵਾਇਆ ਜਾਂਦਾ ਹੈ। ਜਿਸ ਤਹਿਤ ਉਹ ਘਟਨਾ ਸਥਾਨ 'ਤੇ ਪਹੁੰਚ ਕੇ ਜ਼ਖ਼ਮੀ ਗਾਵਾਂ ਦੇ ਪੱਟੀਆਂ ਕਰਦੇ ਹਨ। ਇਸ ਤੋਂ ਇਲਾਵਾ ਉਹ ਸੰਗਰੂਰ ਵਿਖੇ ਜ਼ਖ਼ਮੀ ਗਊਆਂ ਨੂੰ ਭੇਜ ਦਿੰਦੇ ਹਨ। ਕੁਝ ਸਮਾਜ ਸੇਵੀ ਲੋਕਾਂ ਦੇ ਸਹਿਯੋਗ ਨਾਲ ਇੱਕ ਐਂਬੂਲੈਂਸ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਹੁਣ ਜ਼ਖ਼ਮੀ ਪਸ਼ੂਆਂ ਨੂੰ ਐਂਬੂਲੈਂਸ ਨਾਲ ਹਸਪਤਾਲ ਪਹੁੰਚਇਆ ਜਾਂਦਾ ਹੈ,'।
ਸਰਕਾਰ ਤੋਂ ਮਦਦ ਦੀ ਕੀਤੀ ਅਪੀਲ
ਸਮਾਜ ਸੇਵੀਆਂ ਮੁਤਾਬਿਕ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਜਗ੍ਹਾ ਲੈ ਕੇ ਗਾਵਾਂ ਲਈ ਹਸਪਤਾਲ ਤਿਆਰ ਕੀਤਾ ਹੈ। ਜਿੱਥੇ ਪੱਕੇ ਤੌਰ 'ਤੇ ਪਸ਼ੂਆਂ ਲਈ ਇੱਕ ਡਾਕਟਰ ਮੌਜੂਦ ਰਹਿੰਦਾ ਹੈ। ਜੋ ਲੋੜ ਪੈਣ 'ਤੇ ਇਲਜ ਅਤੇ ਦਵਾਈ ਤੁਰੰਤ ਦਿੰਦਾ ਹੈ। ਇੱਥੇ ਗਊਵੰਸ਼ ਲਈ ਦਵਾਈਆਂ, ਹਰਾ ਚਾਰਾ ਅਤੇ ਫ਼ੀਡ ਸਮੇਤ ਹਰ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਹਸਪਤਾਲ ਵਿੱਚ ਸੜਕ ਹਾਦਸਿਆਂ ਵਿੱਚ ਜ਼ਖ਼ਮੀ ਹੋਈਆਂ ਗਾਵਾਂ, ਕੁੱਤਿਆਂ ਵੱਲੋਂ ਵੱਢੀਆਂ ਗਈਆਂ ਗਾਵਾਂ ਅਤੇ ਬਿਮਾਰ ਗਊਆਂ ਦਾ ਇਲਾਜ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜਿੰਨਾਂ ਸਮਾਂ ਕਿਸੇ ਵੀ ਗਊਵੰਸ਼ ਦਾ ਇਲਾਜ਼ ਪੂਰਾ ਨਹੀਂ ਹੁੰਦਾ, ਉਸ ਗਾਂ ਨੂੰ ਹਸਪਤਾਲ ਵਿੱਚ ਹੀ ਰੱਖਿਆ ਜਾਂਦਾ ਹੈ। ਸਮਾਜ ਸੇਵੀ ਰਵੀ ਬਾਂਸਲ ਨੇ ਅਪੀਲ ਕੀਤੀ ਕਿ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਇਸ ਕਾਰਜ ਵਿੱਚ ਮਦਦ ਕੀਤੀ ਜਾਵੇ। ਇਸ ਜਗ੍ਹਾ ਇੱਕ ਵਾਰ ਸਿਰਫ਼ 20 ਤੋਂ 25 ਗਾਵਾਂ ਦਾ ਇਲਾਜ ਹੀ ਕੀਤਾ ਜਾ ਸਕਦਾ ਹੈ। ਜਿਸ ਕਰਕੇ ਉਨ੍ਹਾਂ ਨੂੰ ਜਗ੍ਹਾ ਦੀ ਘਾਟ ਹੈ, ਜਿਸ ਨੂੰ ਪੂਰਾ ਕਰਨ ਦੀ ਉਹ ਸਰਕਾਰ ਤੋਂ ਮੰਗ ਕਰਦੇ ਹਨ।