ਬਠਿੰਡਾ: ਜਨਵਰੀ ਮਹੀਨੇ 'ਚ ਅਣਪਛਾਤੇ ਹਮਲਾਵਰਾਂ ਵੱਲੋਂ ਯਸ਼ਪਿੰਦਰ ਸਿੰਘ ਨਾਮ ਦੇ ਵਕੀਲ ‘ਤੇ ਗੋਲੀਆਂ ਚਲਾਈਆਂ ਗਈਆਂ ਸਨ ਜਿਸ ਦਾ ਅੱਜ ਤੱਕ ਇਨਸਾਫ ਨਾ ਮਿਲਣ ਕਾਰਨ ਵਕੀਲ ਭਾਈਚਾਰਾ ਪੁਲਿਸ ਪ੍ਰਸ਼ਾਸਨ ਖ਼ਿਲਾਫ ਸੜਕਾਂ 'ਤੇ ਉਤਰ ਆਇਆ ਹੈ। ਇਸ ਤਹਿਤ ਅੱਜ ਬਠਿੰਡਾ ਬਾਰ ਐਸੋਸੀਏਸ਼ਨ ਵੱਲੋਂ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਵਕੀਲਾਂ ਦਾ ਇਲਜ਼ਾਮ ਹੈ ਕਿ ਪੁਲਿਸ ਮੁੱਦਈ ਦੀ ਸੁਣਨ ਦੇ ਬਜਾਏ ਉਸ ਉੱਤੇ ਹੀ ਇਲਜ਼ਾਮ ਲਗਾ ਰਹੀ ਹੈ ਕਿ ਉਕਤ ਵਕੀਲ ਨੇ ਆਪਣੇ ਉੱਤੇ ਗੋਲੀ ਖੁੱਦ ਚਲਵਾਈ ਹੈ। ਜਿਸ ਦਾ ਵਕੀਲ ਭਾਈਚਾਰੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ।
ਪੀੜਤ ਵਕੀਲ ਨੂੰ ਹੀ ਤੰਗ ਕਰ ਰਹੀ ਪੁਲਿਸ
ਸੀਨੀਅਰ ਵਕੀਲ ਨੇ ਕਿਹਾ ਕਿ, 'ਪੁਲਿਸ ਨੇ ਮੁੱਦਈ ਵਕੀਲ ਯਸ਼ਪਿੰਦਰ ਸਿੰਘ ਦੀ ਲਾਇਸੈਂਸੀ ਰਿਵਾਲਵਰ ਵੀ ਖੋਹ ਲਈ ਹੈ ਅਤੇ ਉਸ ਨੂੰ ਕਿਸੇ ਵੀ ਹਾਲ 'ਚ ਵਾਪਿਸ ਨਹੀਂ ਕੀਤਾ ਜਾ ਰਿਹਾ।। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਪਹਿਲਾਂ ਹਮਲਾ ਹੋਇਆ ਹੈ ਅਜਿਹਾ ਹਮਲਾ ਮੁੜ ਤੋਂ ਹੁੰਦਾ ਹੈ ਤਾਂ ਕੌਣ ਜ਼ਿੰਮੇਵਾਰ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਪੁਲਿਸ ਵਾਰ-ਵਾਰ ਤੰਗ ਕਰ ਰਹੀ ਹੈ, ਜਿਸ ਕਾਰਨ ਉਨ੍ਹਾਂ ਨੂੰ ਮਜਬੂਰੀ ਕਾਰਨ ਅੱਜ ਧਰਨਾ ਦੇਣਾ ਪੈ ਰਿਹਾ ਹੈ। ਪੁਲਿਸ ਵੱਲੋਂ ਕੋਈ ਕਾਰਵਾਈ ਨਾ ਕਰਨ ਅਤੇ ਮੁੱਦਈ ਨੂੰ ਹੀ ਡਰਾਉਣ ਧਮਕਾਉਣ ਕਾਰਨ ਹੀ ਅੱਜ ਅਣਮਿੱਥੇ ਸਮੇਂ ਲਈ ਬਾਰ ਐਸੋਸੀਏਸ਼ਨ ਬਠਿੰਡਾ ਵੱਲੋਂ ਹੜਤਾਲ 'ਤੇ ਜਾ ਕੇ ਐਸਐਸਪੀ ਦਫਤਰ ਦੇ ਸਾਹਮਣੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ,'।
ਪੁਲਿਸ ਕਰਮਚਾਰੀਆਂ ਖਿਲਾਫ ਕਾਰਵਾਈ ਦੀ ਮੰਗ
ਵਕੀਲਾਂ ਨੇ ਕਿਹਾ ਕਿ ਵਕੀਲ ਉੱਤੇ ਚੱਲੀ ਗੋਲੀ ਦੇ ਘਟਨਾਕ੍ਰਮ ਵਿੱਚ ਕਰੀਬ ਦੋ ਹਫਤੇ ਤੋਂ ਉੱਪਰ ਦਾ ਸਮਾਂ ਬੀਤ ਚੁੱਕਿਆ ਹੈ ਪਰ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ, ਨਾ ਹੀ ਦੋਸ਼ੀਆਂ ਦੀ ਪਹਿਚਾਣ ਕੀਤੀ ਗਈ ਹੈ ਅਤੇ ਜਿਨ੍ਹਾਂ ਮੁਲਜ਼ਮਾਂ ਦਾ ਨਾਮ ਦਿੱਤਾ ਹੈ ਉਨ੍ਹਾਂ ਖਿਲਾਫ ਕੋਈ ਐਕਸ਼ਨ ਨਹੀਂ ਲਿਆ ਜਾ ਰਿਹਾ। ਜਿਸ ਕਾਰਨ ਵਕੀਲ ਭਾਈਚਾਰੇ ਵਿੱਚ ਭਾਰੀ ਰੋਸ ਵੇਖਣ ਨੂੰ ਮਿਲ ਰਿਹਾ ਹੈ। ਵਕੀਲਾਂ ਨੇ ਕਿਹਾ ਕਿ ਜੇਕਰ ਆਉਂਦੇ ਦਿਨਾਂ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਵਕੀਲ ਯਸ਼ਪਿੰਦਰ ਪਾਲ ਸਿੰਘ ਉੱਤੇ ਹਮਲਾ ਕਰਨ ਵਾਲੇ ਮੁਲਜ਼ਮਾਂ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਉਹਨਾਂ ਵੱਲੋਂ ਸੂਬੇ ਭਰ ਵਿੱਚ ਹੜਤਾਲ ਦੀ ਕਾਲ ਦਿੱਤੀ ਜਾਵੇਗੀ ਅਤੇ ਇਨਸਾਫ਼ ਨਾ ਮਿਲਣ ਤੱਕ ਇਹ ਪ੍ਰਦਰਸ਼ਨ ਜਾਰੀ ਰਹੇਗਾ।