ਘਰ ਦੀ ਛੱਤ 'ਤੇ ਹੀ ਖੜੀ ਕਰ ਦਿੱਤੀ ਸਰਕਾਰੀ ਬੱਸ ਕਪੂਰਥਲਾ:ਪਿੰਡ ਕੰਗ ਸਾਹਬੂ ਦੇ ਪੀਆਰਟੀਸੀ ਤੋਂ ਰਿਟਾਇਰਡ ਰੇਸ਼ਮ ਸਿੰਘ ਦਾ ਘਰ ਵੱਖਰਾ ਹੀ ਵਿਖਾਈ ਦਿੰਦਾ ਹੈ। ਪੂਰੇ ਪਿੰਡ ਵਿੱਚ ਘਰ ਵੱਖਰਾ ਦਿਖਾਈ ਦੇਣ ਪਿਛੇ ਕਾਰਨ ਹੈ, ਉਨ੍ਹਾਂ ਦੇ ਘਰ ਦੀ ਛੱਤ, ਜਿੱਥੇ ਪੰਜਾਬ ਰੋਡਵੇਜ਼ ਦੀ ਬੱਸ ਖੜੀ ਹਾਈਵੇ ਤੋਂ ਵੀ ਦਿਖਾਈ ਦਿੰਦੀ ਹੈ। ਆਸ-ਪਾਸ ਦੇ ਲੋਕ ਤਾਂ ਇਸ ਨੂੰ ਵੇਖਣ ਆਉਂਦੇ ਹੀ ਹਨ, ਉਲਟਾ ਹਾਈਵੇ ਉੱਤੇ ਜਾਂਦੇ ਲੋਕ ਵੀ ਇਸ ਨੂੰ ਵੇਖੇ ਬਿਨਾਂ ਨਹੀਂ ਰਹਿ ਪਾਉਂਦੇ। ਦਰਅਸਲ, ਪੰਜਾਬ ਰੋਡਵੇਜ਼ ਦੇ ਸੇਵਾਮੁਕਤ ਮੁਲਾਜ਼ਮ ਰੇਸ਼ਮ ਸਿੰਘ ਨੇ ਆਪਣੇ ਘਰ ਦੀ ਛੱਤ ਉੱਤੇ ਇਹ ਪੰਜਾਬ ਰੋਡਵੇਜ਼ ਦੀ ਬੱਸ ਬਣਾਈ ਹੋਈ ਹੈ।
ਕਿਉਂ ਬਣਾਈ ਛੱਤ 'ਤੇ ਬੱਸ: ਜਦੋਂ ਪੱਤਰਕਾਰਾਂ ਨਾਲ ਰੇਸ਼ਮ ਸਿੰਘ ਨੇ ਗੱਲਬਾਤ ਕੀਤੀ, ਤਾਂ ਉਨ੍ਹਾਂ ਦੱਸਿਆ ਕਿ ਇਹ ਸ਼ੌਂਕ ਹੈ ਜਿਸ ਨੂੰ ਉਨ੍ਹਾਂ ਨੇ ਪੂਰਾ ਕੀਤਾ ਹੈ। ਪੀ.ਆਰ.ਟੀ.ਸੀ ਤੋਂ ਸੇਵਾਮੁਕਤ ਹੋਏ ਰੇਸ਼ਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਪੰਜਾਬ ਰੋਡਵੇਜ਼ ਦੇ ਟੈਕਨੀਕਲ ਵਿਭਾਗ ਵਿੱਚ 40-45 ਸਾਲ ਨੌਕਰੀ ਕੀਤੀ ਹੈ। ਸਾਲ 2013 ਵਿੱਚ ਉਹ ਆਪਣੇ ਨੌਕਰੀ ਤੋਂ ਰਿਟਾਇਰ ਹੋਏ ਹਨ। ਉਨ੍ਹਾਂ ਦੱਸਿਆ ਕਿ ਪੀਆਰਟੀਸੀ ਜਿੱਥੇ ਉਨ੍ਹਾਂ ਦੀ ਰੋਜ਼ੀ ਰੋਟੀ ਰਹੀ ਹੈ, ਉੱਥੇ ਹੀ ਮੇਰੀ ਜਾਇਦਾਦ ਵੀ ਹੈ ਅਤੇ ਹਰ ਕੋਈ ਆਪਣੀ ਜਾਇਦਾਦ ਨੂੰ ਸੰਜੋ ਕੇ ਰੱਖਦਾ ਹੈ। ਉਨ੍ਹਾਂ ਦੱਸਿਆ ਮੈਂ ਆਪਣੀ ਜਾਇਦਾਦ ਨੂੰ ਘਰ ਦੀ ਛੱਤ ਉੱਤੇ ਤਿਆਰ ਕਰਵਾ ਲਿਆ ਯਾਨੀ ਪੀਆਰਟੀਸੀ ਦੀ ਬੱਸ (PRTC Bus On Roof) ਤਿਆਰ ਕਰਵਾਈ। ਉਨ੍ਹਾਂ ਦੱਸਿਆ ਕਿ ਇਸ ਦਾ ਸਾਰਾ ਕੰਮ ਪੂਰਾ ਹੋ ਚੁੱਕਾ ਹੈ, ਸਿਰਫ਼ ਮੀਨਾਕਾਰੀ ਬਾਕੀ ਹੈ।
ਪੀਆਰਟੀਸੀ ਤੋਂ ਸੇਵਾਮੁਕਤ ਰੇਸ਼ਮ ਸਿੰਘ ਬੱਸ ਵਿੱਚ ਸਟੇਰਿੰਗ ਤੋਂ ਲੈ ਕੇ ਸੀਟਾਂ ਵੀ:ਰੇਸ਼ਮ ਸਿੰਘ ਨੇ ਦੱਸਿਆ ਕਿ ਇਹ ਬੱਸ ਘਰ ਦੀ ਛੱਤ ਉੱਤੇ ਬਣੀ ਹੋਣ ਕਰਕੇ ਹਾਈਵੇਅ ਤੋਂ ਵੀ ਦਿਖਾਈ ਦਿੰਦੀ ਹੈ। ਇਸ ਬੱਸ ਵਿੱਚ ਸਟੇਰਿੰਗ ਤੋਂ ਲੈ ਕੇ ਸੀਟਾਂ, ਐਲਈਡੀ ਸਣੇ ਉਹ ਹਰ ਨਿੱਕੀ ਚੀਜ਼ ਬਣਾਈ ਹੈ, ਜੋ ਹਰ ਪੰਜਾਬ ਰੋਡਵੇਜ਼ ਦੀ ਬੱਸ ਵਿੱਚ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਇਸ ਬੱਸ ਉੱਤੇ ਢਾਈ ਤੋਂ ਤਿੰਨ ਲੱਖ ਰੁਪਏ ਦਾ ਖ਼ਰਚ ਆ ਚੁੱਕੀ ਹੈ। ਰੇਸ਼ਮ ਸਿੰਘ ਨੇ ਕਿਹਾ ਕਿ ਅਜੇ ਵੀ ਜੋ ਕੁਝ ਹੋਰ ਮਨ ਵਿੱਚ ਆਉਂਦਾ ਹੈ, ਤਾਂ ਉਹ ਇਸ ਬੱਸ ਵਿੱਚ ਜੋੜਦੇ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਸਾਲ 2018 ਵਿੱਚ ਬੱਸ ਬਣਾਉਣੀ ਸ਼ੁਰੂ ਕੀਤੀ ਸੀ, ਪਰ ਕੋਰੋਨਾਕਾਲ ਆਉਣ ਕਰਕੇ ਵਿੱਚ ਕੰਮ ਰੁਕ ਗਿਆ, ਫਿਰ ਪਰਿਵਾਰ ਤੇ ਖੁਦ ਬਿਮਾਰ ਪੈ ਗਏ ਸੀ। ਠੀਕ ਹੋਣ ਤੋਂ ਬਾਅਦ ਮੁੜ ਸਾਰਾ ਕੰਮ ਸ਼ੁਰੂ ਕੀਤੀ।
ਪਿੱਡ ਵਿੱਚ ਇਹ 'ਬੱਸ ਵਾਲਾ ਘਰ' ਮਸ਼ਹੂਰ : ਰੇਸ਼ਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਬੱਸ ਬਾਰੇ ਅਜੇ ਤੱਕ ਕਿਸੇ ਵੀ ਪੀ.ਆਰ.ਟੀ.ਸੀ ਮੁਲਾਜ਼ਮ ਨੂੰ ਸੂਚਿਤ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਜਦੋਂ ਵੀ ਉਹ ਉਨ੍ਹਾਂ ਨੂੰ ਕਹਿਣਗੇ ਤਾਂ ਪੀ.ਆਰ.ਟੀ.ਸੀ ਦੇ ਸਕੱਤਰ ਅਤੇ ਯੂਨੀਅਨ ਦੇ ਹੋਰ ਵਰਕਰ ਵੀ ਉਨ੍ਹਾਂ ਨੂੰ ਮਿਲਣ ਆਉਣਗੇ। ਰਿਟਾਇਰਮੈਂਟ ਤੋਂ ਬਾਅਦ ਉਨ੍ਹਾਂ ਨੇ ਬੱਸ ਬਣਾਉਣ ਦਾ ਸੋਚਿਆ ਸੀ ਜਿਸ ਨੂੰ ਉਹ ਪੂਰਾ (Punjab Roadways Employee Resham Singh) ਕਰ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਅੱਜ ਆਪਣਾ ਸੁਪਨਾ ਪੂਰਾ ਹੁੰਦਾ ਦੇਖ ਕੇ ਚੰਗਾ ਲੱਗਦਾ ਹੈ। ਇਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਮੇਰੇ ਪਿੰਡ ਵਿੱਚ ਮੇਰਾ ਘਰ ਹੁਣ ਇਸ ਪੀਆਰਟੀਸੀ ਬੱਸ ਵਾਲਾ ਘਰ ਵਜੋਂ ਮਸ਼ਹੂਰ ਹੋ ਚੁੱਕਾ ਹੈ। ਉਨ੍ਹਾਂ ਨੂੰ ਆਸ ਹੈ ਕਿ ਅੱਗੋ ਉਨ੍ਹਾਂ ਦੇ ਪੋਤੇ-ਪੋਤੀਆਂ ਇਸ ਬੱਸ ਦਾ ਪੂਰਾ ਧਿਆਨ ਰੱਖਣਗੇ।