ਭਾਜਪਾ ਨੇ ਘੇਰੀ ਪੰਜਾਬ ਸਰਕਾਰ ਤਾਂ ਨਿਹੰਗ ਸਿੰਘਾਂ ਨੇ ਵੀ ਦੇ ਦਿੱਤੀ ਚਿਤਾਵਨੀ (ETV BHARAT PUNJAB (ਲੁਧਿਆਣਾ ਰਿਪੋਟਰ)) ਲੁਧਿਆਣਾ: ਜ਼ਿਲ੍ਹਾ ਲੁਧਿਆਣਾ ਵਿੱਚ ਅੱਜ ਸ਼ਿਵ ਸੈਨਾ ਆਗੂ ਉੱਤੇ ਨਿਹੰਗ ਸਿੰਘਾਂ ਦੇ ਬਾਣੇ ਵਿੱਚ ਆਏ ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਜਾਨਲੇਵਾ ਹਮਲਾ ਕਰ ਦਿੱਤਾ। ਇਸ ਹਮਲੇ ਤੋਂ ਬਾਅਦ ਪੰਜਾਬ ਵਿੱਚ ਸਿਆਸਤ ਨੇ ਜ਼ੋਰ ਫੜ੍ਹ ਲਿਆ ਹੈ। ਕਾਂਗਰਸ ਦੇ ਲੁਧਿਆਣਾ ਤੋਂ ਸੰਸਦ ਮੈਂਬਰ ਅਤੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਐਕਸ ਉੱਤੇ ਪੋਸਟ ਕਰਕੇ ਕਿਹਾ ਹੈ ਕਿ ਸੂਬੇ ਅੰਦਰ ਕਾਨੂੰਨ ਵਿਵਸਥਾ ਦਾ ਜਨਾਜ਼ਾ ਨਿਕਲ ਚੁੱਕਾ ਹੈ। ਸੀਐੱਮ ਪੰਜਾਬ ਨੂੰ ਮਾਮਲੇ ਉੱਤੇ ਠੋਸ ਕਾਰਵਾਈ ਕਰਨੀ ਚਾਹੀਦੀ ਹੈ।
ਭਾਜਪਾ ਆਗੂਆਂ ਦੇ ਸਿਆਸੀ ਤੰਜ:ਭਾਜਪਾ ਦੇ ਸੂਬਾ ਮੀਤ ਪ੍ਰਧਾਨ ਡਾ, ਸੁਭਾਸ਼ ਸ਼ਰਮਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਅੱਜ ਲੁਧਿਆਣਾ ਵਿਖੇ ਸ਼ਿਵ ਸੈਨਾ ਆਗੂ ਅਤੇ ਅਮਰ ਸ਼ਹੀਦ ਸੁਖਦੇਵ ਗੋਰਾ ਥਾਪਰ ਦੇ ਵੰਸ਼ਜ 'ਤੇ ਹੋਏ ਜਾਨਲੇਵਾ ਹਮਲੇ ਦੀ ਸਖ਼ਤ ਨਿੰਦਾ ਕਰਦੀ ਹੈ। ਸੁਭਾਸ਼ ਸ਼ਰਮਾ ਨੇ ਕਿਹਾ ਕਿ ਪੰਜਾਬ ਵਿੱਚ ਅਮਨ-ਕਾਨੂੰਨ ਦੀ ਸਥਿਤੀ ਲਗਾਤਾਰ ਵਿਗੜਦੀ ਜਾ ਰਹੀ ਹੈ ਪਰ ਮੰਦਭਾਗੀ ਗੱਲ ਇਹ ਹੈ ਕਿ ਗ੍ਰਹਿ ਮੰਤਰੀ ਦਾ ਚਾਰਜ ਵੀ ਸੰਭਾਲਣ ਵਾਲੇ ਸਾਡੇ ਮੁੱਖ ਮੰਤਰੀ ਅਮਨ-ਕਾਨੂੰਨ ਦੀ ਵਿਵਸਥਾ ਨੂੰ ਕਾਇਮ ਰੱਖਣ ਵਿੱਚ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਏ ਹਨ। ਉਨ੍ਹਾਂ ਦਾ ਧਿਆਨ ਝੂਠੇ ਇਸ਼ਤਿਹਾਰਬਾਜ਼ੀ, ਬਿਆਨਬਾਜ਼ੀ ਅਤੇ ਚੋਣਾਂ 'ਤੇ ਹੈ।
ਉਨ੍ਹਾਂ ਕਿਹਾ ਕਿ ਪੂਰੀ ਸਰਕਾਰ ਅਜੇ ਵੀ ਜਲੰਧਰ ਦੇ ਲੋਕਾਂ ਨੂੰ ਡਰਾਉਣ ਧਮਕਾਉਣ 'ਤੇ ਲੱਗੀ ਹੋਈ ਹੈ ਤਾਂ ਜੋ ਜਲੰਧਰ ਦੀ ਉਪ ਚੋਣ ਜਿੱਤੀ ਜਾ ਸਕੇ। ਕੁਝ ਮਹੀਨੇ ਪਹਿਲਾਂ ਨੰਗਲ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਆਗੂ ਵਿਕਾਸ ਪ੍ਰਭਾਕਰ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ ਸੀ ਅਤੇ ਅੱਜ ਗੋਰਾ ਥਾਪਰ 'ਤੇ ਜਾਨਲੇਵਾ ਹਮਲਾ ਹੋਇਆ ਹੈ। ਇਸ ਲਈ ਮੁੱਖ ਮੰਤਰੀ ਨੂੰ ਕੁੰਭਕਰਨੀ ਨੀਂਦ ਤੋਂ ਜਾਗਣ ਦੀ ਬੇਨਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸੜ ਰਿਹਾ ਹੈ ਅਤੇ ਪੰਜਾਬ ਦੇ ਹਾਲਾਤ ਦਿਨ-ਬ-ਦਿਨ ਵਿਗੜ ਰਹੇ ਹਨ।
ਸ਼ਹੀਦ ਸ਼ੁਖਦੇਵ ਥਾਪਰ ਦੇ ਵੰਸ਼ਜ ਉੱਤੇ ਸ਼ਰੇਆਮ ਹਮਲਾ:ਸੁਭਾਸ਼ ਸ਼ਰਮਾ ਨੇ ਅੱਜੇ ਆਖਿਆ ਕਿ ਜੋ ਤਾਕਤਾਂ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨਾ ਚਾਹੁੰਦੀਆਂ ਹਨ, ਉਨ੍ਹਾਂ ਦੇ ਹੌਸਲੇ ਬੁਲੰਦ ਹਨ ਕਿਉਂਕਿ ਮਾਨਯੋਗ ਸਰਕਾਰ ਕੋਈ ਕਾਰਵਾਈ ਨਹੀਂ ਕਰ ਰਹੀ। ਡਾ: ਸੁਭਾਸ਼ ਸ਼ਰਮਾ ਨੇ ਸੀ.ਐਮ ਮਾਨ ਨੂੰ ਅਪੀਲ ਕੀਤੀ ਕਿ ਉਹ ਆਪਣੇ ਫਰਜ਼ ਅਤੇ ਜ਼ਿੰਮੇਵਾਰੀ ਨੂੰ ਸਮਝਣ ਅਤੇ ਪੰਜਾਬ ਵਿੱਚ ਕਾਨੂੰਨ ਦਾ ਰਾਜ ਸਥਾਪਤ ਕਰਨ। ਇਸ ਤੋਂ ਇਲਾਵਾ ਅਨਿਲ ਸਰੀਨ ਨੇ ਵੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ । ਉਨ੍ਹਾਂ ਆਖਿਆ ਕਿ ਸ਼ਹੀਦ ਸ਼ੁਖਦੇਵ ਥਾਪਰ ਦੇ ਵੰਸ਼ਜ ਉੱਤੇ ਸ਼ਰੇਆਮ ਹਮਲਾ ਹੋਣਾ ਪੰਜਾਬ ਵਿੱਚ ਮਰ ਚੁੱਕੀ ਕਾਨੂੰਨ ਵਿਵਸਥਾ ਵੱਲ ਇਸ਼ਾਰਾ ਕਰਦਾ ਹੈ।
ਨਿਹੰਗ ਸਿੰਘਾਂ ਦੀ ਚਿਤਾਵਨੀ: ਦੂਜੇ ਪਾਸੇ ਮਾਮਲੇ ਉੱਤੇ ਨਿਹੰਗ ਸਿੰਘਾਂ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ। ਉਨ੍ਹਾਂ ਵੀਡੀਓ ਵਿੱਚ ਕਿਹਾ ਹੈ ਕਿ ਜੋ ਵੀ ਸਿੱਖ ਧਰਮ ਅਤੇ ਸਿਧਾਂਤਾ ਬਾਰੇ ਮੰਦਾ ਬੋਲੇਗਾ ਉਸ ਨੂੰ ਇਸੇ ਤਰ੍ਹਾਂ ਸਿੰਘ ਸਬਕ ਸਿਖਾਉਂਦੇ ਰਹਿਣਗੇ। ਇਸ ਲਈ ਹੋਰ ਵੀ ਸੋਚ-ਸਮਝ ਕੇ ਬਿਆਨਬਾਜ਼ੀ ਕਰਨ।