ਲੁਧਿਆਣਾ:ਜ਼ਿਲ੍ਹਾ ਲੁਧਿਆਣਾ ਦੀ ਕੇਸਰਗੰਜ ਮੰਡੀ ਵਿੱਚ ਅੱਜ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਨਕਲੀ ਜੀਐੱਸਟੀ ਅਫਸਰ ਬਣ ਕੇ ਬਜ਼ਾਰ ਦੇ ਵਿੱਚ ਘੁੰਮ ਰਹੇ ਅਧਿਕਾਰੀਆਂ ਨੂੰ ਦੁਕਾਨਦਾਰਾਂ ਨੇ ਕਾਬੂ ਕਰ ਲਿਆ ਅਤੇ ਉਸ ਤੋਂ ਬਾਅਦ ਉਨ੍ਹਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਮੁਲਜ਼ਮਾਂ ਦੇ ਕੋਲੋਂ ਕੁਝ ਆਈਡੀ ਕਾਰਡ ਵੀ ਬਰਾਮਦ ਹੋਏ ਹਨ। ਆਈਡੀ ਕਾਰਡ ਉੱਤੇ ਆਸ਼ੀਸ਼ ਵਰਮਾ ਲਿਖਿਆ ਹੋਇਆ ਹੈ।
ਫਰਜ਼ੀ ਜੀਐੱਸਟੀ ਅਫਸਰਾਂ ਨੂੰ ਲੋਕਾਂ ਨੇ ਕੀਤਾ ਕਾਬੂ (ETV BHARAT PUNJAB (ਰਿਪੋਟਰ,ਲੁਧਿਆਣਾ)) ਨਕਲੀ ਅਫਸਰਾਂ ਦਾ ਹੋਇਆ ਅਸਲੀ ਕੁਟਾਪਾ
ਲੋਕਾਂ ਨੇ ਪਹਿਲਾਂ ਰੀਝ ਨਾਲ ਨਕਲੀ ਜੀਐੱਸਟੀ ਅਧਿਕਾਰੀਆਂ ਦੀ ਕੁੱਟਮਾਰ ਕੀਤੀ ਅਤੇ ਉਸ ਤੋਂ ਬਾਅਦ ਫਿਰ ਪੁਲਿਸ ਦੇ ਹਵਾਲੇ ਕਰ ਦਿੱਤਾ। ਦੁਕਾਨਦਾਰਾਂ ਨੇ ਦੱਸਿਆ ਕਿ ਉਹ ਪਹਿਲਾਂ ਹੀ ਅਸਲੀ ਜੀਐੱਸਟੀ ਅਫਸਰਾਂ ਤੋਂ ਪ੍ਰੇਸ਼ਾਨ ਸਨ ਅਤੇ ਹੁਣ ਨਕਲੀ ਵੀ ਆ ਕੇ ਪਰੇਸ਼ਾਨ ਕਰਨ ਲੱਗ ਗਏ ਹਨ। ਉਹਨਾਂ ਕਿਹਾ ਕਿ ਅਸੀਂ ਪੁਲਿਸ ਨੂੰ ਮੌਕੇ ਉੱਤੇ ਸੱਦਿਆ ਹੈ ਅਤੇ ਪੁਲਿਸ ਨੇ ਕੁੱਝ ਦੇਰ ਮਗਰੋਂ ਆ ਕੇ ਇਨ੍ਹਾਂ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ।
ਪੁਲਿਸ ਨੇ ਕੀਤੀ ਕਾਰਵਾਈ
ਮੌਕੇ ਉੱਤੇ ਪਹੁੰਚੇ ਏਐੱਸਆਈ ਪਰਮਜੀਤ ਸਿੰਘ ਨੇ ਦੱਸਿਆ ਕਿ ਸਾਨੂੰ ਦੁਕਾਨਦਾਰਾਂ ਨੇ ਇਸ ਦੀ ਜਾਣਕਾਰੀ ਦਿੱਤੀ ਸੀ। ਜਿਸ ਤੋਂ ਬਾਅਦ ਅਸੀਂ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਨੂੰ ਨਾਲ ਲਿਜਾ ਰਹੇ ਹਨ। ਪੁਲਿਸ ਮੁਤਾਬਿਕ ਤਿਉਹਾਰਾਂ ਦੇ ਮੱਦੇਨਜ਼ਰ ਬਜ਼ਾਰਾਂ ਵਿੱਚ ਰੌਣਕਾਂ ਲੱਗੀਆਂ ਰਹਿੰਦੀਆਂ ਹਨ ਅਤੇ ਉਸ ਦਾ ਫਾਇਦਾ ਚੁੱਕ ਕੇ ਇਹ ਦੁਕਾਨਦਾਰਾਂ ਨੂੰ ਡਰਾ ਧਮਕਾ ਕੇ ਉਹਨਾਂ ਤੋਂ ਪੈਸੇ ਇਕੱਠੇ ਕਰਦੇ ਹਨ। ਜਦੋਂ ਅੱਜ ਇਹ ਦੁਕਾਨਾਂ ਕੋਲ ਪਹੁੰਚੇ ਤਾਂ ਲੋਕਾਂ ਨੂੰ ਸ਼ੱਕ ਹੋਇਆ, ਦੁਕਾਨਦਾਰਾਂ ਨੇ ਇਹਨਾਂ ਤੋਂ ਆਈਡੀ ਕਾਰਡ ਮੰਗੇ। ਜਿਸ ਤੋਂ ਬਾਅਦ ਪਤਾ ਲੱਗਾ ਕਿ ਇਹ ਨਕਲੀ ਜੀਐੱਸਟੀ ਅਧਿਕਾਰੀ ਹਨ। ਉਸ ਤੋਂ ਬਾਅਦ ਲੋਕਾਂ ਨੇ ਪਹਿਲਾਂ ਇਹਨਾਂ ਦਾ ਕੁਟਾਪਾ ਚਾੜਿਆ ਅਤੇ ਫਿਰ ਦੁਕਾਨਦਾਰਾਂ ਨੇ ਫੜ ਕੇ ਇਹਨਾਂ ਮੁਲਜ਼ਮਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਪੁਲਿਸ ਨੇ ਮਾਮਲੇ ਦੀ ਜਾਂਚ ਕਰਨ ਦੀ ਗੱਲ ਆਖੀ ਹੈ।