NEW RESEARCH DONE BY PAU LUDHIANA ਲੁਧਿਆਣਾ:ਲੁਧਿਆਣਾ ਦੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਕਸਰ ਹੀ ਆਪਣੀਆਂ ਨਵੀਆਂ ਖੋਜਾਂ ਕਰਕੇ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ। ਇਸ ਵਾਰ ਲੁਧਿਆਣਾ ਦੇ ਪਲਾਂਟ ਬਰੀਡਿੰਗ ਵਿਭਾਗ ਵੱਲੋਂ 9 ਸਾਲ ਦੀ ਮਿਹਨਤ ਤੋਂ ਬਾਅਦ ਗਰਮ ਰੁੱਤ ਮੂੰਗੀ ਦੀ ਐਸਐਮਐਲ 1827 ਕਿਸਮ ਕਿਸਾਨਾਂ ਨੂੰ ਸਿਫਾਰਿਸ਼ ਕੀਤੀ ਗਈ ਹੈ। ਜੋ ਕਿ ਕਿਸਾਨਾਂ ਲਈ ਕਾਫੀ ਲਾਹੇਵੰਦ ਸਾਬਿਤ ਹੋ ਸਕਦੀ ਹੈ। ਪਲਾਂਟ ਬਰੀਡਿੰਗ ਵਿਭਾਗ ਦੀ ਪਲਸਿਸ ਵਿਭਾਗ ਦੀ ਪ੍ਰਿੰਸੀਪਲ ਵਿਗਿਆਨੀ ਡਾਕਟਰ ਆਰ ਕੇ ਗਿੱਲ ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਹੈ। ਮੂੰਗੀ ਦੀ ਇਹ ਕਿਸਮ ਦਾ ਇੱਕ ਏਕੜ ਤੋਂ ਘੱਟੋ ਘੱਟ ਝਾੜ ਪੰਜ ਕੁਇੰਟਲ ਹੈ ਜਦੋਂ ਕਿ ਅੱਗੇ ਜਾ ਕੇ ਇਸ ਦਾ ਝਾੜ ਅੱਠ ਤੋਂ ਨੌ ਕੁਇੰਟਲ ਤੱਕ ਪ੍ਰਤੀ ਏਕੜ ਵੀ ਪਹੁੰਚ ਸਕਦਾ ਹੈ, ਜਿਸ ਤੋਂ ਕਿਸਾਨ ਕਾਫੀ ਮੁਨਾਫਾ ਕਮਾ ਸਕਦੇ ਹਨ। ਮੂੰਗੀ ਦੀ ਇਹ ਕਿਸਮ ਲਾਉਣ ਦਾ ਢੁਕਵਾਂ ਸਮਾਂ 20 ਮਾਰਚ ਤੋਂ ਲੈ ਕੇ 20 ਅਪ੍ਰੈਲ ਤੱਕ ਦਾ ਹੈ। ਕਿਸਾਨ ਇਹਨਾਂ ਦਿਨਾਂ ਦੇ ਵਿੱਚ ਇਸ ਨੂੰ ਲਗਾ ਸਕਦੇ ਹਨ ਅਤੇ ਮਹਿਜ਼ 62 ਦਿਨ ਦੇ ਵਿੱਚ ਇਹ ਤਿਆਰ ਹੋ ਜਾਂਦੀ ਹੈ।
ਕਿਸਾਨਾਂ ਲਈ ਲਾਹੇਵੰਦ:ਪੀਏਯੂ ਦੀ ਮਾਹਰ ਡਾਕਟਰ ਆਰ ਕੇ ਗਿੱਲ ਨੇ ਦੱਸਿਆ ਹੈ ਕਿ ਜਿਹੜੇ ਕਿਸਾਨ ਇੱਕ ਸਾਲ ਦੇ ਵਿੱਚ ਤਿੰਨ ਫਸਲਾਂ ਆਪਣੀ ਜ਼ਮੀਨ ਦੇ ਵਿੱਚੋਂ ਲੈਣਾ ਚਾਹੁੰਦੇ ਹਨ, ਉਹਨਾਂ ਲਈ ਇਹ ਕਿਸਮ ਕਾਫੀ ਲਾਹੇਵੰਦ ਹੈ। ਉਹਨਾਂ ਕਿਹਾ ਕਿ ਇਹ ਮੂੰਗੀ ਦੀ ਫਸਲ ਲਾਉਣ ਦਾ ਢੁਕਵਾਂ ਸਮਾਂ ਅਪ੍ਰੈਲ ਦੇ ਪਹਿਲੇ ਪੰਦਰਵਾੜਾ ਹੈ। ਜੋ ਕਿ ਇਸ ਦੇ ਲਈ ਕਾਫੀ ਢੁਕਵਾਂ ਹੈ ਪਰ 20 ਅਪ੍ਰੈਲ ਤੋਂ ਬਾਅਦ ਇਸ ਨੂੰ ਲਾਣਾ ਸਹੀ ਨਹੀਂ ਹੈ ਕਿਉਂਕਿ ਇਸ ਨੂੰ ਜਿਆਦਾ ਗਰਮੀ ਲੱਗ ਜਾਂਦੀ ਹੈ। ਉਹਨਾਂ ਕਿਹਾ ਕਿ ਇਸ ਫਸਲ ਦੇ ਨਾਲ ਕਿਸਾਨ ਕਾਫੀ ਫਾਇਦਾ ਲੈ ਸਕਦੇ ਹਨ ਕਿਉਂਕਿ ਇਸ ਦੇ ਦਾਣੇ ਮੱਧਿਅਮ ਅਤੇ ਚਮਕਦਾਰ ਹੁੰਦੇ ਹਨ। ਮੰਡੀਕਰਨ ਦੇ ਵਿੱਚ ਇਹ ਕਾਫੀ ਲਾਹੇਬੰਦ ਹਨ। ਇੱਕ ਏਕੜ ਦੇ ਵਿੱਚ ਘੱਟੋ ਘੱਟ ਪੰਜ ਕੁਇੰਟਲ ਝਾੜ ਦੇ ਨਾਲ ਇਸਦੀ ਸ਼ੁਰੂਆਤ ਹੋ ਜਾਂਦੀ ਹੈ ਅਤੇ ਅੱਠ ਤੋਂ ਨੋ ਕੁਇੰਟਲ ਤੱਕ ਵੀ ਕਿਸਾਨ ਜੇਕਰ ਇਸ ਦੀ ਸਾਂਭ ਸੰਭਾਲ ਰੱਖਣ ਤਾਂ ਆਸਾਨੀ ਨਾਲ ਲੈ ਸਕਦੇ ਹਨ।
ਪੀਲੇ ਪੱਤੇ ਤੋ ਰਹਿਤ : ਮਾਹਰ ਡਾਕਟਰ ਨੇ ਦੱਸਿਆ ਹੈ ਕਿ ਪੀਆਈਯੂ ਦੇ ਪਲਾਂਟ ਬਰੀਡਿੰਗ ਵਿਭਾਗ ਵੱਲੋਂ ਇਹ ਨੌ ਸਾਲ ਦੀ ਸਖਤ ਮਿਹਨਤ ਤੋਂ ਬਾਅਦ ਤਿਆਰ ਕੀਤੀ ਗਈ ਮੂੰਗੀ ਦੀ ਕਿਸਮ ਹੈ। ਉਹਨਾਂ ਕਿਹਾ ਕਿ ਮੂੰਗੀ ਦੀਆਂ ਹੋਰ ਕਿਸਮਾਂ ਵੀ ਆਉਂਦੀਆਂ ਹਨ ਪਰ ਇਸ ਨੂੰ ਵਿਸ਼ੇਸ਼ ਤੌਰ ਤੇ ਰਾਈਸ ਬੀਨਸ ਦੇ ਜਿਨਸ ਨਾਲ ਬਣਾਇਆ ਗਿਆ ਹੈ, ਜਿਸ ਕਰਕੇ ਇਸ ਦੇ ਪੱਤੇ ਪੀਲੇ ਨਹੀਂ ਪੈਂਦੇ। ਉਹਨਾਂ ਕਿਹਾ ਕਿ ਇਸ ਨੂੰ ਪਾਣੀ ਦੀ ਵੀ ਬਹੁਤ ਘੱਟ ਲੋੜ ਪੈਂਦੀ ਹੈ। 62 ਦਿਨ ਦੇ ਵਿੱਚ ਮਹਿਜ਼ ਇਸ ਨੂੰ ਦੋ ਤੋਂ ਤਿੰਨ ਪਾਣੀਆਂ ਦੀ ਹੀ ਲੋੜ ਪੈਂਦੀ ਹੈ। ਉਹਨਾਂ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਧਰਤੀ ਹੇਠਲਾ ਪਾਣੀ ਡੂੰਘਾ ਹੁੰਦਾ ਜਾ ਰਿਹਾ ਹੈ। ਅਜਿਹੇ ਦੇ ਵਿੱਚ ਮੂੰਗੀ ਦੀ ਫਸਲ ਕਿਸਾਨਾਂ ਲਈ ਕਾਫੀ ਲਾਹੇਵੰਦ ਹੈ। ਇਸ ਨਾਲ ਖੇਤ ਦੀ ਉਪਜਾਊ ਸ਼ਕਤੀ ਵੀ ਵੱਧਦੀ ਹੈ। ਉਹਨਾਂ ਕਿਹਾ ਕਿ ਜਦੋਂ ਵਾਰ-ਵਾਰ ਅਸੀਂ ਇੱਕੋ ਹੀ ਫਸਲਾ ਲਾਉਂਦੇ ਹਨ ਤਾਂ ਇਸ ਦਾ ਨੁਕਸਾਨ ਹੋਣਾ ਸ਼ੁਰੂ ਹੋ ਜਾਂਦਾ ਹੈ।
ਭਾਰਤ ਕਰਦਾ ਹੈ ਦਾਲਾ ਇਮਪੋਰਟ: ਸਾਡੇ ਦੇਸ਼ ਦੇ ਵਿੱਚ ਦਾਲਾਂ ਦੀ ਵੱਡੀ ਗਿਣਤੀ ਦੇ ਅੰਦਰ ਖਪਤ ਹੈ, ਲੱਖਾਂ ਟਨ ਦਾਲਾਂ ਦੀ ਸਲਾਨਾ ਖਪਤ ਹੁੰਦੀ ਹੈ, ਪਰ ਇੰਨੀ ਵੱਡੀ ਖਪਤ ਹੋਣ ਦੇ ਬਾਵਜੂਦ ਭਾਰਤ ਦੇ ਵਿੱਚ ਦਾਲਾਂ ਦੀ ਪੈਦਾਵਾਰ ਖਪਤ ਦੇ ਮੁਤਾਬਿਕ ਕਾਫੀ ਘੱਟ ਹੁੰਦੀ ਹੈ ਇਸ ਕਰਕੇ ਭਾਰਤ ਵੱਲੋਂ ਗੁਆਂਢੀ ਮੁਲਕਾਂ ਤੋਂ ਜਿਵੇਂ ਕਿ ਰੂਸ ਅਤੇ ਯੂਕਰੇਨ ਅਤੇ ਹੋਰ ਕਈ ਮੁਲਕਾਂ ਤੋਂ ਦਾਲਾਂ ਦੀ ਦਰਾਮਦ ਕਰਵਾਈ ਜਾਂਦੀ ਹੈ। ਪਰ ਜੇਕਰ ਕਿਸਾਨ ਪੰਜਾਬ ਦੇ ਵਿੱਚ ਜਾਂ ਫਿਰ ਦੇਸ਼ ਦੇ ਹੋਰਨਾਂ ਹਿੱਸਿਆਂ ਦੇ ਵਿੱਚ ਦਾਲਾਂ ਲਾਉਂਦੇ ਹਨ ਤਾਂ ਨਾ ਸਿਰਫ ਭਾਰਤ ਦੀ ਹੋਰਨਾ ਮੁਲਕਾਂ ਤੇ ਦਾਲਾਂ ਤੇ ਨਿਰਭਰਤਾ ਘਟੇਗੀ ਸਗੋਂ ਫਸਲੀ ਵਿਭਿੰਨਤਾ ਨੂੰ ਵੀ ਉਸ ਦੇ ਨਾਲ ਕਾਫੀ ਫਾਇਦਾ ਹੋਵੇਗਾ। ਡਾਕਟਰ ਆਰ ਕੇ ਗਿੱਲ ਨੇ ਕਿਹਾ ਕਿ ਇਹ ਬਹੁਤ ਜਰੂਰੀ ਹੈ ਦਾਲਾਂ ਨੂੰ ਲਾਉਣਾ ਚਾਹੀਦਾ ਹੈ। ਸਾਡੇ ਕਿਸਾਨਾਂ ਨੂੰ ਇਸ ਵੱਲ ਧਿਆਨ ਦੇਣ ਦੀ ਲੋੜ ਹੈ। ਉਹਨਾਂ ਕਿਹਾ ਕਿ ਅਸੀਂ ਫਸਲੀ ਵਿਭਿੰਨਤਾ ਨੂੰ ਪ੍ਰਫੱਲਿਤ ਕਰ ਰਹੇ ਹਾਂ, ਜਿਸ ਕਰਕੇ ਪੀਏਯੂ ਵੱਲੋਂ ਇਹ ਕਿਸਮ ਕਿਸਾਨਾਂ ਲਈ ਸਿਫਾਰਿਸ਼ ਕੀਤੀ ਗਈ ਹੈ।