ਲੁਧਿਆਣਾ :ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪ੍ਰਚਾਰ ਸਿਖਰਾਂ 'ਤੇ ਹੈ। ਇਸ ਦੌਰਾਨ ਭਾਜਪਾ ਉਮੀਦਵਾਰਾਂ ਨੂੰ ਲਗਾਤਾਰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌਰਾਨ ਅੱਜ ਲੁਧਿਆਣਾ ਵਿਖੇ ਭਾਜਪਾ ਦੇ ਉਮੀਦਵਾਰ ਰਵਨੀਤ ਬਿੱਟੂ ਦਾ ਉਸ ਵੇਲੇ ਕਿਸਾਨ ਜਥੇਬੰਦੀਆਂ ਵੱਲੋਂ ਜ਼ੋਰਦਾਰ ਵਿਰੋਧ ਕੀਤਾ ਗਿਆ, ਜਦੋਂ ਉਹ ਪਿੰਡ ਮੁਕੰਦਪੁਰ ਵਿੱਚ ਚੋਣ ਪ੍ਰਚਾਰ ਲਈ ਪਹੁੰਚੇ ਹੋਏ ਸਨ, ਇਸ ਦੌਰਾਨ ਪਹਿਲਾਂ ਤੋਂ ਹੀ ਤਿਆਰ ਕਿਸਾਨ ਜਥੇਬੰਦੀਆਂ ਵੱਲੋਂ ਉਮੀਦਵਾਰ ਰਵਨੀਤ ਬਿੱਟੂ ਨੂੰ ਕਾਲੀਆਂ ਝੰਡੀਆਂ ਵਿਖਾ ਕੇ ਅਤੇ ਭਾਜਪਾ ਦੇ ਖਿਲਾਫ ਨਾਰੇਬਾਜ਼ੀ ਕਰਕੇ ਜ਼ੋਰਦਾਰ ਵਿਰੋਧ ਕੀਤਾ ਗਿਆ। ਦੱਸ ਦਈਏ ਕਿ ਕੁਝ ਪਿੰਡਾਂ ਵਿੱਚ ਕਿਸਾਨਾਂ ਨੇ ਐਲਾਨ ਕੀਤਾ ਹੈ ਕਿ ਉਹ ਚੋਣਾਂ ਦੌਰਾਨ ਪਿੰਡਾਂ ਵਿੱਚ ਭਾਜਪਾ ਦੇ ਬੂਥ ਨਹੀਂ ਲਗਾਉਣ ਦੇਣਗੇ। ਕਿਸਾਨਾਂ ਦੇ ਇਸ ਗੁੱਸੇ ਤੋਂ ਰਵਨੀਤ ਸਿੰਘ ਬਿੱਟੂ ਕਾਫੀ ਪ੍ਰੇਸ਼ਾਨ ਹਨ।
'ਕਿਸੇ ਵੀ ਪਿੰਡ ਵਿੱਚ ਨਹੀਂ ਕਰਵਾਇਆ ਝੂਠਾ ਪਰਚਾ' : ਇਸ ਮਗਰੋਂ ਰਵਨੀਤ ਸਿੰਘ ਬਿੱਟੂ ਨੇ ਸੋਸ਼ਲ ਮੀਡੀਆ 'ਤੇ ਕਿਸਾਨਾਂ ਨੂੰ ਕਿਹਾ ਕਿ ਉਹ ਹਰ ਸਮੇਂ ਕਿਸਾਨਾਂ ਦੇ ਨਾਲ ਖੜੇ ਰਹੇ ਹਨ। ਉਨ੍ਹਾਂ ਹਰ ਪਿੰਡ ਵਿੱਚ ਗਰਾਂਟਾਂ ਵੀ ਵੰਡੀਆਂ ਹਨ। ਕਦੇ ਵੀ ਕਿਸੇ ਕਿਸਾਨ ਵਿਰੁੱਧ ਝੂਠਾ ਪਰਚਾ ਦਰਜ ਨਹੀਂ ਕਰਵਾਇਆ ,ਫਿਰ ਵੀ ਕਿਸਾਨ ਇਨ੍ਹਾਂ ਦਾ ਵਿਰੋਧ ਕਿਉਂ ਕਰ ਰਹੇ ਹਨ?