ਕਪੂਰਥਲਾ: ਅਮਰੀਕਾ ਵੱਲੋਂ ਡਿਪੋਰਟ ਕੀਤੇ ਗਏ 104 ਭਾਰਤੀਆਂ ਵਿੱਚ ਕਸਬਾ ਬੇਗੋਵਾਲ ਦੇ ਨਜ਼ਦੀਕ ਪੈਂਦੇ ਪਿੰਡ ਭਦਾਸ ਦੇ ਮਾਂ ਪੁੱਤ ਵੀ ਸ਼ਾਮਿਲ ਹਨ। ਇਹ ਮਾਂ ਪੁੱਤ ਅੰਮ੍ਰਿਤਸਰ ਹਵਾਈ ਅੱਡੇ ਤੋਂ ਆਪਣੇ ਘਰ ਡੀਐੱਸਪੀ ਦਲਜੀਤ ਸਿੰਘ ਅਤੇ ਡੀਐੱਸਪੀ ਭੁਲੱਥ ਕਰਨੈਲ ਸਿੰਘ ਦੀ ਅਗਵਾਈ ਵਿੱਚ ਪੁੱਜੇ ਹਨ।
ਚੜ੍ਹਦੇ ਸਾਲ ਗਏ ਸੀ ਅਮਰੀਕਾ...
ਡਿਪੋਰਟ ਕੀਤੀ ਗਈ ਲਵਪ੍ਰੀਤ ਕੌਰ ਨੇ ਦੱਸਿਆ ਕਿ "ਉਹ 1 ਜਨਵਰੀ 2025 ਨੂੰ ਆਪਣੇ ਪੁੱਤਰ ਪ੍ਰਭਜੋਤ ਸਿੰਘ ਨਾਲ ਡੰਕੀ ਰਾਹੀਂ ਅਮਰੀਕਾ ਜਾਣ ਲਈ ਰਵਾਨਾ ਹੋਈ ਸੀ। ਉਹ ਯੂਰਪ ਦੇ ਵੱਖ-ਵੱਖ ਦੇਸ਼ਾਂ ਵਿੱਚੋਂ ਹੁੰਦੇ ਹੋਏ 27 ਜਨਵਰੀ ਨੂੰ ਸਰਹੱਦ ਟੱਪਕੇ ਅਮਰੀਕਾ ਵਿੱਚ ਦਾਖਲ ਹੋ ਗਏ।"
ਸਰਹੱਦ ਟੱਪਣ ਤੋਂ ਬਾਅਦ ਸਾਨੂੰ ਕੈਂਪ ਵਿੱਚ ਲੈ ਕੇ ਗਏ ਅਤੇ ਉੱਥੋਂ ਚੋਰੀ ਸਾਨੂੰ ਜਹਾਜ਼ ਵਿੱਚ ਚੜ੍ਹਾਇਆ ਗਿਆ, ਸਾਨੂੰ ਕੁਝ ਪਤਾ ਨਹੀਂ ਲੱਗਾ ਸਾਡੇ ਨਾਲ ਕੀ ਹੋ ਰਿਹਾ ਹੈ, ਨਾ ਹੀ ਕੋਈ ਕਾਰਨ ਦੱਸਿਆ ਗਿਆ। ਸਾਨੂੰ ਇਹ ਵੀ ਨਹੀਂ ਦੱਸਿਆ ਗਿਆ ਸੀ ਕਿ ਇੰਡੀਆ ਡਿਪੋਰਟ ਕੀਤਾ ਜਾ ਰਿਹਾ ਹੈ। ਸਾਡੇ ਹੱਥਾਂ-ਪੈਰਾਂ ਵਿੱਚ ਬੇੜੀਆਂ ਲਾ ਦਿੱਤੀਆਂ ਗਈਆਂ ਸੀ। ਸਾਡੇ ਨਾਲ ਕੁੱਲ 104 ਜਣੇ ਵਾਪਸ ਆਏ ਹਨ, ਜਿਨ੍ਹਾਂ ਵਿੱਚ ਕਈ ਪਰਿਵਾਰ ਵੀ ਸ਼ਾਮਲ ਹਨ। - ਡਿਪੋਰਟ ਹੋਈ ਲਵਪ੍ਰੀਤ ਕੌਰ
ਪੀੜਤ ਲਵਪ੍ਰੀਤ ਕੌਰ ਨੇ ਦੱਸਿਆ ਕਿ, "ਸਾਡੀ ਕੋਈ ਵੀ ਗੱਲਬਾਤ ਉੱਥੇ ਨਹੀਂ ਸੁਣੀ ਗਈ ਅਤੇ ਸਾਨੂੰ ਉਦੋਂ ਪਤਾ ਲੱਗਾ ਜਦੋਂ ਇੱਕ ਆਰਮੀ ਦੇ ਹਵਾਈ ਜਹਾਜ਼ ਰਾਹੀਂ ਅੰਮ੍ਰਿਤਸਰ ਭੇਜਣ ਦੀ ਤਿਆਰੀ ਕੀਤੀ ਅਤੇ ਸਾਨੂੰ ਮਾਂ-ਪੁੱਤ ਨੂੰ 5 ਸਾਲ ਦਾ ਡੈਪੂਟੇਸ਼ਨ ਲਗਾ ਕੇ ਡਿਪੋਰਟ ਕਰ ਦਿੱਤਾ ਗਿਆ।"
ਨਹੀਂ ਦਿੱਤੀ ਹੋਰ ਵਾਧੂ ਜਾਣਕਾਰੀ
ਪੀੜਤ ਮਾਂ ਪੁੱਤ ਦੇ ਘਰ ਪੁੱਜਣ ਉੱਤੇ ਪਰਿਵਾਰਕ ਮਾਹੌਲ ਭਾਵੁਕ ਨਜ਼ਰ ਆਇਆ। ਇਸ ਤੋਂ ਇਲਾਵਾ ਉਨ੍ਹਾਂ ਨੇ ਵਿਦੇਸ਼ ਕਿਸ ਤਰ੍ਹਾਂ ਅਤੇ ਕਿਸ ਰਾਹੀਂ, ਕਿੰਨੇ ਪੈਸੇ ਖ਼ਰਚ ਕਰਕੇ ਗਏ, ਇਸ ਬਾਰੇ ਕੁਝ ਨਹੀਂ ਦੱਸਿਆ।
ਡੀਐਸਪੀ ਕਰਨੈਲ ਸਿੰਘ ਜਦੋਂ ਪਰਿਵਾਰ ਨੂੰ ਘਰ ਛੱਡਣ ਆਏ ਤਾਂ, ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਦੱਸਿਆ ਕਿ "ਅਮਰੀਕਾ ਵੱਲੋਂ ਡਿਪੋਰਟ ਕੀਤੇ ਅੰਮ੍ਰਿਤਸਰ ਪਹੁੰਚੇ ਲੋਕਾਂ ਵਿੱਚ ਸਾਡੇ ਜ਼ਿਲ੍ਹੇ ਨਾਲ ਸਬੰਧਤ ਕੁੱਲ 6 ਜਣੇ ਸਨ। ਇਨ੍ਹਾਂ ਵਿੱਚੋਂ 4 ਸਾਡੀ ਸਬ ਡਿਵੀਜ਼ਨ ਨਾਲ ਸਬੰਧਤ ਹਨ। 2 ਪਿੰਡ ਬਰਿਆਰ ਦੇ ਨੌਜਵਾਨ ਹਨ, 2 ਮਾਂ-ਪੁੱਤ ਭਦਾਸ ਤੋਂ ਹਨ, 1 ਪਿੰਡ ਡੋਗਰਾਵਾਲ ਅਤੇ 1 ਤਰਫ ਬਹਿਬਲ ਬਹਾਦੁਰ ਪਿੰਡ ਨਾਲ ਸਬੰਧਤ ਹੈ। ਸਾਰਿਆਂ ਨੂੰ ਸੁਰੱਖਿਅਤ ਪਰਿਵਾਰਿਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਹੈ।" ਉਨ੍ਹਾਂ ਕਿਹਾ ਕਿ ਪਰਿਵਾਰ ਨੂੰ ਅਪੀਲ ਕੀਤੀ ਹੈ ਕਿ ਜੇਕਰ ਕੋਈ ਵੀ ਮੁਸ਼ਕਲ ਆਉਂਦੀ ਹੈ, ਤਾਂ ਉਹ ਸਾਡੇ ਨਾਲ ਆ ਕੇ ਸੰਪਰਕ ਕਰ ਸਕਦੇ ਹਨ।
ਪਿੰਡ ਬਰਿਆਰ ਦੇ ਨੌਜਵਾਨ ਨੇ ਵੀ ਮੀਡੀਆ ਤੋਂ ਬਣਾਈ ਦੂਰੀ
ਪਿੰਡ ਬਰਿਆਰ ਦਾ ਨੌਜਵਾਨ ਹਰਪ੍ਰੀਤ ਸਿੰਘ ਪੁੱਤਰ ਗੁਰਜੰਗ ਸਿੰਘ ਵੀ ਡਿਪੋਰਟ ਕੀਤਾ ਗਿਆ, ਜੋ ਦੇਰ ਰਾਤ ਆਪਣੇ ਘਰ ਪਹੁੰਚਿਆ। ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਮੀਡੀਆ ਨਾਲ ਕੋਈ ਵੀ ਜਾਣਕਾਰੀ ਸਾਂਝੀ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਹੈ।