ਅੰਮ੍ਰਿਤਸਰ : ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਵਣ ਮਹੀਨੇ ਦੇ ਵਿੱਚ ਹਿਮਾਚਲ ਪ੍ਰਦੇਸ਼ ਦੇ ਵਿੱਚ ਸਥਿਤ ਪ੍ਰਸਿੱਧ ਮੰਦਰ ਮਾਤਾ ਸ਼੍ਰੀ ਚਿੰਤਾ ਪੁਰਨੀ ਜੀ ਵਿਖੇ ਸਲਾਨਾ ਮੇਲਾ ਅਗਸਤ ਮਹੀਨੇ ਦੇ ਪਹਿਲੇ ਹਫਤੇ ਬੜੀ ਸ਼ਰਧਾ ਅਤੇ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਹੈ। ਜਿਸ ਨੂੰ ਲੈ ਕੇ ਜਿੱਥੇ ਦੇਸ਼ ਵਿਦੇਸ਼ ਤੋਂ ਸੰਗਤਾਂ ਬੜੀ ਸ਼ਰਧਾ ਅਤੇ ਉਤਸ਼ਾਹ ਦੇ ਨਾਲ ਹਿਮਾਚਲ ਪ੍ਰਦੇਸ਼ ਦੇ ਵਿੱਚ ਸਥਿਤ ਮਾਤਾ ਚਿੰਤਾਪੁਰਨੀ ਜੀ ਦੇ ਮੰਦਰ ਵਿਖੇ ਮੂੰਹੋਂ ਮੰਗੀਆਂ ਮੁਰਾਦਾਂ ਪਾਉਣ ਦੀ ਕਾਮਨਾ ਕਰਦੇ ਹੋਏ ਨਤਮਸਤਕ ਹੋ ਕੇ ਆਸ਼ੀਰਵਾਦ ਲੈਣ ਦੇ ਲਈ ਪਹੁੰਚਦੀਆਂ ਹਨ।
ਮੇਲੇ ਦੀਆਂ ਤਿਆਰੀਆਂ ਆਰੰਭ : ਉੱਥੇ ਹੀ ਇਸ ਦੌਰਾਨ ਗੁਆਂਢੀ ਸੂਬਿਆਂ ਤੋਂ ਵੀ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਵੱਲੋਂ ਹਿਮਾਚਲ ਪ੍ਰਦੇਸ਼ ਸਮੇਤ ਮਾਤਾ ਚਿੰਤਾਪੁਰਨੀ ਜੀ ਦੇ ਦਰਬਾਰ ਨੂੰ ਜਾਂਦੇ ਵੱਖ-ਵੱਖ ਮਾਰਗਾਂ ਦੇ ਉੱਤੇ ਸਲਾਨਾ ਮੇਲੇ ਨੂੰ ਸਮਰਪਿਤ ਲੰਗਰ ਭੰਡਾਰੇ ਲਗਾਏ ਜਾਂਦੇ ਹਨ। ਇਸੇ ਲੜੀ ਦੇ ਤਹਿਤ ਅੰਮ੍ਰਿਤਸਰ ਦਿਹਾਤੀ ਦੇ ਕਸਬਾ ਰਈਆ ਵਿੱਚ ਸਥਿਤ ਮੰਦਰ ਸ਼੍ਰੀ ਰਾਮਵਾੜਾ ਰਈਆ ਵਿਖੇ ਸੰਗਤਾਂ ਵੱਲੋਂ ਮੇਲੇ ਦੀਆਂ ਤਿਆਰੀਆਂ ਆਰੰਭ ਕਰਕੇ ਹਫਤੇ ਵਿੱਚ ਇੱਕ ਦਿਨ ਝੰਡਾ ਯਾਤਰਾ ਕੱਢੀ ਜਾਂਦੀ ਹੈ। ਜਿਸ ਦੌਰਾਨ ਸ਼ਰਧਾਲੂਆਂ ਵੱਲੋਂ ਮਾਤਾ ਚਿੰਤਾਪੁਰਨੀ ਜੀ ਦੀ ਜੋਤ ਅਤੇ ਝੰਡੇ ਨੂੰ ਲੈ ਕੇ ਯਾਤਰਾ ਕੱਢ ਰਹੀਆਂ ਸੰਗਤਾਂ ਨੂੰ ਆਪਣੇ ਗ੍ਰਹਿ ਵਿੱਚ ਬੁਲਾ ਕੇ ਭਜਨ ਕੀਰਤਨ ਕੀਤਾ ਜਾਂਦਾ ਹੈ ਅਤੇ ਨਾਲ ਹੀ ਮੇਲੇ ਨੂੰ ਲੈ ਕੇ ਤਿਆਰੀਆਂ ਕੀਤੀਆਂ ਜਾਂਦੀਆਂ ਹਨ।