ਬਠਿੰਡਾ: ਪੰਜਾਬ ਸਰਕਾਰ ਵਿੱਚ ਸਿਹਤ ਮੰਤਰੀ ਬਲਵੀਰ ਸਿੰਘ ਵੱਲੋਂ ਅੱਜ ਬਠਿੰਡਾ ਦੇ ਸਰਕਾਰੀ ਹਸਪਤਾਲ ਦਾ ਦੌਰਾ ਕੀਤਾ ਗਿਆ ਪਰ ਇਸ ਸਰਕਾਰੀ ਹਸਪਤਾਲ ਦੇ ਦੌਰੇ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਉੱਠਣੇ ਸ਼ੁਰੂ ਹੋ ਗਏ ਕਿਉਂਕਿ ਸਿਹਤ ਮੰਤਰੀ ਦੇ ਦੌਰੇ ਸਬੰਧੀ ਸਿਹਤ ਵਿਭਾਗ ਵੱਲੋਂ ਅਗੇਤੀਆਂ ਹੀ ਹਸਪਤਾਲ ਵਿੱਚ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਸਨ। ਜਿੱਥੇ ਹਸਪਤਾਲ ਵਿੱਚ ਜਗ੍ਹਾ-ਜਗ੍ਹਾ ਸਫਾਈ ਮੁਹਿੰਮ ਵੱਡੀ ਪੱਧਰ 'ਤੇ ਚਲਾਈ ਗਈ। ਉੱਥੇ ਹੀ ਸਟਾਫ ਦੀ ਡਿਊਟੀ ਵੀ ਨਿਸ਼ਚਿਤ ਕੀਤੀ ਗਈ। ਇਸ ਦੌਰੇ ਦੀਆਂ ਅਗੇਤੀਆਂ ਤਿਆਰੀਆਂ ਤੋਂ ਬਾਅਦ ਜਿੱਥੇ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ। ਉੱਥੇ ਹੀ ਲੋਕਾਂ ਵੱਲੋਂ ਸਿਹਤ ਮੰਤਰੀ ਦੇ ਦੌਰੇ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਕਿਆਸਰਾਈਆਂ ਜਾ ਰਹੀਆਂ ਹਨ।
ਸਿਹਤ ਵਿਭਾਗ ਵਿੱਚ ਖਾਲੀ ਪਈਆਂ ਅਸਾਮੀਆਂ
ਬਠਿੰਡਾ ਵਿਖੇ ਪਹੁੰਚੇ ਸਿਹਤ ਮੰਤਰੀ ਵੱਲੋਂ ਪਹਿਲਾਂ ਸਿਹਤ ਵਿਭਾਗ ਦੇ ਕਰਮਚਾਰੀਆਂ ਨਾਲ ਗੱਲਬਾਤ ਕੀਤੀ ਗਈ ਅਤੇ ਬੈਠਕ ਉਪਰੰਤ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ। ਆਮ ਆਦਮੀ ਕਲੀਨਿਕ ਦਾ ਵੱਡੀ ਪੱਧਰ 'ਤੇ ਮਰੀਜ਼ਾਂ ਨੂੰ ਫਾਇਦਾ ਹੋ ਰਿਹਾ ਅਤੇ ਬਠਿੰਡਾ ਸਰਕਾਰੀ ਹਸਪਤਾਲ ਦੀਆਂ ਜੋ-ਜੋ ਸਮੱਸਿਆਵਾਂ ਹਨ। ਉਸ ਸਬੰਧੀ ਉਨ੍ਹਾਂ ਵੱਲੋਂ ਜਾਣਕਾਰੀ ਲਈ ਗਈ ਹੈ ਅਤੇ ਜਲਦ ਹੀ ਇਨ੍ਹਾਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ। ਉਨ੍ਹਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਸਿਹਤ ਵਿਭਾਗ ਵਿੱਚ ਖਾਲੀ ਪਈਆਂ ਅਸਾਮੀਆਂ ਜਲਦ ਹੀ ਭਰੀਆਂ ਜਾਣਗੀਆਂ ਅਤੇ ਲੋਕਾਂ ਨੂੰ ਜਲਦ ਹੀ ਚੰਗੀਆਂ ਸਿਹਤ ਸਹੂਲਤਾਂ ਉਪਲੱਧ ਕਰਾਈਆਂ ਜਾਣਗੀਆਂ ਸਰਕਾਰੀ ਹਾਦਸਾ ਵਿੱਚ ਲੋਕਾਂ ਨੂੰ ਮੁਫਤ ਦਵਾਈਆਂ ਉਪਲੱਬਧ ਕਰਾਈਆਂ ਜਾ ਰਹੀਆਂ ਹਨ। ਉੱਥੇ ਹੀ ਮੁਫ਼ਤ ਵਿੱਚ ਮਰੀਜ਼ਾਂ ਦੇ ਟੈਸਟ ਵੀ ਕੀਤੇ ਜਾ ਰਹੇ ਹਨ। ਡਾਕਟਰਾਂ ਦੀ ਭਰਤੀ ਪ੍ਰਕਿਰਿਆ ਚੱਲ ਰਹੀ ਹੈ ਅਤੇ ਜਲਦ ਹੀ ਸਮੁੱਚੇ ਹਸਪਤਾਲਾਂ ਵਿੱਚ ਸਟਾਫ ਦੀ ਪੂਰਤੀ ਕਰ ਦਿੱਤੀ ਜਾਵੇਗੀ। ਇਸ ਮੌਕੇ ਉਨ੍ਹਾਂ ਵੱਲੋਂ ਹਸਪਤਾਲ ਵਿੱਚ ਭਰਤੀ ਮਰੀਜ਼ਾਂ ਦਾ ਹਾਲ ਚਾਲ ਵੀ ਪੁੱਛਿਆ ਗਿਆ।
ਕਮਜ਼ੋਰੀਆਂ ਛੁਪਾਉਣ ਦੀ ਕੋਸ਼ਿਸ਼
ਪੰਜਾਬ ਸਬਡੀਨੇਟ ਸਰਵਿਸ ਡੇਅ ਸੂਬਾ ਪ੍ਰਧਾਨ ਗਗਨਦੀਪ ਸਿੰਘ ਮੰਡੀਕਲਾਂ ਨੇ ਸਿਹਤ ਮੰਤਰੀ ਦੀ ਸਰਕਾਰੀ ਹਸਪਤਾਲ ਫੇਰੀ 'ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਕਾਸ਼ ਅਜਿਹਾ ਹਰ ਰੋਜ਼ ਹੋਵੇ ਕਿਉਂਕਿ ਅਜਿਹਾ ਹੋਣ ਨਾਲ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਮਿਲਣਗੀਆਂ ਕਿਉਂਕਿ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਦੀ ਬਠਿੰਡਾ ਦੌਰੇ ਸਬੰਧੀ ਕੱਲ ਤੋਂ ਹੀ ਵਿਭਾਗ ਵੱਲੋਂ ਤਿਆਰੀਆਂ ਆਰੰਭੀਆਂ ਹੋਈਆਂ ਸਨ। ਜੇਕਰ ਇਹੀ ਦੌਰਾ ਅਚਨਚੇਤ ਕੀਤਾ ਹੁੰਦਾ ਤਾਂ ਸਿਹਤ ਮੰਤਰੀ ਨੂੰ ਅਸਲ ਕਮੀਆਂ ਦਾ ਪਤਾ ਲੱਗਦਾ ਕਿਉਂਕਿ ਸਿਹਤ ਵਿਭਾਗ ਵੱਲੋਂ ਅਗੇਤੀਆਂ ਤਿਆਰੀਆਂ ਕਰਕੇ ਆਪਣੀਆਂ ਕਮਜ਼ੋਰੀਆਂ ਛਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਸਿਹਤ ਵਿਭਾਗ ਵਿੱਚ ਵੱਡੀ ਪੱਧਰ 'ਤੇ ਅਸਾਮੀਆਂ ਖਾਲੀ ਪਈਆਂ ਹਨ। ਲੋਕਾਂ ਨੂੰ ਆਈਸੀਯੂ ਵਰਗੀਆਂ ਐਮਰਜੈਂਸੀ ਸਹੂਲਤਾਂ ਨਹੀਂ ਮਿਲ ਰਹੀਆਂ ਅਤੇ ਹੋਰ ਵੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨਾਲ ਲੋਕ ਜੂਝ ਰਹੇ ਹਨ, ਪਰ ਸਿਹਤ ਮੰਤਰੀ ਤੱਕ ਇਨ੍ਹਾਂ ਸਮੱਸਿਆਵਾਂ ਦੀ ਆਵਾਜ਼ ਕੌਣ ਪਹੁੰਚਾਵੇ ਕਿਉਂਕਿ ਸਿਹਤ ਵਿਭਾਗ ਆਪਣੇ ਪੱਧਰ 'ਤੇ ਹੀ ਇਨ੍ਹਾਂ ਸਮੱਸਿਆਵਾਂ ਨੂੰ ਲੁਕਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।