ਲੁਧਿਆਣਾ: ਭਾਰਤੀ ਕਿਸਾਨ ਯੂਨੀਅਨ ਦੇ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਡੀਐਮਸੀ ਹਸਪਤਾਲ ਤੋਂ ਦੇਰ ਸ਼ਾਮ ਛੁੱਟੀ ਮਿਲ ਗਈ ਹੈ। ਬੀਤੇ ਤਿੰਨ ਦਿਨ ਤੋਂ ਉਹ ਲੁਧਿਆਣਾ ਡੀਐਮਸੀ ਹਸਪਤਾਲ ਦੇ ਐਮਰਜੈਂਸੀ ਵਾਰਡ ਦੇ ਵਿੱਚ ਦਾਖਲ ਸਨ। ਉਹਨਾਂ ਨੂੰ ਪੁਲਿਸ ਨੇ ਹਸਪਤਾਲ ਅੰਦਰ ਰੱਖਿਆ ਹੋਇਆ ਸੀ। ਲਗਾਤਾਰ ਕਿਸਾਨ ਯੂਨੀਅਨ ਵੱਲੋਂ ਦਬਾਅ ਬਣਾਏ ਜਾਣ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਵੱਲੋਂ ਜਗਜੀਤ ਡਲੇਵਾਲ ਨੂੰ ਅੱਜ ਮਜਬੂਰੀ ਵੱਸ ਛੁੱਟੀ ਦੇਣੀ ਪਈ।
ਡੀਐਮਸੀ ਹਸਪਤਾਲ ਪੁਲਿਸ ਛਾਉਣੀ ਵਿੱਚ ਤਬਦੀਲ
ਡੀਐਮਸੀ ਹਸਪਤਾਲ ਵੱਲੋਂ ਲਗਾਤਾਰ ਇਹ ਕਿਹਾ ਜਾ ਰਿਹਾ ਸੀ ਕਿ ਹਲੇ ਤੱਕ ਉਹਨਾਂ ਦੀ ਫਾਈਲ ਤੱਕ ਨਹੀਂ ਬਣਾਈ ਕਿਉਂਕਿ ਉਹਨਾਂ ਨੂੰ ਕੋਈ ਬਿਮਾਰੀ ਨਹੀਂ ਹੈ। ਪਿਛਲੇ ਤਿੰਨ ਦਿਨ ਤੋਂ ਡੀਐਮਸੀ ਹਸਪਤਾਲ ਨੂੰ ਪੁਲਿਸ ਛਾਉਣੀ ਦੇ ਵਿੱਚ ਤਬਦੀਲ ਕੀਤਾ ਹੋਇਆ ਸੀ। ਭਾਰਤੀ ਕਿਸਾਨ ਯੂਨੀਅਨ ਦੇ ਆਗੂ ਅੱਜ ਖਨੌਰੀ ਬਾਰਡਰ ਤੋਂ ਲੁਧਿਆਣਾ ਡੀਐਮਸੀ ਪਹੁੰਚੇ। ਜਿਨ੍ਹਾਂ ਦੇ ਨਾਲ ਬੈਠ ਕੇ ਸਾਂਝੇ ਤੌਰ ਉੱਤੇ ਡਲੇਵਾਲ ਵੱਲੋਂ ਛੁੱਟੀ ਮਿਲਣ ਤੋਂ ਬਾਅਦ ਪ੍ਰੈਸ ਕਾਨਫਰੰਸ ਕੀਤੀ ਗਈ।
ਕਿਸਾਨੀ ਲਈ ਕੁਰਬਾਨੀ ਜ਼ਰੂਰੀ
ਜਗਜੀਤ ਡਲੇਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਇਸ ਰਵੱਈਏ ਨੇ ਸਾਫ ਕਰ ਦਿੱਤਾ ਹੈ ਕਿ ਉਹ ਕੇਂਦਰ ਸਰਕਾਰ ਵਾਲੇ ਕੰਮ ਹੀ ਕਰ ਰਹੀ ਹੈ। ਉਹਨਾਂ ਕਿਹਾ ਕਿ ਮੇਰਾ ਕੋਈ ਖੂਨ ਤੱਕ ਵੀ ਚੈੱਕ ਨਹੀਂ ਕੀਤਾ ਨਾ ਹੀ ਮੈਨੂੰ ਕੋਈ ਦਿਵਾਈ ਦਿੱਤੀ ਗਈ। ਉਹਨਾਂ ਕਿਹਾ ਕਿ ਮੈਂ ਮਰਨ ਵਰਤ ਉੱਤੇ ਬੈਠਾ ਸੀ ਅਤੇ ਬੈਠਾ ਰਹਾਂਗਾ, ਇਹ ਸੰਘਰਸ਼ ਲਗਾਤਾਰ ਜਾਰੀ ਰਹੇਗਾ। ਜਦੋਂ ਤੱਕ ਸਰਕਾਰ ਸਾਡੀਆਂ ਮੰਗਾਂ ਪੂਰੀਆਂ ਨਹੀਂ ਕਰਦੀ ਸੰਘਰਸ਼ ਨਹੀਂ ਰੁਕੇਗਾ। ਉਹਨਾਂ ਕਿਹਾ ਕਿ ਕਿਸਾਨੀ ਨੂੰ 100 ਸਾਲ ਦੇ ਲਈ ਬਚਾਉਣਾ ਹੈ ਅਤੇ ਜੇਕਰ ਮੇਰੇ ਮਰਨ ਦੇ ਨਾਲ 100 ਸਾਲ ਲਈ ਕਿਸਾਨੀ ਬਚ ਜਾਂਦੀ ਹੈ ਤਾਂ ਮੈਨੂੰ ਇਸ ਵਿੱਚ ਖੁਸ਼ੀ ਹੋਵੇਗੀ। ਉਹਨਾਂ ਕਿਹਾ ਕਿ ਸਾਨੂੰ ਮਜਬੂਰੀ ਵਿੱਚ ਇਹ ਫੈਸਲਾ ਕਰਨਾ ਪਿਆ ਹੈ ਕਿਉਂਕਿ ਸਰਕਾਰਾਂ ਸਾਡੀਆਂ ਮੰਗਾਂ ਵੱਲ ਕੋਈ ਗੌਰ ਨਹੀਂ ਕਰ ਰਹੀਆਂ।
ਹਸਪਤਾਲ ਵਿੱਚ ਨਜ਼ਰਬੰਦ ਕਰਕੇ ਰੱਖਿਆ
ਡੱਲੇਵਾਲ ਨੇ ਅੱਗੇ ਕਿਹਾ ਕਿ ਇੱਕ ਵਾਰ ਵੀ ਕੋਈ ਡਾਕਟਰ ਉਹਨਾਂ ਦਾ ਬੀਪੀ ਤੱਕ ਚੈੱਕ ਕਰਨ ਨਹੀਆਂ ਆਇਆ। ਇੱਥੋਂ ਤੱਕ ਕਿ ਬਲੱਡ ਸ਼ੂਗਰ ਵੀ ਚੈੱਕ ਨਹੀਂ ਕੀਤੀ ਗਈ। ਉਹਨਾਂ ਨੂੰ ਬਸ ਇੱਕ ਕਮਰੇ ਦੇ ਵਿੱਚ ਰੱਖਿਆ ਹੋਇਆ ਸੀ ਅਤੇ ਇਸ ਗੱਲ ਦਾ ਕੋਈ ਜਵਾਬ ਸਰਕਾਰ ਦੇ ਕੋਲ ਨਹੀਂ ਹੈ ਕਿ ਉਹਨਾਂ ਨੂੰ ਕਿਉਂ ਰੱਖਿਆ ਗਿਆ। ਉਹਨਾਂ ਕਿਹਾ ਕਿ ਸਰਕਾਰ ਦੇ ਇਸ਼ਾਰਿਆਂ ਦੇ ਪੁਲਿਸ ਨੇ ਉਹਨਾਂ ਨੂੰ ਹਸਪਤਾਲ ਵਿੱਚ ਨਜ਼ਰਬੰਦ ਕਰਕੇ ਰੱਖਿਆ ਸੀ।
ਪੁਲਿਸ ਉਹਨਾਂ ਨੂੰ ਲਗਾਤਾਰ ਇਹ ਕਹਿ ਰਹੀ ਸੀ ਕਿ ਉਹ ਉਹਨਾਂ ਦਾ ਇਲਾਜ ਕਰਵਾ ਦਿੰਦੇ ਹਨ। ਉਹਨਾਂ ਦਾ ਟ੍ਰੀਟਮੈਂਟ ਸ਼ੁਰੂ ਕਰਵਾ ਦਿੰਦੇ ਹਨ ਪਰ ਡੱਲੇਵਾਲ ਨੇ ਕਿਹਾ ਕਿ ਉਹਨਾਂ ਨੇ ਸਾਫ ਇਨਕਾਰ ਕਰ ਦਿੱਤਾ ਕਿਉਂਕਿ ਉਹਨਾਂ ਨੂੰ ਕੋਈ ਬਿਮਾਰੀ ਨਹੀਂ ਹੈ ਅਤੇ ਨਾ ਹੀ ਉਹਨਾਂ ਨੇ ਕੋਈ ਟਰੀਟਮੈਂਟ ਲੈਣਾ ਹੈ। ਉਹਨਾਂ ਕਿਹਾ ਕਿ ਜੇਕਰ ਭੁੱਖ ਹੜਤਾਲ ਜਾਰੀ ਨਾ ਰੱਖਣੀ ਹੁੰਦੀ ਤਾਂ ਅੱਜ ਉਹ ਪੁਲਿਸ ਮੁਲਾਜ਼ਮਾਂ ਦੇ ਵਿੱਚ ਬੈਠ ਕੇ ਚਾਹ ਪੀ ਰਹੇ ਹੁੰਦੇ ਪਰ ਸੰਘਰਸ਼ ਨੂੰ ਜਾਰੀ ਰੱਖਿਆ ਗਿਆ ਹੈ। ਜਗਜੀਤ ਡਲੇਵਾਲ ਨੇ ਕਿਹਾ ਕਿ ਸਾਡਾ ਸੰਘਰਸ਼ ਬਾਰਡਰ ਉੱਤੇ ਜਾਰੀ ਰਹੇਗਾ।