ਜੰਡਿਆਲਾ ਗੁਰੂ/ਅੰਮ੍ਰਿਤਸਰ : ਪੰਜਾਬ ਵਿੱਚ ਬਦਮਾਸ਼ਾਂ ਦੇ ਹੌਂਸਲੇ ਪਸਤ ਕਰਨ ਲਈ ਪੁਲਿਸ ਵੱਲੋਂ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਪੰਜਾਬ ਪੁਲਿਸ ਵੱਲੋਂ ਬਦਮਾਸ਼ਾਂ 'ਤੇ ਪੂਰੀ ਤਰ੍ਹਾਂ ਸਿਕੰਜਾ ਕੱਸਿਆ ਜਾ ਰਿਹਾ ਹੈ। ਇਸੇ ਕਾਰਨ ਆਏ ਦਿਨ ਮੁਠਭੇੜ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ। ਇਸੇ ਦੌਰਾਨ ਅੰਮ੍ਰਿਤਸਰ ਵਿੱਚ ਆਏ ਦਿਨ ਵੱਖ-ਵੱਖ ਜਗ੍ਹਾ ਫਾਇਰਿੰਗ ਕੀਤੇ ਜਾਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇਸੇ ਲੜੀ ਦੇ ਤਹਿਤ ਥਾਣਾ ਜੰਡਿਆਲਾ ਗੁਰੂ ਦੀ ਪੁਲਿਸ ਵੱਲੋਂ ਬੀਤੇ ਦਿਨ ਪਿੰਡ ਤਲਵੰਡੀ ਡੋਗਰਾ ਦੇ ਵਿੱਚ ਇੱਕ ਘਰ ਦੇ ਬਾਹਰ ਫਾਇਰਿੰਗ ਕਰਨ ਦੇ ਮਾਮਲੇ ਦੇ ਵਿੱਚ ਤਿੰਨ ਕਥਿਤ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਪੁਰਾਣੀ ਰੰਜਿਸ਼ ਦੇ ਚਲਦੇ ਹੋਏ ਕਥਿਤ ਮੁਲਜ਼ਮਾਂ ਵੱਲੋਂ ਘਰ ਬਾਹਰ ਕੀਤੀ ਗਈ ਫਾਇਰਿੰਗ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਜੰਡਿਆਲਾ ਗੁਰੂ ਦੇ ਐਸਐਚਓ ਸਬ ਇੰਸਪੈਕਟਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਬੀਤੀ 27 ਨਵੰਬਰ ਨੂੰ ਪਿੰਡ ਤਲਵੰਡੀ ਡੋਗਰਾ ਦੇ ਵਿੱਚ ਹਵਾਈ ਫਾਇਰਿੰਗ ਕਰਨ ਵਾਲੇ ਤਿੰਨ ਕਥਿਤ ਮੁਲਜਮਾਂ ਨੂੰ ਕਾਬੂ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਕਥਿਤ ਮੁਲਜ਼ਮਾਂ ਦੇ ਕੋਲੋਂ ਕੀਤੀ ਸ਼ੁਰੂਆਤੀ ਪੁੱਛ ਪੜਤਾਲ ਦੇ ਵਿੱਚ ਇਹ ਸਾਹਮਣੇ ਆਇਆ ਹੈ ਕਿ ਪੁਰਾਣੀ ਰੰਜਿਸ਼ ਦੇ ਚਲਦੇ ਹੋਏ ਕਥਿਤ ਮੁਲਜ਼ਮਾਂ ਵੱਲੋਂ ਪਿੰਡ ਦੇ ਹੀ ਇੱਕ ਵਿਅਕਤੀ ਦੇ ਘਰ ਬਾਹਰ ਫਾਇਰਿੰਗ ਕੀਤੀ ਗਈ ਸੀ। ਜਿਸ ਤੋਂ ਬਾਅਦ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਇਸ ਵਿੱਚ ਸ਼ਾਮਿਲ ਕਥਿਤ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਸੀ। ਜਿੰਨਾਂ ਨੂੰ ਕਿ ਅੱਜ ਗ੍ਰਿਫਤਾਰ ਕਰ ਲਿਆ ਗਿਆ ਹੈ।
ਗ੍ਰਿਫਤਾਰ ਕੀਤੇ ਕਥਿਤ ਮੁਲਜ਼ਮਾਂ ਦੀ ਪਛਾਣ
ਫਾਇਰਿੰਗ ਦੌਰਾਨ ਵਰਤੇ ਗਏ ਹਥਿਆਰ ਸਬੰਧੀ ਪੁੱਛੇ ਜਾਣ 'ਤੇ ਐਸਐਚਓ ਜੰਡਿਆਲਾ ਗੁਰੂ ਨੇ ਦੱਸਿਆ ਕਿ ਫਿਲਹਾਲ ਪੁਲਿਸ ਵੱਲੋਂ ਇਹ ਪੜਤਾਲ ਕੀਤੀ ਜਾ ਰਹੀ ਹੈ ਕਿ ਜਿਸ ਹਥਿਆਰ ਤੋਂ ਫਾਇਰਿੰਗ ਹੋਈ ਸੀ, ਉਹ ਲਾਈਸੈਂਸ ਹੈ ਜਾਂ ਫਿਰ ਨਜਾਇਜ ਹਥਿਆਰ ਹੈ ਅਤੇ ਉਸਨੂੰ ਬਰਾਮਦ ਕਰਨਾ ਹਾਲੇ ਬਾਕੀ ਹੈ। ਉਨ੍ਹਾਂ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਕਥਿਤ ਮੁਲਜ਼ਮਾਂ ਦੀ ਪਛਾਣ ਰਣਜੀਤ ਸਿੰਘ, ਰਸ਼ਪਾਲ ਸਿੰਘ ਅਤੇ ਬਿਕਰਮ ਸਿੰਘ ਉਰਫ ਬਿੱਕਾ ਵਾਸੀ ਤਲਵੰਡੀ ਡੋਗਰਾ ਵਜੋਂ ਹੋਈ ਹੈ।