ਨਗਰ ਨਿਗਮ ਨੂੰ ਤਾਲਾ ਲਗਾਉਣ ਪਹੁੰਚੇ ਕਾਂਗਰਸੀ ਆਗੂ ਲੁਧਿਆਣਾ: ਕਾਂਗਰਸ ਵੱਲੋਂ ਅੱਜ ਨਗਰ ਨਿਗਮ ਦਫਤਰ ਦੇ ਬਾਹਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਅਤੇ ਇਸ ਦੌਰਾਨ ਨਗਰ ਨਿਗਮ ਦਫਤਰ ਨੂੰ ਤਾਲਾ ਜੜ ਦਿੱਤਾ ਗਿਆ। ਇਸ ਤੋਂ ਬਾਅਦ ਰਵਨੀਤ ਬਿੱਟੂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਜਿਸ ਤਰ੍ਹਾਂ ਕਟਰ ਦੀ ਵਰਤੋਂ ਕੀਤੀ ਗਈ ਸੀ, ਉਸ ਤੋਂ ਲੱਗਦਾ ਹੈ ਕਿ ਐਮਐਲਏ ਡਰੇ ਹੋਏ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉਹ ਸਖ਼ਤ ਨੋਟਿਸ ਵੀ ਲੈਣਗੇ।
ਸਾਡੇ ਹੱਥ ਕੱਟਣ ਦੀ ਕੋਸ਼ਿਸ਼ ਕੀਤੀ:ਰਵਨੀਤ ਬਿੱਟੂ ਨੇ ਕਿਹਾ ਕਿ ਜੇਕਰ ਤਾਲਾ ਲਾਇਆ ਸੀ, ਤਾਂ ਉਸ ਨੂੰ ਤੋੜਿਆ ਵੀ ਜਾ ਸਕਦਾ ਸੀ। ਕਟਰ ਲਿਆ ਕੇ ਉਨ੍ਹਾਂ ਨੇ ਸਾਡੇ ਹੱਥ ਵੱਡਣ ਦੀ ਕੋਸ਼ਿਸ਼ ਕੀਤੀ। ਸਾਡੀਆਂ ਉਂਗਲੀਆਂ ਉੱਤੇ ਕਟਰ ਲੱਗ ਸਕਦਾ ਸੀ। ਇਸ ਮੌਕੇ ਕਾਂਗਰਸ ਦੀ ਸਮੁੱਚੀ ਲੁਧਿਆਣਾ ਦੀ ਲੀਡਰਸ਼ਿਪ ਮੌਜੂਦ ਰਹੀ ਰਵਨੀਤ ਬਿੱਟੂ ਤੋਂ ਇਲਾਵਾ ਕਾਂਗਰਸ ਦੇ ਸਾਬਕਾ ਐਮਐਲਏ ਵੀ ਮੌਜੂਦ ਰਹੇ, ਜਿਨ੍ਹਾਂ ਨੇ ਕਿਹਾ ਕਿ ਨਗਰ ਨਿਗਮ ਦੀਆਂ ਚੋਣਾਂ ਨਹੀਂ ਕਰਵਾਈਆਂ ਜਾ ਰਹੀਆਂ ਹਨ, ਜੋ ਕਿ ਸੰਵਿਧਾਨਿਕ ਹੱਕ ਹੈ। ਉਨ੍ਹਾਂ ਕਿਹਾ ਕਿ ਕੰਮ ਲਟਕੇ ਹੋਏ ਹਨ। ਲੋਕ ਪਰੇਸ਼ਾਨ ਹਨ। ਐਨਓਸੀ ਦਾ ਮੁੱਦਾ ਹੈ, ਜੋ ਕਿ ਲੋਕਾਂ ਨੂੰ ਨਹੀਂ ਮਿਲ ਰਹੀ ਹੈ। ਹੋਰ ਵੀ ਕਈ ਮੁੱਦੇ ਹਨ ਜਿਸ ਕਰਕੇ ਲੋਕ ਖੱਜਲ ਖੁਆਰ ਹੋ ਰਹੇ ਹਨ। ਇਸੇ ਕਰਕੇ ਉਨ੍ਹਾਂ ਵੱਲੋਂ ਇੱਥੇ ਅੱਜ ਤਾਲਾ ਲਗਾਇਆ ਗਿਆ ਹੈ।
ਨਗਰ ਨਿਗਮ ਨੂੰ ਤਾਲਾ ਲਗਾਉਣ ਪਹੁੰਚੇ ਕਾਂਗਰਸੀ ਆਗੂ ਜਿਹੜੇ ਵਿਭਾਗ ਦੇ ਕੰਮ ਨਹੀਂ ਹੋਣਗੇ, ਉੱਥੇ ਤਾਲੇ ਲੱਗਣਗੇ: ਇਸ ਤੋਂ ਪਹਿਲਾਂ, ਪੁਲਿਸ ਵੱਲੋਂ ਗੇਟ ਦੇ ਬਾਹਰ ਬੈਰੀਕੇਟਿੰਗ ਕੀਤੀ ਗਈ ਸੀ ਜਿਸ ਨੂੰ ਕਾਂਗਰਸੀ ਆਗੂਆਂ ਵੱਲੋਂ ਤੋੜ ਦਿੱਤਾ ਗਿਆ ਅਤੇ ਰਵਨੀਤ ਬਿੱਟੂ ਖੁਦ ਬੈਰੀਕੇਡ ਦੇ ਉੱਤੇ ਚੜ੍ਹ ਕੇ ਨਗਰ ਨਿਗਮ ਦਫ਼ਤਰ ਦੇ ਬਾਹਰ ਮੁੱਖ ਦਰਵਾਜ਼ੇ ਨੂੰ ਤਾਲਾ ਲਗਾਉਣ ਚਲੇ ਗਏ। ਰਵਨੀਤ ਬਿੱਟੂ ਨੇ ਕਿਹਾ ਕਿ ਲੋਕਤੰਤਰ ਦਾ ਘਾਣ ਕੀਤਾ ਜਾ ਰਿਹਾ ਹੈ। ਲੋਕ ਬੇਹਾਲ ਹਨ ਅਤੇ ਉਨ੍ਹਾਂ ਵੱਲ ਕੋਈ ਨਜ਼ਰ ਨਹੀਂ ਪਾ ਰਿਹਾ। ਐਮਐਲਏ ਖੁਦ ਸਾਰੇ ਕੰਮਕਾਰ ਸਾਂਭ ਕੇ ਬੈਠੇ ਹਨ। ਉਨ੍ਹਾਂ ਕਿਹਾ ਕਿ ਅਜਿਹਾ ਨਹੀਂ ਹੋਣ ਦਿੱਤਾ ਜਾਵੇਗਾ। ਰਵਨੀਤ ਬਿੱਟੂ ਨੇ ਕਿਹਾ ਕਿ ਜਿਹੜੇ ਵਿਭਾਗ ਦੇ ਵਿੱਚ ਕੰਮ ਨਹੀਂ ਹੋਣਗੇ, ਉਨ੍ਹਾਂ ਨੂੰ ਇਸੇ ਤਰ੍ਹਾਂ ਤਾਲੇ ਲਗਾ ਦਿੱਤੇ ਜਾਣਗੇ।
ਲੁਧਿਆਣਾ ਹੋਇਆ ਬੇਹਾਲ:ਹਾਲਾਂਕਿ, ਇਸ ਦੌਰਾਨ ਜਦੋਂ ਕੁਲਦੀਪ ਵੈਦ ਨੂੰ ਪੁੱਛਿਆ ਗਿਆ ਕਿ ਉਨ੍ਹਾਂ ਦੀ ਸਰਕਾਰ ਵੇਲੇ 13 ਮਹੀਨੇ ਬਾਅਦ ਚੋਣ ਕਰਵਾਈ ਗਈ ਸੀ, ਤਾਂ ਉਨ੍ਹਾਂ ਕਿਹਾ ਕਿ ਅਜਿਹਾ ਨਹੀਂ ਹੈ। ਅਸੀਂ ਸੰਵਿਧਾਨ ਦੇ ਮੁਤਾਬਿਕ ਹੀ ਚੋਣਾਂ ਕਰਵਾਈਆਂ ਸਨ, ਪਰ ਹੁਣ ਚੋਣਾਂ ਕਰਵਾਉਣ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਮੂੰਹ ਵੱਟ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀ ਪਰੇਸ਼ਾਨੀ ਨੂੰ ਵੇਖਦਿਆਂ ਹੋਇਆ ਹੀ ਅੱਜ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਕੁਲਦੀਪ ਵੈਦ ਨੇ ਕਿਹਾ ਕਿ ਲੋਕ ਪਰੇਸ਼ਾਨ ਹਨ। ਜਲਦ ਤੋਂ ਜਲਦ ਚੋਣਾਂ ਕਰਵਾਈਆਂ ਜਾਣ, ਕਿਉਂਕਿ ਕੌਂਸਲਰ ਨਾ ਹੋਣ ਕਰਕੇ ਪੂਰੇ ਲੁਧਿਆਣੇ ਦਾ ਹਾਲ ਬੇਹਾਲ ਹੋ ਗਿਆ ਹੈ।
ਸੁਰੱਖਿਆ ਦੇ ਪ੍ਰਬੰਧ: ਲੁਧਿਆਣਾ ਤੋਂ ਐਮਪੀ ਰਵਨੀਤ ਬਿੱਟੂ ਦੇ ਨਗਰ ਨਿਗਮ ਦਫ਼ਤਰ ਨੂੰ ਤਾਲਾ ਲਾਉਣ ਤੋਂ ਪਹਿਲਾਂ ਪੁਲਿਸ ਨੇ ਕੀਤੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ। ਏਸੀਪੀ ਪੱਧਰ ਦੇ ਅਫਸਰ ਨਾਲ ਦੰਗਾ ਵਿਰੋਧੀ ਪੁਲਿਸ ਵੀ ਤੈਨਾਤ ਕੀਤੀ ਗਈ। ਕਾਂਗਰਸ ਵਰਕਰਾਂ ਨੇ ਇੱਕਠੇ ਹੋ ਕੇ ਆਪ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ।