ਚੰਡੀਗੜ੍ਹ: ਪੰਜਾਬ ਅਤੇ ਪੰਜਾਬੀਅਤ ਦਾ ਰੁਤਬਾ ਬੁਲੰਦ ਕਰ ਰਹੇ ਸਟਾਰ ਗਾਇਕ ਦਿਲਜੀਤ ਦੁਸਾਂਝ ਦੀ ਸ਼ਾਨਦਾਰ ਗਾਇਕੀ ਦਾ ਜਾਦੂ ਵਿਸ਼ਵ ਭਰ 'ਚ ਦਰਸ਼ਕਾਂ ਦੇ ਸਿਰ ਚੜ੍ਹ ਬੋਲ ਰਿਹਾ ਹੈ, ਜਿੰਨ੍ਹਾਂ ਵੱਲੋਂ ਜਾਰੀ ਦਿਲ-ਲੂਮੀਨਾਟੀ ਟੂਰ ਭਾਰਤੀ ਇਤਿਹਾਸ ਵਿੱਚ ਸਭ ਤੋਂ ਵੱਧ ਵਿਕਣ ਵਾਲਾ ਕੰਸਰਟ ਈਵੈਂਟ ਬਣ ਗਿਆ ਹੈ।
ਦੁਨੀਆਂ ਭਰ ਵਿੱਚ ਕਮਾਈ ਅਤੇ ਟਿਕਟਾਂ ਦੀ ਵਿਕਰੀ ਦੇ ਮਾਮਲੇ ਵਿੱਚ ਕੀਰਤੀਮਾਨ ਸਥਾਪਿਤ ਕਰਦੇ ਜਾ ਰਹੇ ਉਕਤ ਕੰਸਰਟ ਨੇ 07 ਲੱਖ 42 ਹਜ਼ਾਰ ਟਿਕਟਾਂ ਵਰਲਡ-ਵਾਈਡ ਵੇਚ ਕੇ ਕਿਸੇ ਭਾਰਤੀ ਗਾਇਕ ਦੇ ਪਹਿਲੇ 'ਦਿ ਬਿਗਿਸਟ ਗਲੋਬਲ ਟੂਰ' ਹੋਣ ਦਾ ਮਾਣ ਅਤੇ ਖਿਤਾਬ ਵੀ ਅਪਣੀ ਝੋਲੀ ਪਾ ਲਿਆ ਹੈ।
ਕੈਨੇਡਾ, ਨੌਰਥ ਅਮਰੀਕਾ, ਯੂਕੇ-ਯੂਰਪ, ਦੁਬਈ ਤੋਂ ਲੈ ਕੇ ਭਾਰਤ-ਭਰ ਦੇ ਸੰਗੀਤਕ ਗਲਿਆਰਿਆਂ ਤੱਕ ਧੂੰਮਾਂ ਪਾ ਰਹੇ ਦਿਲਜੀਤ ਦੁਸਾਂਝ ਦੇ ਉਕਤ ਵਰਲਡ ਸ਼ੋਅ ਦੀਆਂ ਅਹਿਮ ਪ੍ਰਾਪਤੀਆਂ ਵੱਲ ਨਜ਼ਰਸਾਨੀ ਕਰੀਏ ਤਾਂ ਕੈਨੇਡਾ, ਨੌਰਥ ਅਮਰੀਕਾ, ਯੂਕੇ ਤੋਂ ਭਾਰਤ ਤੱਕ ਦੇ ਸ਼ੋਅ ਕੁਝ ਹੀ ਘੰਟਿਆਂ ਵਿੱਚ ਵਿਕ ਗਏ।
ਇਸੇ ਅਧੀਨ ਅਬੂ ਧਾਬੀ ਵਿੱਚ 30,000 ਟਿਕਟਾਂ ਵੇਚੀਆਂ ਗਈਆਂ, ਜੋ ਕਿ ਕਿਸੇ ਭਾਰਤੀ ਕਲਾਕਾਰ ਲਈ ਇੱਕ ਰਿਕਾਰਡ ਹੈ। ਉਕਤ ਲੜੀ ਦੇ ਮੱਦੇਨਜ਼ਰ ਹੀ ਮੁੰਬਈ ਵਿਖੇ ਸਾਹਮਣੇ ਆਏ ਕੰਸਰਟ ਦੀਆਂ ਟਿਕਟਾਂ 50 ਸਕਿੰਟਾਂ ਵਿੱਚ ਵਿਕ ਗਈਆਂ।
ਹੈਰਾਨੀਜਨਕ ਤੱਥ ਇਹ ਵੀ ਰਿਹਾ ਕਿ ਟੂਰ ਨੇ ਪਹਿਲੇ ਪੜ੍ਹਾਅ ਦੀ ਹੀ ਸਫ਼ਲਤਾ ਅਧੀਨ ਗਾਇਕ ਲਈ ਅੰਦਾਜ਼ਨ 149.21 ਕਰੋੜ (ਲਗਭਗ $179 ਮਿਲੀਅਨ ਅਮਰੀਕੀ ਡਾਲਰ) ਕਮਾ ਲਏ, ਜੋ ਉਪਲੱਬਧੀ ਵੀ ਪਹਿਲੀ ਵਾਰ ਕਿਸੇ ਪੰਜਾਬੀ ਗਾਇਕ ਦੇ ਹਿੱਸੇ ਆਈ ਹੈ।
ਸੱਭਿਆਚਾਰਕ ਅਤੇ ਭਾਸ਼ਾਈ ਰੁਕਾਵਟਾਂ ਨੂੰ ਪਾਰ ਕਰ ਨਵੇਂ ਦਿਸਹਿੱਦੇ ਸਿਰਜ ਰਹੇ ਉਕਤ ਟੂਰ ਦੀ ਵਿਸ਼ਵਵਿਆਪੀ ਸਫ਼ਲਤਾ ਨੇ ਦਿਲਜੀਤ ਦੁਸਾਂਝ ਨੂੰ ਵਿਸ਼ਵ ਮੰਚ 'ਤੇ ਸਭ ਤੋਂ ਪ੍ਰਮੁੱਖ ਦੱਖਣੀ ਏਸ਼ੀਆਈ ਕਲਾਕਾਰ ਵਜੋਂ ਲਿਆ ਖੜਾ ਕੀਤਾ ਹੈ। ਭਾਰਤ ਭਰ ਵਿੱਚ ਹੀ 3 ਲੱਖ 30 ਹਜ਼ਾਰ ਵਿਕਾਉਣ ਵਾਲੇ ਉਕਤ ਟੂਰ ਦੀ ਇਸ ਸ਼ਾਨਮੱਤੀ ਕਾਮਯਾਬੀ ਨੇ ਦਿਲਜੀਤ ਦੁਸਾਂਝ ਨੂੰ ਸਰਵੋਤਮ ਅਤੇ ਅਜਿਹੇ ਸਰਵ-ਵਿਆਪੀ ਗਾਇਕ ਵਜੋਂ ਪ੍ਰਵਾਨਤਾ ਦੇਣ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਹੈ, ਜਿਸ ਨੂੰ ਹਰ ਭਾਸ਼ਾ ਅਤੇ ਖਿੱਤੇ ਨਾਲ ਜੁੜੇ ਲੋਕ ਸੁਣਨਾ ਅਤੇ ਵੇਖਣਾ ਪਸੰਦ ਕਰ ਰਹੇ ਹਨ।
ਇਹ ਵੀ ਪੜ੍ਹੋ: