ਲੁਧਿਆਣਾ : ਸੂਬੇ 'ਚ ਆਏ ਦਿਨ ਕੋਈ ਨਾ ਕੋਈ ਅਜਿਹੀ ਵਾਰਦਾਤ ਸਾਹਮਣੇ ਆਉਂਦੀ ਹੈ ਜਿਸ ਨਾਲ ਪੰਜਾਬ ਵਿੱਚ ਕਾਨੂੰਨ ਵਿਵਸਥਾ ਉੱਤੇ ਸਵਾਲ ਖੜ੍ਹੇ ਹੋ ਜਾਂਦੇ ਹਨ। ਬਦਮਾਸ਼ ਬੇਖ਼ੌਫ ਹੋਕੇ ਦਹਿਸ਼ਤ ਫੈਲਾ ਰਹੇ ਹਨ। ਤਾਜ਼ਾ ਮਾਮਲਾ ਲੁਧਿਆਣਾ ਦੇ ਡਵੀਜ਼ਨ ਨੰਬਰ 2 ਦੇ ਅਧੀਨ ਪੈਂਦੇ ਵਾਰਡ ਨੰਬਰ 75 ਤੋਂ ਸਾਹਮਣੇ ਆਇਆ ਹੈ ਜਿੱਥੇ ਆਮ ਆਦਮੀ ਪਾਰਟੀ ਦੀ ਕੌਂਸਲਰ ਦੇ ਪਤੀ ਦੀ ਗੱਡੀ ਉੱਤੇ ਬਦਮਾਸ਼ਾਂ ਨੇ ਫਾਇਰਿੰਗ ਕੀਤੀ ਹੈ। ਮਾਮਲੇ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਹੈ ਅਤੇ ਪੁਲਿਸ ਮਾਮਲੇ ਦੀ ਪੜਤਾਲ ਕਰਨ ਵਿੱਚ ਜੁਟ ਗਈ ਹੈ ਕਿ ਅਖੀਰ ਇਹ ਗੋਲੀ ਕਿਸ ਨੇ ਅਤੇ ਕਿਉਂ ਚਲਾਈ ਹੈ।
ਅਣਪਛਾਤਿਆਂ ਨੇ ਕੀਤੀ ਫਾਇਰਿੰਗ
ਮਹਿਲਾ ਕੌਂਸਲਰ ਦੇ ਪਤੀ ਗੁਰਪ੍ਰੀਤ ਸਿੰਘ ਰਾਜੂ ਨੇ ਦੱਸਿਆ ਕਿ ਸ਼ਾਮ ਦੇ ਸਮੇਂ ਉਹ ਆਪਣੇ ਘਰ ਵਿੱਚ ਪਰਿਵਾਰ ਦੇ ਨਾਲ ਲੋਹੜੀ ਮਨਾ ਰਹੇ ਸਨ ਤਾਂ ਅਚਾਨਕ ਉਹਨਾਂ ਦੀ ਗੱਡੀ ਦਾ ਸ਼ੀਸ਼ਾ ਟੁੱਟਣ ਦੀ ਅਵਾਜ਼ ਆਈ। ਜਿਸ ਤੋਂ ਬਾਅਦ ਉਹਨਾਂ ਨੂੰ ਗਲੀ ਦੇ ਵਿੱਚ ਆ ਕੇ ਦੇਖਿਆ ਤਾਂ ਗੱਡੀ ਉੱਤੇ ਫਾਇਰਿੰਗ ਕਰਕੇ ਸ਼ੀਸ਼ਾ ਤੋੜਿਆ ਗਿਆ ਸੀ। ਪਹਿਲਾਂ ਉਹਨਾਂ ਨੂੰ ਲੱਗਾ ਕੇ ਉਂਝ ਹੀ ਪੱਥਰ ਲੱਗਣ ਨਾਲ ਸ਼ੀਸ਼ਾ ਟੁੱਟਿਆ ਹੈ ਪਰ ਲੋਕਾਂ ਦੇ ਕਹੇ ਮੁਤਾਬਿਕ ਕਿਸੇ ਨੇ ਹਮਲਾ ਕੀਤਾ ਹੈ। ਜਿਸ ਤੋਂ ਬਾਅਦ ਮੌਕੇ 'ਤੇ ਪੁਲਿਸ ਪਹੁੰਚੀ ਅਤੇ ਪੜਤਾਲ ਕੀਤੀ ਤਾਂ ਗੱਡੀ ਵਿੱਚੋਂ ਇੱਕ ਖਾਲੀ ਖੋਲ੍ਹ ਮਿਲਿਆ ਹੈ। ਜਿਸ ਤੋਂ ਸਾਫ ਹੁੰਦਾ ਹੈ ਕਿ ਕਿਸੇ ਨੇ ਉਹਨਾਂ ਉੱਤੇ ਹਮਲਾ ਕਰਨ ਦੀ ਮਨਸ਼ਾ ਨਾਲ ਗੋਲੀ ਚਲਾਈ ਪਰ ਕਿਸਮਤ ਰਹੀ ਕਿ ਉਹ ਪਰਿਵਾਰ ਨਾਲ ਅੰਦਰ ਸਨ ਅਤੇ ਉਹਨਾਂ ਦੀ ਜਾਨ ਬਚ ਗਈ।