ਅੰਮ੍ਰਿਤਸਰ: ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਚੀਮਾ ਬਾਠ ਜਾ ਰਹੇ ਪਤੀ ਪਤਨੀ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਇੱਟਾਂ ਦੀ ਭਰੀ ਟਰਾਲੀ ਨਾਲ ਟੱਕਰ ਹੋਣ ਕਾਰਨ ਅਤੇ ਟਰਾਲੀ ਵਲੋਂ ਕੁਚਲਣ ਨਾਲ ਦੋਵੇਂ ਪਤੀ ਪਤਨੀ ਦੀ ਮੌਕੇ ਉੱਤੇ ਮੌਤ ਹੋ ਗਈ ਹੈ। ਇਸ ਤੋਂ ਬਾਅਦ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਟਰਾਲੀ ਦੀ ਰਫਤਾਰ ਬਹੁਤ ਤੇਜ਼ ਸੀ ਜਿਸ ਨੇ ਗ਼ਲਤ ਪਾਸੇ ਜਾ ਕੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ।
ਤੇਜ਼ ਰਫ਼ਤਾਰ ਦਾ ਕਹਿਰ, ਪਤੀ-ਪਤਨੀ ਦੀ ਮੌਤ
ਇਸ ਸੰਬਧੀ ਗੱਲਬਾਤ ਕਰਦਿਆ ਮ੍ਰਿਤਕਾਂ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਮ੍ਰਿਤਕ ਸਾਡੇ ਪਿੰਡ ਦਾ ਜਵਾਈ ਸੀ ਅਤੇ ਰਹੀਏ ਦੇ ਰਹਿਣ ਵਾਲੇ ਸਨ। ਮ੍ਰਿਤਕ ਆਪਣੀ ਪਤਨੀ ਦੇ ਨਾਲ ਸਹੁਰੇ ਚੀਮਾਂਬਾਠ ਆ ਰਿਹਾ ਸੀ ਜਿਸ ਨੂੰ ਓਵਰਲੋਡ ਇੱਟਾਂ ਦੀ ਟਰਾਲੀ ਵੱਲੋਂ ਜ਼ੋਰਦਾਰ ਟੱਕਰ ਮਾਰ ਦਿੱਤੀ। ਇਸ ਨਾਲ ਮੌਕੇ ਉੱਤੇ ਦੋਵਾਂ ਜੀਆਂ ਦੀ ਮੌਤ ਹੋ ਗਈ। ਖਬਰ ਮਿਲਣ ਉੱਤੇ ਸਾਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ। ਸੜਕ ਹਾਦਸਾ ਸਵੇਰੇ ਕਰੀਬ ਸਾਢੇ 9 ਵਜੇ ਵਾਪਰਿਆ, ਦੋਹਾਂ ਮ੍ਰਿਤਕਾਂ ਦੀ ਉਮਰ ਕਰੀਬ 55 ਸਾਲ ਦੇ ਕਰੀਬ ਸੀ।
ਮ੍ਰਿਤਕਾਂ ਦੇ ਰਿਸ਼ਤੇਦਾਰ ਨੇ ਕਿਹਾ ਕਿ ਟੱਕਰ ਇੰਨੀ ਤੇਜ਼ ਸੀ ਕਿ ਇੱਟਾਂ ਨਾਲ ਭਰੀ ਟਰਾਲੀ ਬਿਜਲੀ ਦਾ ਖੰਭਾ ਤੋੜਦੀ ਹੋਈ, ਕੰਧ ਵਿੱਚ ਜਾ ਵੱਜੀ ਅਤੇ ਸਾਹਮਣੇ ਤੋਂ ਆ ਰਹੇ ਪਤੀ-ਪਤਨੀ ਨੂੰ ਕੁਚਲ ਕੇ ਡਰਾਈਵਰ ਫ਼ਰਾਰ ਹੋ ਗਏ। ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕਰਦਿਆਂ ਕਿਹਾ ਕਿ ਬਿਨਾਂ ਲਾਇਸੈਂਸ ਭੱਠੇ ਉੱਤੇ ਕੰਮ ਕਰਦੇ ਡਰਾਇਵਰਾਂ ਉੱਤੇ ਨਕੇਲ ਕੱਸਣ ਅਤੇ ਇਨ੍ਹਾਂ ਦਾ ਡੋਪ ਟੈਸਟ ਹੋਣਾ ਚਾਹੀਦਾ ਹੈ।
ਪੁਲਿਸ ਵਲੋਂ ਬਿਆਨ ਦਰਜ ਅਤੇ ਮਾਮਲੇ ਦੀ ਜਾਂਚ ਜਾਰੀ
ਇਸ ਸੰਬੰਧੀ ਮੌਕੇ ਉੱਤੇ ਪਹੁੰਚੇ ਥਾਣੇਦਾਰ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਮ੍ਰਿਤਕ ਕੁਲਵੰਤ ਸਿੰਘ ਅਤੇ ਉਸ ਦੀ ਪਤਨੀ ਜਸਬੀਰ ਕੌਰ ਜੋ ਕਿ ਆਪਣੇ ਭਰਾ ਨੂੰ ਮਿਲਣ ਪਿੰਡ ਚੀਮਾਂਬਾਠ ਜਾ ਰਹੇ ਸੀ। ਰਸਤੇ ਵਿੱਚ ਇੱਟਾਂ ਦੇ ਭੱਠੇ ਵਲੋਂ ਆਉਣ ਵਾਲੀ ਤੇਜ਼ ਰਫ਼ਤਾਰ ਟਰਾਲੀ ਵੱਲੋਂ ਬਾਇਕ ਸਵਾਰ ਪਤੀ ਪਤਨੀ ਨੂੰ ਟੱਕਰ ਮਾਰ ਕੇ ਕੁਚਲਿਆ ਗਿਆ ਹੈ। ਫਿਲਹਾਲ, ਇਹ ਜਾਂਚ ਦਾ ਵਿਸ਼ਾ ਹੈ ਕਿ ਟਰਾਲੀ ਡਰਾਇਵਰ ਨਸ਼ੇ ਵਿੱਚ ਸੀ ਜਾਂ ਘਟਨਾ ਦਾ ਕੋਈ ਹੋਰ ਕਾਰਨ ਹੈ। ਫਿਲਹਾਲ ਮੌਕੇ ਉੱਤੇ ਪਹੁੰਚ ਕੇ ਜਾਂਚ ਕੀਤੀ ਜਾ ਰਹੀ ਹੈ ਅਤੇ ਬਿਆਨਾਂ ਦੇ ਅਧਾਰ ਉੱਤੇ ਮੁਕੱਦਮਾ ਦਰਜ ਕਰਦੇ ਹੋਏ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।