ਲੁਧਿਆਣਾ/ਮੋਗਾ: ਅੰਮ੍ਰਿਤਸਰ ਵਿੱਚ ਡਾ: ਭੀਮ ਰਾਓ ਅੰਬੇਡਕਰ ਦੀ ਮੂਰਤੀ ਤੋੜਨ ਦੇ ਵਿਵਾਦ ਵਿੱਚ ਅੱਜ ਦਲਿਤ ਭਾਈਚਾਰੇ ਵੱਲੋਂ 4 ਜ਼ਿਲ੍ਹਿਆ ਹੁਸ਼ਿਆਰਪੁਰ, ਜਲੰਧਰ, ਲੁਧਿਆਣਾ ਅਤੇ ਮੋਗਾ ਵਿੱਚ ਬੰਦ ਦਾ ਸੱਦਾ ਦਿੱਤਾ ਗਿਆ ਹੈ। ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਬੰਦ ਦਾ ਅਸਰ ਵੀ ਦੇਖਣ ਨੂੰ ਮਿਲ ਰਿਹਾ ਹੈ।
ਲੁਧਿਆਣਾ ਵਿੱਚ ਬੰਦ ਦਾ ਅਸਰ
ਲੁਧਿਆਣਾ ਵਿੱਚ ਸੰਵਿਧਾਨ ਬਚਾਓ ਮੋਰਚਾ ਵੱਲੋਂ ਪੂਰਾ ਦਿਨ ਬੰਦ ਰੱਖਣ ਦਾ ਫੈਸਲਾ ਲਿਆ ਗਿਆ ਸੀ ਜਿਸ ਦੇ ਤਹਿਤ ਲੁਧਿਆਣਾ ਦੇ ਚੋੜਾ ਬਾਜ਼ਾਰ ਅਤੇ ਸ਼ਹਿਰ ਦੇ ਹੋਰ ਹਿੱਸਿਆਂ ਦੇ ਵਿੱਚ ਦੁਕਾਨਾਂ ਬੰਦ ਰੱਖੀਆਂ ਗਈਆਂ। ਇਸ ਦੌਰਾਨ ਵੱਡੀ ਗਿਣਤੀ ਦੇ ਵਿੱਚ ਦਲਿਤ ਭਾਈਚਾਰੇ ਦੇ ਲੋਕਾਂ ਵੱਲੋਂ ਇਕੱਠੇ ਹੋ ਕੇ ਲੁਧਿਆਣਾ ਦੇ ਘੰਟਾ ਘਰ ਕੋਲ ਇੱਕ ਪੱਕਾ ਮੋਰਚਾ ਵੀ ਲਗਾਇਆ ਗਿਆ ਅਤੇ ਆਉਣ ਜਾਣ ਵਾਲਾ ਰਸਤਾ ਵੀ ਬੰਦ ਕਰ ਦਿੱਤਾ ਗਿਆ।
‘ਮੁਲਜ਼ਮ ਉੱਤੇ ਦੇਸ਼ ਧ੍ਰੋਹ ਦਾ ਮਾਮਲਾ ਹੋਵੇ ਦਰਜ’
ਸਾਡੀ ਟੀਮ ਵੱਲੋਂ ਲੁਧਿਆਣਾ ਦੇ ਚੋੜਾ ਬਾਜ਼ਾਰ ਅਤੇ ਹੋਰ ਹਿੱਸਿਆਂ ਦਾ ਜਾਇਜ਼ਾ ਲਿਆ ਗਿਆ ਤਾਂ ਭਾਈਚਾਰੇ ਦੇ ਆਗੂਆਂ ਨੇ ਕਿਹਾ ਕਿ ਬਾਬਾ ਰਾਓ ਸਾਰਿਆਂ ਦੇ ਲਈ ਸਤਿਕਾਰਯੋਗ ਹਨ। ਜਿਸ ਨੇ ਵੀ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਉਸ ਦੇ ਪਿੱਛੇ ਕਿਸ ਦਾ ਹੱਥ ਹੈ ਇਸ ਦੀ ਡੂੰਗਾਈ ਨਾਲ ਜਾਂਚ ਹੋਣੀ ਚਾਹੀਦੀ ਹੈ। ਉਹਨਾਂ ਨੇ ਕਿਹਾ ਕਿ ਜਿਸ ਨੌਜਵਾਨ ਨੇ ਇਹ ਕਾਰਾ ਕੀਤਾ ਹੈ ਉਸ ਉੱਤੇ ਦੇਸ਼ ਧ੍ਰੋਹ ਦੀ ਧਾਰਾ ਲਗਾਉਣੀ ਚਾਹੀਦੀ ਹੈ। ਉਸ ਉੱਤੇ ਐੱਨਐੱਸਏ ਲਗਾ ਕੇ ਉਸ ਨੂੰ ਡਿਬਰੂਗੜ੍ਹ ਜੇਲ੍ਹ ਭੇਜਿਆ ਜਾਣਾ ਚਾਹੀਦਾ ਹੈ। ਉਹਨਾਂ ਨੇ ਕਿਹਾ ਕਿ ਸਿਰਫ ਉਸ ਨੂੰ ਗ੍ਰਿਫ਼ਤਾਰ ਕਰਨ ਦੇ ਨਾਲ ਸਾਡਾ ਰੋਸ ਖਤਮ ਨਹੀਂ ਹੋ ਸਕਦਾ, ਉਸ ਉੱਤੇ ਸਖ਼ਤ ਕਾਰਵਾਈ ਵੀ ਹੋਵੇ।
ਮੋਗਾ ਵਿੱਚ ਵੀ ਪ੍ਰਦਰਸ਼ਨ
ਦਲਿਤ ਭਾਈਚਾਰੇ ਵੱਲੋਂ ਮੋਗਾ ਨੂੰ ਪੂਰਨ ਤੌਰ ਉੱਤੇ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ। ਦਲਿਤ ਭਾਈਚਾਰੇ ਦੇ ਲੋਕ ਬਜ਼ਾਰ ਵਿੱਚ ਜਾ ਕੇ ਦੁਕਾਨਾਂ ਬੰਦ ਕਰਵਾ ਰਹੇ ਹਨ। ਆਗੂਆਂ ਵੱਲੋਂ ਮੋਗਾ ਦੇ ਮੇਨ ਚੌਂਕ ਵਿੱਚ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਜੋ ਵੀ ਇਹ ਮੰਦਭਾਗੀ ਘਟਨਾ ਵਾਪਰੀ ਹੈ ਇਸਦੀ ਨਿਰਪੱਥ ਜਾਂਚ ਹੋਣੀ ਚਾਹੀਦੀ ਹੈ ਤੇ ਮੁਲਜ਼ਮ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣੀ ਚਾਹੀਦੀ ਹੈ।
26 ਜਨਵਰੀ ਦੀ ਹੈ ਘਟਨਾ
ਗਣਤੰਤਰ ਦਿਵਸ ਮੌਕੇ 26 ਜਨਵਰੀ ਦੀ ਸ਼ਾਮ ਨੂੰ ਅੰਮ੍ਰਿਤਸਰ ਦੀ ਹੈਰੀਟੇਜ ਸਟਰੀਟ 'ਤੇ ਅੰਬੇਡਕਰ ਦੇ ਬੁੱਤ ਹੇਠਾਂ ਪੱਥਰ ਨਾਲ ਬਣੀ ਸੰਵਿਧਾਨ ਦੀ ਕਿਤਾਬ ਨੂੰ ਇੱਕ ਨੌਜਵਾਨ ਨੇ ਅੱਗ ਲਾ ਦਿੱਤੀ। ਇਸ ਤੋਂ ਬਾਅਦ ਹਥੌੜਾ ਲੈ ਕੇ ਨੌਜਵਾਨ ਪੌੜੀ ਦੀ ਮਦਦ ਨਾਲ ਮੂਰਤੀ 'ਤੇ ਚੜ੍ਹ ਗਿਆ ਅਤੇ ਬੁੱਤ 'ਤੇ 8 ਵਾਰ ਹਮਲਾ ਕੀਤਾ। ਜਦੋਂ ਉੱਥੇ ਮੌਜੂਦ ਪ੍ਰਾਈਵੇਟ ਸੁਰੱਖਿਆ ਨੇ ਨੌਜਵਾਨ ਨੂੰ ਹੇਠਾਂ ਉਤਰਨ ਲਈ ਕਿਹਾ ਤਾਂ ਉਹ ਬਹਿਸ ਕਰਨ ਲੱਗਾ। ਫਿਰ ਕਿਸੇ ਤਰ੍ਹਾਂ ਉਹ ਮੰਨ ਗਿਆ। ਹੇਠਾਂ 2 ਸੁਰੱਖਿਆ ਗਾਰਡਾਂ ਨੇ ਉਸ ਨੂੰ ਫੜ ਲਿਆ।