ਲੁਧਿਆਣਾ: ਖੰਨਾ ਦੀ 100 ਸਾਲ ਤੋਂ ਵੱਧ ਪੁਰਾਣੀ ਏ.ਐਸ.ਹਾਈ ਸਕੂਲ ਖੰਨਾ ਟਰੱਸਟ ਐਂਡ ਮੈਨੇਜਮੈਂਟ ਸੁਸਾਇਟੀ ਦੁਆਰਾ ਚਲਾਏ ਜਾ ਰਹੇ ਏ.ਐਸ. ਕਾਲਜ ਆਫ਼ ਐਜੂਕੇਸ਼ਨ (ਬੀ.ਐਡ. ਕਾਲਜ) ਨੂੰ ਲੈ ਕੇ ਵਿਵਾਦ ਭੱਖ ਗਿਆ ਹੈ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਕਾਲਜ ਦੇ ਇੱਕ ਪ੍ਰੋਫੈਸਰ ਨੂੰ ਪਿਛਲੇ ਸਾਲ ਨੌਕਰੀ ਤੋਂ ਬਰਖਾਸਤ ਕਰਨ ਦਾ ਸਖ਼ਤ ਨੋਟਿਸ ਲਿਆ ਗਿਆ ਹੈ। ਜੇਕਰ ਕਾਲਜ ਮੈਨੇਜਮੈਂਟ ਨੇ ਕੋਈ ਤਸੱਲੀਬਖਸ਼ ਜਵਾਬ ਨਹੀਂ ਦਿੱਤਾ ਤਾਂ ਪੀਯੂ ਨੇ ਚੇਤਾਵਨੀ ਦਿੱਤੀ ਹੈ ਕਿ ਕਿਉਂ ਨਾ ਕਾਲਜ ਦੇ ਦਾਖਲਿਆਂ 'ਤੇ ਰੋਕ ਲਗਾ ਦਿੱਤੀ ਜਾਵੇ। ਇਸ ਸਬੰਧੀ ਸੁਸਾਇਟੀ ਦੇ ਮੈਂਬਰਾਂ ਅਤੇ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਣ ਵਾਲਿਆਂ ਨੇ ਕਾਲਜ ਮੈਨੇਜਮੈਂਟ ’ਤੇ ਗੰਭੀਰ ਇਲਜ਼ਾਮ ਲਾਏ ਹਨ।
ਚਹੇਤਿਆਂ ਨੂੰ ਸੈੱਟ ਕਰ ਰਹੀ ਮੈਨੇਜਮੈਂਟ: ਭਾਜਪਾ ਸਮਰਥਿਤ ਪ੍ਰੋਗ੍ਰੈਸਿਵ ਪੈਨਲ ਨੇ ਮੈਨੇਜਮੈਂਟ ਦੀ ਨਿਖੇਧੀ ਕੀਤੀ। ਪੈਨਲ ਦੇ ਰਾਜੇਸ਼ ਡਾਲੀ ਨੇ ਕਿਹਾ ਕਿ ਕਾਲਜਾਂ ਵਿੱਚੋਂ ਯੋਗ ਅਧਿਆਪਕਾਂ ਨੂੰ ਹਟਾ ਕੇ ਆਪਣੇ ਚਹੇਤੇ ਵਿਅਕਤੀਆਂ ਨੂੰ ਨਿਯੁਕਤ ਕੀਤਾ ਜਾ ਰਿਹਾ ਹੈ। ਪੀਯੂ ਦੇ ਨੋਟਿਸ ਤੋਂ ਬਾਅਦ ਬੀਐੱਡ ਕਾਲਜ ਵਿੱਚ ਦਾਖ਼ਲਾ ਲੈਣ ਵਾਲੇ ਬੱਚਿਆਂ ਦਾ ਭਵਿੱਖ ਖਤਰੇ 'ਚ ਜਾਪਦਾ ਹੈ। ਡਾਲੀ ਨੇ ਦੱਸਿਆ ਕਿ ਮੈਨੇਜਮੈਂਟ ਸੁਸਾਇਟੀ ਦੀਆਂ ਚੋਣਾਂ 1 ਸਤੰਬਰ ਨੂੰ ਐਲਾਨੀਆਂ ਗਈਆਂ ਹਨ। ਮੈਨੇਜਮੈਂਟ ਦੇ ਸੰਵਿਧਾਨ ਅਨੁਸਾਰ ਕੋਈ ਪ੍ਰਧਾਨ ਜਾਂ ਜਨਰਲ ਸਕੱਤਰ ਨਹੀਂ ਹੈ। ਫਿਰ ਵੀ ਕਾਂਗਰਸ ਸਮਰਥਿਤ ਪੈਨਲ ਦੇ ਮੈਂਬਰ ਸੰਵਿਧਾਨ ਦੀਆਂ ਧੱਜੀਆਂ ਉਡਾ ਕੇ ਵਿਦਿਅਕ ਅਦਾਰਿਆਂ ਨੂੰ ਬਰਬਾਦ ਕਰਨ ਵਿਚ ਲੱਗੇ ਹੋਏ ਹਨ।