ਮੋਹਾਲੀ: ਅਮਰੀਕਾ ਤੋਂ ਡਿਪੋਰਟ ਕੀਤੇ ਗਏ 104 ਭਾਰਤੀਆਂ ਵਿੱਚ ਪੰਜਾਬ ਦੇ ਮੋਹਾਲੀ ਜ਼ਿਲ੍ਹੇ ਦਾ ਇੱਕ ਨੌਜਵਾਨ ਵੀ ਸ਼ਾਮਲ ਹੈ। ਪਰਿਵਾਰ ਨੇ ਨੌਜਵਾਨ ਨੂੰ ਵਿਦੇਸ਼ ਭੇਜਣ ਲਈ ਕਰਜ਼ਾ ਲਿਆ ਸੀ। ਮੋਹਾਲੀ ਦੇ ਲਾਲੜੂ ਦੇ ਪਿੰਡ ਜੜੋਤ ਦਾ ਰਹਿਣ ਵਾਲਾ 23 ਸਾਲਾ ਪ੍ਰਦੀਪ ਵੀ ਅਮਰੀਕਾ ਤੋਂ ਡਿਪੋਰਟ ਹੋ ਗਿਆ, ਪਰ ਅਜੇ ਘਰ ਵਾਪਸ ਨਹੀਂ ਪਰਤਿਆ ਹੈ। ਪਰਿਵਾਰ ਵਾਲੇ ਇਸ ਸਮੇਂ ਸਦਮੇ 'ਚ ਹਨ, ਕਿਉਂਕਿ ਕਰਜ਼ਾ ਚੁੱਕ ਕੇ ਉਨ੍ਹਾਂ ਨੇ ਬੱਚੇ ਨੂੰ ਬਾਹਰ ਭੇਜਿਆ ਸੀ ਅਤੇ ਉਹ ਹੁਣ ਵਾਪਸ ਆ ਰਿਹਾ ਹੈ।
ਸਾਡੇ ਕੋਲ 2 ਕਿੱਲੇ ਜ਼ਮੀਨ ਹੈ, ਇੱਕ ਕਿੱਲੇ ਜ਼ਮੀਨ ਵੇਚ ਕੇ ਪੁੱਤ ਨੂੰ ਵਿਦੇਸ਼ ਭੇਜਿਆ ਸੀ। ਉਸ ਨੂੰ ਵੀ ਡਿਪੋਰਟ ਕਰ ਦਿੱਤਾ ਅਤੇ ਪੁੱਤ ਵਾਪਸ ਆ ਰਿਹਾ। ਪਹਿਲਾਂ ਵੀ ਬੈਂਕਾਂ ਵਿੱਚ 20-25 ਲੱਖ ਕਰਜ਼ਾ ਹੈ ਅਤੇ ਹੁਣ ਹੋਰ ਕਰਜ਼ਾ ਚੜ੍ਹ ਗਿਆ। ਸਰਕਾਰ ਨੂੰ ਅਪੀਲ ਹੈ ਕਿ ਜਾਂ ਸਾਡੇ ਪੁੱਤ ਨੂੰ ਨੌਕਰੀ ਦਿਓ ਜਾਂ ਕਰਜ਼ਾ ਮੁਆਫ ਕਰਵਾਓ ਜਾਂ ਸਾਡੇ ਪੁੱਤ ਨੂੰ ਵਿਦੇਸ਼ ਭੇਜਣ ਲੱਗੇ ਖ਼ਰਚੇ ਪੈਸੇ ਵਾਪਸ ਦਿਵਾਓ।- ਪੀੜਤ ਪਰਿਵਾਰ
ਸਾਰੇ ਸੁਪਨੇ ਮਿੱਟੀ ਹੋਏ ...41 ਲੱਖ ਰੁਪਏ ਲਾ ਕੇ ਭੇਜਿਆ ਸੀ ਵਿਦੇਸ਼
ਪ੍ਰਦੀਪ ਦੀ ਮਾਂ ਨਰਿੰਦਰ ਕੌਰ ਨੇ ਦੱਸਿਆ ਕਿ "ਉਸ ਨੇ 41 ਲੱਖ ਰੁਪਏ ਦਾ ਕਰਜ਼ਾ ਲੈ ਕੇ ਆਪਣੇ ਪੁੱਤਰ ਨੂੰ 6 ਮਹੀਨੇ ਪਹਿਲਾਂ ਅਮਰੀਕਾ ਭੇਜਿਆ ਸੀ। ਇਸ ਦੇ ਲਈ ਉਨ੍ਹਾਂ ਨੇ ਕੁਝ ਪੈਸੇ ਕਰਜ਼ੇ ‘ਤੇ ਲਏ ਸਨ ਅਤੇ ਆਪਣੀ ਇੱਕ ਏਕੜ ਜ਼ਮੀਨ ਵੀ ਵੇਚ ਦਿੱਤੀ ਸੀ। ਉਮੀਦ ਸੀ ਕਿ ਉਸ ਦੇ ਵਿਦੇਸ਼ ਜਾਣ ਨਾਲ ਘਰ ਦੇ ਹਾਲਾਤ ਸੁਧਰ ਜਾਣਗੇ। ਪਰ, ਸਾਰੇ ਸੁਪਨੇ ਮਿੱਟੀ ਵਿੱਚ ਬਦਲ ਗਏ। ਘਰ ਦੀ ਹਾਲਤ ਬਹੁਤ ਮਾੜੀ ਹੈ। ਉਸ ਨੇ ਵਿਦੇਸ਼ ਜਾਣ ਲਈ ਸਾਰੇ ਕਾਗਜ਼ਾਤ ਪੂਰੇ ਕੀਤੇ ਸਨ। ਪ੍ਰਦੀਪ ਦੇ ਪਿਤਾ ਪਹਿਲਾਂ ਹੀ ਡਿਪਰੈਸ਼ਨ ਦੇ ਮਰੀਜ਼ ਹਨ। ਸਭ ਕੁਝ ਬਰਬਾਦ ਹੋ ਗਿਆ।"
ਕਰਜ਼ੇ 'ਚ ਡੁੱਬੇ ਪਰਿਵਾਰ ਦੀ ਗੁਹਾਰ
ਪ੍ਰਦੀਪ ਦੀ ਮਾਂ ਨਰਿੰਦਰ ਕੌਰ ਨੇ ਦੱਸਿਆ ਕਿ ਪੁੱਤਰ ਨੂੰ ਵਿਦੇਸ਼ ਭੇਜਣ ਵਿੱਚ ਲੱਖਾਂ ਰੁਪਏ ਲੱਗ ਗਏ ਅਤੇ ਵਿਦੇਸ਼ ਭੇਜਣ ਲਈ ਜ਼ਮੀਨ ਵੇਚੀ ਸੀ। ਪੁੱਤਰ 15 ਦਿਨਾਂ ਵਿੱਚ ਵਾਪਸ ਆ ਰਿਹਾ ਹੈ। ਉਨ੍ਹਾਂ ਕਿਹਾ, 'ਉਹ ਭਗਵੰਤ ਮਾਨ ਸਰਕਾਰ ਨੂੰ ਅਪੀਲ ਕਰਦੇ ਹਨ ਕਿ ਸਾਡੇ ਮੁੰਡੇ ਨੂੰ ਜਾਂ ਸਰਕਾਰੀ ਨੌਕਰੀ ਦੇਣ ਜਾਂ ਸਾਡਾ ਕਰਜ਼ਾ ਮੋੜ ਦੇਣ। ਪਰਿਵਾਰ ਨੇ ਕਿਹਾ ਸਾਡਾ ਬਹੁਤ ਮੁਸ਼ਕਲ ਨਾਲ ਗੁਜ਼ਾਰਾ ਚੱਲਦਾ ਹੈ। ਅਸੀ ਕੋਈ ਬਹੁਤੇ ਅਮੀਰ ਨਹੀਂ ਹਾਂ।'
ਜ਼ਿਕਰਯੋਗ ਹੈ ਕਿ ਅਮਰੀਕਾ ਤੋਂ ਡਿਪੋਰਟ ਕੀਤੇ ਗਏ 104 ਭਾਰਤੀਆਂ ਨੂੰ ਲੈ ਕੇ ਅਮਰੀਕੀ ਫੌਜ ਦਾ ਜਹਾਜ਼ ਬੁੱਧਵਾਰ (5 ਫਰਵਰੀ) ਨੂੰ ਅੰਮ੍ਰਿਤਸਰ ਹਵਾਈ ਅੱਡੇ 'ਤੇ ਉਤਰਿਆ। ਇਨ੍ਹਾਂ ਵਿੱਚ ਹਰਿਆਣਾ ਅਤੇ ਗੁਜਰਾਤ ਦੇ 33-33 ਅਤੇ ਪੰਜਾਬ ਦੇ 30 ਲੋਕ ਸ਼ਾਮਲ ਸਨ। ਦੁਪਹਿਰ 2 ਵਜੇ ਅਮਰੀਕੀ ਹਵਾਈ ਸੈਨਾ ਦਾ ਸੀ-17 ਗਲੋਬਮਾਸਟਰ ਜਹਾਜ਼ ਅੰਮ੍ਰਿਤਸਰ ਹਵਾਈ ਅੱਡੇ 'ਤੇ ਉਤਰਿਆ ਸੀ।