ਬਰਨਾਲਾ: ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵਲੋਂ ਸੂਬਾ ਪੱਧਰੀ ਮੀਟਿੰਗ ਕੀਤੀ ਗਈ। ਜਿਸ ਦੌਰਾਨ ਜੱਥੇਬੰਦੀ ਵਲੋਂ ਸੂਬਾ ਪੱਧਰੀ ਇਜਲਾਸ 22-23 ਫਰਵਰੀ ਨੂੰ ਮਸਤੂਆਣਾ ਸਾਹਿਬ ਵਿਖੇ ਬੁਲਾਉਣ ਦਾ ਐਲਾਨ ਤੋਂ ਇਲਾਵਾ ਦੋ ਵੱਡੇ ਮਾਮਲਿਆਂ ਨੂੰ ਲੈ ਕੇ ਸੰਘਰਸ਼ ਦਾ ਐਲਾਨ ਕੀਤਾ ਗਿਆ। ਜੱਥੇਬੰਦੀ ਨੇ ਜਗਰਾਉਂ ਦੇ ਪਿੰਡਾਂ ਵਿੱਚ ਸੀਐਨਜੀ ਫ਼ੈਕਟਰੀਆਂ ਅਤੇ ਮਾਨਸਾ ਦੇ ਪਿੰਡ ਕੁੱਲਰੀਆਂ ਵਿਖੇ ਕਿਸਾਨਾਂ ਦੇ ਮਾਮਲੇ 'ਤੇ ਸੰਘਰਸ਼ ਦਾ ਐਲਾਨ ਕੀਤਾ।
ਜਥੇਬੰਦੀਆਂ ਵਲੋਂ ਸੂਬਾ ਪੱਧਰੀ ਮੀਟਿੰਗ
ਇਸ ਮੌਕੇ ਗੱਲਬਾਤ ਕਰਦਿਆਂ ਬੀਕੇਯੂ ਡਕੌਂਦਾ ਦੇ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਕਿਹਾ ਕਿ ਬਰਨਾਲਾ ਵਿਖੇ ਜੱਥੇਬੰਦੀ ਦੀ ਸੂਬਾ ਪੱਧਰੀ ਮੀਟਿੰਗ ਕੀਤੀ ਗਈ ਹੈ। ਜੱਥੇਬੰਦੀ ਵਲੋਂ ਸੂਬਾ ਪੱਧਰੀ 22-23 ਫਰਵਰੀ ਨੁੰ ਇਜਲਾਸ ਕੀਤਾ ਜਾਵੇਗਾ। ਜਿਸ ਵਿੱਚ ਜੱਥੇਬੰਦੀ ਦਾ ਪਿਛਲਾ ਸਾਰਾ ਲੇਖਾ ਜੋਖਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ 14 ਫਰਵਰੀ 2023 ਨੂੰ ਜੱਥੇਬੰਦੀ ਨੇ ਬਹੁ ਗਿਣਤੀ ਜੱਥੇਬੰਦੀ ਦੇ ਅਹੁਦੇਦਾਰਾਂ ਨੂੰ ਖ਼ਾਰਿਜ ਕਰ ਦਿੱਤਾ ਸੀ। ਜਿਸ ਵਿੱਚ ਜੱਥੇਬੰਦੀ ਦਾ ਹੋਰ ਵਿਸਥਾਰ ਕੀਤਾ ਜਾਵੇਗਾ।
ਸੀਐਨਜੀ ਫੈਕਟਰੀਆਂ ਦਾ ਵਿਰੋਧ
ਉਨ੍ਹਾਂ ਕਿਹਾ ਕਿ ਜਗਰਾਉਂ ਦੇ ਪਿੰਡ ਅਖਾੜਾ ਅਤੇ ਭੂੰਦੜੀ ਵਿਖੇ ਸੀਐਨਜੀ ਫੈਕਟਰੀਆਂ ਦਾ ਵਿਰੋਧ ਕੀਤਾ ਜਾ ਰਿਹਾ ਹੈ, ਜੋ ਕੈਂਸਰ ਵੰਡ ਰਹੀਆਂ ਹਨ। ਇਸ ਸਬੰਧੀ ਮਾਹਿਰਾਂ ਨੇ ਵੀ ਇਸ ਉਪਰ ਮੋਹਰ ਲਗਾਈ ਹੈ ਕਿ ਇਹ ਫ਼ੈਕਟਰੀਆਂ ਪ੍ਰਦੂਸ਼ਣ ਅਤੇ ਕੈਂਸਰ ਵੰਡਣਗੀਆਂ। ਜਿਸ ਸਬੰਧੀ ਬੀਕੇਯੂ ਡਕੌਂਦਾ ਵਲੋਂ ਸੰਘਰਸ਼ ਕੀਤਾ ਜਾ ਰਿਹਾ ਹੈ। 5 ਅਤੇ 7 ਫਰਵਰੀ ਨੂੰ ਪੁਲਿਸ ਨੇ ਜ਼ਬਰੀ ਮੋਰਚੇ ਨੂੰ ਪੁੱਟ ਦਿੱਤਾ, ਜਦਕਿ ਇੱਕ ਮੋਰਚਾ ਉਨ੍ਹਾਂ ਦੀ ਜੱਥੇਬੰਦੀ ਦਾ ਮੋਰਚਾ ਸਥਾਪਿਤ ਹੈ ਅਤੇ ਇਨ੍ਹਾਂ ਫ਼ੈਕਟਰੀਆਂ ਨੂੰ ਬੰਦ ਕਰਵਾਉਣ ਤੱਕ ਘੋਲ ਜਾਰੀ ਰਹੇਗਾ।
ਮਾਨਸਾ ਦੇ ਪਿੰਡ ਕੁੱਲਰੀਆਂ ਵਿਖੇ ਕਿਸਾਨਾਂ ਦਾ ਸੰਘਰਸ਼
ਉਨ੍ਹਾਂ ਕਿਹਾ ਕਿ ਇੱਕ ਪਾਸੇ ਕਿਸਾਨਾਂ ਨੂੰ ਪਰਾਲੀ ਫੂਕਣ 'ਤੇ ਪ੍ਰਦੂਸ਼ਣ ਹੋਣ ਦੇ ਦੋਸ਼ ਲਗਾਏ ਜਾਂਦੇ ਹਨ, ਜਦਕਿ ਦੂਜੇ ਪਾਸੇ ਇਨ੍ਹਾਂ ਗੈਸ ਫ਼ੈਕਟਰੀਆਂ ਰਾਹੀਂ ਪਰਾਲੀ ਫੂਕ ਕੇ ਪ੍ਰਦੂਸ਼ਣ ਫ਼ੈਲਾਇਆ ਜਾਣਾ ਹੈ। ਉਨ੍ਹਾਂ ਕਿਹਾ ਕਿ ਮਾਨਸਾ ਜ਼ਿਲ੍ਹੇ ਦੇ ਪਿੰਡ ਕੁੱਲਰੀਆਂ ਵਿਖੇ ਕਿਸਾਨਾਂ ਦਾ ਸੰਘਰਸ਼ ਜਾਰੀ ਹੈ। ਜਥੇਬੰਦੀ ਦੇ ਸੰਘਰਸ਼ ਨੂੰ ਸਰਕਾਰ ਅਤੇ ਡੀਸੀ ਮਾਨਸਾ ਨੇ ਠੀਕ ਦੱਸਿਆ ਹੈ। ਜਿਸ ਤੋਂ ਬਾਅਦ ਕਿਸਾਨਾਂ ਨੇ ਜ਼ਮੀਨ ਉਪਰ ਕਬਜਾ ਕਰਕੇ ਕਣਕ ਦੀ ਬੀਜਾਈ ਕੀਤੀ ਹੈ, ਇਸ ਸਬੰਧੀ ਕਾਨੂੰਨੀ ਕੁੱਝ ਅੜਚਨਾਂ ਹਨ ਅਤੇ ਕਾਗਜ਼ਾਂ ਵਿੱਚ ਜੋ ਗਲਤੀਆਂ ਹਨ, ਉਸ ਨੂੰ ਸਹੀ ਸਰਕਾਰ ਨੇ ਕਰਨਾ ਹੈ ਅਤੇ ਸਰਕਾਰ ਦਾ ਫ਼ਰਜ਼ ਬਣਦਾ ਹੈ ਕਿ ਜਲਦ ਇਸ ਵਿੱਚ ਦਰੁੱਸਤੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਕੁੱਲਰੀਆਂ ਵਾਲੇ ਮਾਮਲੇ 'ਤੇ ਕਿਸਾਨਾਂ ਨਾਲ ਧੱਕਾ ਕੀਤਾ ਤਾਂ ਜੱਥੇਬੰਦੀ ਮੁੜ ਸੰਘਰਸ਼ ਕਰਨ ਤੋਂ ਪਿੱਛੇ ਨਹੀਂ ਹਟੇਗੀ।