ਅੰਮ੍ਰਿਤਸਰ: ਪੰਜਾਬ ਵਿੱਚ ਲਾਅ ਐਂਡ ਆਰਡਰ ਦਾ ਬੁਰਾ ਹਾਲ ਹੋਇਆ ਪਿਆ ਹੈ, ਆਏ ਦਿਨ ਗੋਲੀਆਂ ਚੱਲਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਬਦਮਾਸ਼ ਬੇ-ਖੌਫ ਹਨ ਅਤੇ ਲੋਕਾਂ 'ਚ ਸਹਿਮ ਦਾ ਮਹੌਲ ਹੈ। ਅਜਿਹਾ ਹੀ ਮਾਮਲਾ ਮਹਿਤਾ ਚੌਂਕ ਦੇ ਭੀੜ ਭੜੱਕੇ ਵਾਲੀ ਥਾਂ ਬਟਾਲਾ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਸਪੇਅਰ ਪਾਰਟ ਦੀ ਦੁਕਾਨ ਦੇ ਬਾਹਰ ਕੰਮ ਕਰ ਰਹੇ ਦੁਕਾਨ ਮਾਲਕ ਬਲਦੇਵ ਸਿੰਘ ਉਰਫ ਚੇਲਾ ਪੁੱਤਰ ਗੁਰਦਿਆਲ ਸਿੰਘ ਅਤੇ ਅਮਨਬੀਰ ਸਿੰਘ ਪੁੱਤਰ ਅਮਰੀਕ ਸਿੰਘ ਪਿੰਡ ਉਦੋਨੰਗਲ 'ਤੇ ਮੋਟਰਸਾਈਕਲ ਸਵਾਰ ਹਮਲਾਵਰਾਂ ਵੱਲੋਂ ਅੰਨ੍ਹੇਵਾਹ ਗੋਲੀਆਂ ਚਲਾਈਆਂ ਗਈਆਂ, ਗੋਲੀਆਂ ਚੱਲਣ ਦੀ ਅਵਾਜ਼ ਸੁਣ ਕੇ ਹਰ ਕੋਈ ਦੰਗ ਰਹਿ ਗਿਆ ਅਤੇ ਸ਼ਹਿਰ 'ਚ ਭਾਜੜਾਂ ਪੈ ਗਈਆਂ।
ਫਿਲਮੀ ਅੰਦਾਜ਼ 'ਚ ਕੀਤੀ ਫਾਇਰਿੰਗ
ਮੌਕੇ 'ਤੇ ਮੌਜੂਦ ਲੋਕਾਂ ਵੱਲੋਂ ਜ਼ਖਮੀ ਨੌਜਵਾਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਅਤੇ ਪੁਲਿਸ ਨੂੰ ਸੁਚਨਾ ਦਿੱਤੀ ਗਈ। ਮਿਲੀ ਜਾਣਕਾਰੀ ਮੁਤਾਬਿਕ, 'ਬਦਮਾਸ਼ ਮੋਟਰਸਾਈਕਲ 'ਤੇ ਆਏ ਸਨ ਅਤੇ ਦੋ ਨੌਜਵਾਨਾਂ ਨੂੰ ਗੋਲੀਆਂ ਮਾਰ ਕੇ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ। ਦੁਕਾਨ ਦੇ ਵਰਕਰਾਂ ਅਨੁਸਾਰ ਕਾਲੇ ਰੰਗ ਦੇ ਬਿਨਾਂ ਨੰਬਰ ਪਲੇਟ ਵਾਲੇ ਮੋਟਰਸਾਈਕਲ 'ਤੇ ਸਵਾਰ ਦੋ ਹਮਲਾਵਰ ਆਏ ਜਿਨ੍ਹਾਂ ਨੇ ਆਪਣੇ ਮੂੰਹ ਢੱਕੇ ਹੋਏ ਸਨ, ਉਨ੍ਹਾਂ ਨੇ ਫਿਲਮੀ ਅੰਦਾਜ਼ 'ਚ ਆਪਣੇ ਮੋਟਰਸਾਈਕਲ ਨੂੰ ਬਿੱਲਕੁਲ ਘੱਟ ਸਪੀਡ 'ਤੇ ਚਲਾਉਂਦਿਆਂ ਤਕਰੀਬਨ 6 ਰਾਊਂਡ ਫਾਇਰ ਕਰਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ।'
ਬਦਮਾਸ਼ਾਂ ਨੇ ਬਲਦੇਵ ਸਿੰਘ ਅਤੇ ਅਮਨਬੀਰ ਸਿੰਘ ਦੀਆਂ ਲੱਤਾਂ ਵਿੱਚ ਗੋਲੀਆਂ ਮਾਰੀਆਂ ਅਤੇ ਮੌਕੇ ਤੋਂ ਫਰਾਰ ਹੋ ਗਏ। ਜ਼ਖਮੀਆਂ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਜਿੱਥੇ ਕਿ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਮੌਕੇ 'ਤੇ ਪੁੱਜੇ ਡੀਐਸਪੀ ਜੰਡਿਆਲਾ ਧਰਮਿੰਦਰ ਕਲਿਆਣ ਅਤੇ ਐਸਐਚਓ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਉਹ ਪੂਰੀ ਮੁਸਤੈਦੀ ਨਾਲ ਇਸ ਮਾਮਲੇ ਦੀ ਤਫਤੀਸ਼ ਕਰ ਰਹੇ ਹਨ ਅਤੇ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ।