ਅੰਮ੍ਰਿਤਸਰ: ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਰਜਕਾਲ ਨੂੰ 10 ਸਾਲ ਦਾ ਸਮਾਂ ਹੋ ਚੁੱਕਾ ਹੈ ਅਤੇ ਹੁਣ ਉਨ੍ਹਾਂ ਵੱਲੋਂ ਦੇਸ਼ ਪ੍ਰਤੀ ਕੀਤੇ ਗਏ ਵਧੀਆ ਕੰਮਾਂ ਨੂੰ ਲੈ ਕੇ ਉਨ੍ਹਾਂ ਦੇ ਕੇਂਦਰੀ ਮੰਤਰੀਆਂ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਹੈ। ਅੱਜ ਕੇਂਦਰੀ ਰਾਜ ਮੰਤਰੀ ਸਤੀਸ਼ ਚੰਦਰ ਦੁਬੇ ਅੰਮ੍ਰਿਤਸਰ ਦੇ ਦੌਰੇ 'ਤੇ ਆਏ ਅਤੇ ਉਨ੍ਹਾਂ ਵੱਲੋਂ ਭਾਰਤੀ ਜਨਤਾ ਪਾਰਟੀ ਦੇ ਮੁੱਖ ਦਫਤਰ ਵਿਖੇ ਕਿਹਾ ਗਿਆ ਕਿ ਪ੍ਰਧਾਨ ਮੰਤਰੀ ਵੱਲੋਂ ਦੇਸ਼ ਦੀ ਉੱਨਤੀ ਲਈ ਹਰ ਇੱਕ ਯੋਗ ਕਦਮ ਹੋ ਚੁੱਕਿਆ ਜਾ ਰਿਹਾ ਹੈ।
'ਮਨਾਂ ਨੂੰ ਕਾਫੀ ਠੇਸ ਪਹੁੰਚੀ'
ਅਮਰੀਕਾ ਤੋਂ ਡਿਪੋਰਟ ਹੋ ਕੇ ਆ ਰਹੇ ਭਾਰਤੀਆਂ ਦੇ ਮੁੱਦੇ ਉੱਤੇ ਉਨ੍ਹਾਂ ਕਿਹਾ ਕਿ, 'ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗੱਲਬਾਤ ਚੱਲ ਰਹੀ ਹੈ। ਦੁਬੇ ਨੇ ਕਿਹਾ ਕਿ ਜੋ ਡਿਪੋਰਟ ਹੋਏ ਲੋਕਾਂ ਦੇ ਹੱਥਾਂ ਦੇ ਵਿੱਚ ਕੜੀਆਂ ਲਗਾ ਕੇ ਅਤੇ ਪੈਰਾਂ ਵਿੱਚ ਬੇੜੀਆਂ ਪਾ ਕੇ ਭਾਰਤ ਵਾਪਸ ਭੇਜਿਆ ਗਿਆ। ਉਸ ਨਾਲ ਭਾਰਤੀਆਂ ਦੇ ਮਨਾਂ ਨੂੰ ਕਾਫੀ ਠੇਸ ਪਹੁੰਚੀ ਹੈ,'।
ਇੱਥੇ ਦੱਸਣ ਯੋਗ ਹੈ ਕਿ ਲਗਾਤਾਰ ਹੀ ਅਮਰੀਕਾ ਤੋਂ ਗੈਰ-ਕਾਨੂੰਨੀ ਪ੍ਰਵਾਸੀ ਭਾਰਤੀ ਡਿਪੋਰਟ ਹੋ ਕੇ ਆ ਰਹੇ ਹਨ ਅਤੇ ਇਨ੍ਹਾਂ ਭਾਰਤੀਆਂ ਨੂੰ ਲੈ ਕੇ ਹੁਣ ਸਾਰਿਆਂ ਦੀ ਨਜ਼ਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਬਣੀ ਹੋਈ ਹੈ। ਕੇਂਦਰੀ ਰਾਜ ਮੰਤਰੀ ਵੱਲੋਂ ਅੱਜ ਅੰਮ੍ਰਿਤਸਰ ਪਹੁੰਚ ਕੇ ਬੇਸ਼ੱਕ ਭਾਰਤੀ ਜਨਤਾ ਪਾਰਟੀ ਦੀਆਂ ਬਹੁਤ ਸਾਰੀਆਂ ਉਪਲਬਧੀਆਂ ਗਿਣਾਈਆਂ ਗਈਆਂ ਪਰ ਜਦੋਂ ਉਨ੍ਹਾਂ ਕੋਲੋਂ ਕਿਸਾਨਾਂ ਦੇ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਇਸ ਬਾਰੇ ਗੱਲਬਾਤ ਚੱਲ ਰਹੀ ਹੈ ਅਤੇ ਜਲਦ ਹੀ ਮਸਲੇ ਦਾ ਸਾਰਥਕ ਹੱਲ ਵੀ ਕੱਢਿਆ ਜਾਵੇਗਾ।
'ਕੇਜਰੀਵਾਲ ਸਿਆਸਤ ਦੇ ਭੁੱਖੇ'
ਸਤੀਸ਼ ਚੰਦਰ ਦੁਬੇ ਨੇ ਕਿਹਾ ਕਿ ''ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਜੋ ਅਸਤੀਫਾ ਦੇ ਕੇ ਕੇਜਰੀਵਾਲ ਨੂੰ ਮੁੱਖ ਮੰਤਰੀ ਬਣਾਉਣ ਦੀ ਗੱਲ ਚੱਲ ਰਹੀ ਹੈ ਉਹ ਇਸ ਲਈ ਹੈ ਕਿਉਂਕਿ ਕੇਜਰੀਵਾਲ ਸਿਰਫ ਅਤੇ ਸਿਰਫ ਸਿਆਸਤ ਦੇ ਹੀ ਭੁੱਖੇ ਹਨ ਅਤੇ ਉਨ੍ਹਾਂ ਨੂੰ ਕੁਰਸੀ ਹੀ ਪਿਆਰੀ ਹੈ।''
ਉਨ੍ਹਾਂ ਕਿਹਾ ਕਿ ਪੁਲਵਾਮਾ ਅਟੈਕ ਤੋਂ ਬਾਅਦ ਵੀ ਭਾਰਤ ਦੇ ਫੌਜੀ ਜਵਾਨ ਚਟਾਨ ਵਾਂਗ ਬਾਰਡਰਾਂ 'ਤੇ ਖੜ੍ਹੇ ਹਨ ਅਤੇ ਜੇਕਰ ਕੋਈ ਵੀ ਭਾਰਤ ਤੇ ਉੱਪਰ ਗਲਤ ਨਜ਼ਰ ਰੱਖੇਗਾ ਤਾਂ ਉਸ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ ਅਤੇ ਹਰ ਤਰ੍ਹਾਂ ਦਾ ਜਵਾਬ ਵੀ ਦਿੱਤਾ ਜਾਵੇਗਾ।