ਬਠਿੰਡਾ : ਬੀਤੇ ਦਿਨੀਂ ਬਠਿੰਡਾ 'ਚ ਆਪ ਦਾ ਮੇਅਰ ਬਣਿਆ ਅਤੇ ਕਾਂਗਰਸ ਨੂੰ ਵੱਡੀ ਹਾਰ ਮਿਲੀ। ਇਸ ਹਾਰ ਤੋਂ ਬਾਅਦ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ ਨੇ ਨਿੱਜੀ ਤੌਰ 'ਤੇ ਹਾਰ ਦੀ ਜਿੰਮੇਵਾਰੀ ਲਈ ਹੈ। ਉਨ੍ਹਾਂ ਕਿਹਾ ਕਿ ਇਹ ਬੇੱਹਦ ਅਫਸੋਸਜਨਕ ਅਤੇ ਮੰਦਭਾਗਾ ਹੈ ਕਿ ਕਾਂਗਰਸ ਨੂੰ ਬਹੁਮਤ ਮਿਲਣ ਤੋਂ ਬਾਅਦ ਵੀ ਪਾਰਟੀ ਦਾ ਮੇਅਰ ਨਹੀਂ ਬਣ ਸਕਿਆ। ਰਾਜਨ ਗਰਗ ਨੇ ਕਿਹਾ ਕਿ ਇਸ ਪਿੱਛੇ ਉਨ੍ਹਾਂ ਦਾ ਕੌਂਸਲਰਾਂ ਉੱਤੇ ਕੀਤਾ ਗਿਆ ਅੰਨ੍ਹਾ ਵਿਸ਼ਵਾਸ ਵੀ ਹੈ। ਉਨ੍ਹਾਂ ਕਿਹਾ ਕਿ ਮੈਨੂੰ ਕੌਂਸਲਰਾਂ ਵੱਲੋਂ ਭਰੋਸਾ ਦਵਾਇਆ ਗਿਆ ਸੀ ਕਿ ਪਾਰਟੀ ਨੂੰ ਬਹੁਮਤ ਮਿਲਿਆ ਹੈ ਅਤੇ ਮੇਅਰ ਕਾਂਗਰਸ ਦਾ ਹੀ ਬਣੇਗਾ। ਇਸ ਲਈ ਉਨ੍ਹਾਂ ਨੇ ਮੇਅਰ ਚੋਣ ਵਿੱਚ ਕੋਈ ਦਖ਼ਲ ਨਹੀਂ ਦਿੱਤਾ ਪਰ ਅੰਤ ਜੋ ਨਤੀਜਾ ਆਇਆ ਉਸ ਨੇ ਮਨੋਬਲ ਜ਼ਰੂਰ ਤੋੜਿਆ ਹੈ।
'ਗੱਦਾਰ ਕੌਂਸਲਰਾਂ ਖਿਲਾਫ਼ ਹੋਵੇ ਕਾਰਵਾਈ'
ਰਾਜਨ ਗਰਗ ਨੇ ਕਾਂਗਰਸ ਦੇ ਕੌਂਸਲਰਾਂ 'ਤੇ ਦੋਸ਼ ਲਾਏ ਕਿ ਉਨ੍ਹਾਂ ਨੇ ਪੈਸੇ ਲੈ ਕੇ ਪਾਰਟੀ ਨਾਲ ਗੱਦਾਰੀ ਕੀਤੀ ਹੈ, ਜਿਸ ਕਰਕੇ ਪਾਰਟੀ ਦਾ ਵੱਡਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਪਾਰਟੀ ਬਦਲਣ ਵਾਲੇ ਕੌਂਸਲਰਾਂ ਨੂੰ ਕਾਂਗਰਸ ਪਾਰਟੀ ਵੱਲੋਂ ਪੂਰਾ ਮਾਣ ਸਨਮਾਨ ਦਿੱਤਾ ਗਿਆ ਸੀ ਪਰ ਉਨ੍ਹਾਂ ਦੇ ਅੰਦਰ ਜ਼ਹਿਰ ਭਰਿਆ ਹੋਇਆ ਹੈ ਅਤੇ ਉਹ ਦੂਜੀ ਪਾਰਟੀ ਦੀ ਹਮਾਇਤ ਕਰਕੇ ਆਪਣੀ ਪਾਰਟੀ ਦਾ ਨੁਕਸਾਨ ਕਰਨਗੇ ਇਸ ਦਾ ਅੰਦਾਜ਼ਾ ਨਹੀਂ ਸੀ। ਉਨਾਂ ਕਿਹਾ ਕਿ ਇਸ ਸਾਰੇ ਘਟਨਾਕ੍ਰਮ ਦੀ ਉਹ ਜਿੰਮੇਵਾਰੀ ਲੈਂਦੇ ਹਨ ਅਤੇ ਜ਼ਿਲ੍ਹਾ ਲੀਡਰਸ਼ਿਪ ਨਾਲ ਸਾਰੀ ਸਥਿਤੀ ਦੀ ਸਮੀਖਿਆ ਕਰਕੇ ਪਾਰਟੀ ਹਾਈ ਕਮਾਂਡ ਨੂੰ ਜਾਣੂ ਕਰਵਾਇਆ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਪਾਰਟੀ ਨਾਲ ਗੱਦਾਰੀ ਕਰਨ ਵਾਲੇ ਕੌਂਸਲਰਾਂ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਹੈ।
ਡੱਟ ਕੇ ਲੜੀ ਜਾਵੇਗੀ ਲੜਾਈ
ਇਸ ਮੌਕੇ ਉਨ੍ਹਾਂ ਮੇਅਰ ਦੀ ਹਮਾਇਤ ਕਰਨ ਵਾਲੇ ਬਾਗੀ ਕਾਂਗਰਸੀਆਂ ਅਤੇ ਪਾਰਟੀ ਵੱਲੋਂ ਹਮਾਇਤ ਕਰਨ ਵਾਲੇ ਕਾਂਗਰਸੀ ਕੌਂਸਲਰਾਂ ਵੱਲੋਂ ਡਿਪਟੀ ਮੇਅਰ ਮਾਸਟਰ ਹਰਿਮੰਦਰ ਸਿੰਘ ਖਿਲਾਫ ਲਿਆਂਦੇ ਬੇ-ਭਰੋਸਗੀ ਮਤੇ ਬਾਰੇ ਗੱਲ ਕਰਦਿਆਂ ਕਿਹਾ ਕਿ ਇਸ ਮਾਮਲੇ ਦੀ ਵੀ ਡੱਟ ਕੇ ਲੜਾਈ ਲੜਾਂਗੇ ਤੇ ਮਾਸਟਰ ਹਰਿਮੰਦਰ ਸਿੰਘ ਨਾਲ ਪਾਰਟੀ ਦੇ ਕੌਂਸਲਰ ਚਟਾਣ ਵਾਂਗ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਉਹ ਪਾਰਟੀ ਦੇ ਉਨ੍ਹਾਂ 15 ਕੌਂਸਲਰਾਂ ਦਾ ਵੀ ਧੰਨਵਾਦ ਕਰਦੇ ਹਨ ਜਿਨ੍ਹਾਂ ਨੇ ਪਾਰਟੀ ਦੇ ਅਕਸ ਨੂੰ ਬਚਾਉਣ ਲਈ ਪਾਰਟੀ ਉਮੀਦਵਾਰ ਦਾ ਸਾਥ ਦਿੱਤਾ। ਇਸ ਮੌਕੇ ਉਨ੍ਹਾਂ ਕਾਂਗਰਸ ਪਾਰਟੀ ਵਿੱਚ ਚੱਲ ਰਹੀ ਗੁੱਟਬਾਜੀ ਨੂੰ ਵੀ ਮੰਨਿਆ ਤੇ ਕਿਹਾ ਕਿ ਨਗਰ ਨਿਗਮ ਦੇ ਕੌਂਸਲਰਾਂ ਨਾਲ ਜ਼ਿਲ੍ਹਾ ਪ੍ਰਧਾਨ ਅਤੇ ਪਾਰਟੀ ਹਾਈ ਕਮਾਂਡ ਦਾ ਪੂਰਾ ਰਾਬਤਾ ਨਾ ਬਣਨ ਕਰਕੇ ਵੀ ਪਾਰਟੀ ਦਾ ਨੁਕਸਾਨ ਹੋਇਆ। ਜ਼ਿਲ੍ਹਾ ਪ੍ਰਧਾਨ ਰਾਜਨ ਗਰਗ ਵੱਲੋਂ ਕਾਂਗਰਸ ਭਵਨ ਵਿਖੇ ਕੀਤੀ ਗਈ ਕਾਨਫਰੰਸ ਮੌਕੇ ਉਨ੍ਹਾਂ ਦੇ ਨਾਲ ਕਾਂਗਰਸ ਦਾ ਕੋਈ ਵੀ ਕੌਂਸਲਰ ਨਜ਼ਰ ਨਾ ਆਇਆ ਪਰ ਪਾਰਟੀ ਦੇ ਕੁਝ ਅਹੁਦੇਦਾਰ ਜ਼ਰੂਰ ਉਨ੍ਹਾਂ ਦੇ ਨਾਲ ਰਹੇ।