ਚੰਡੀਗੜ੍ਹ: ਪੰਜਾਬੀ ਸਿਨੇਮਾ ਦੀਆਂ ਸੁਪਰ-ਡੁਪਰ ਹਿੱਟ ਫਿਲਮਾਂ ਵਿੱਚ ਸ਼ੁਮਾਰ ਰਹੀ ਪੰਜਾਬੀ ਫਿਲਮ 'ਬੰਬੂਕਾਟ' ਇੱਕ ਵਾਰ ਫਿਰ ਸੀਕਵਲ ਦੇ ਰੂਪ ਵਿੱਚ ਸਾਹਮਣੇ ਆਉਣ ਲਈ ਤਿਆਰ ਹੈ, ਜੋ ਜਲਦ ਹੀ ਆਨ ਫਲੌਰ ਪੜਾਅ ਦਾ ਹਿੱਸਾ ਬਣਨ ਜਾ ਰਹੀ ਹੈ।
ਸਾਲ 2016 ਵਿੱਚ ਰਿਲੀਜ਼ ਹੋਈ ਉਕਤ ਪਰਿਵਾਰਿਕ-ਕਾਮੇਡੀ ਡਰਾਮਾ ਫਿਲਮ ਵਿੱਚ ਐਮੀ ਵਿਰਕ, ਬਿਨੂੰ ਢਿੱਲੋਂ, ਸਿੰਮੀ ਚਾਹਲ, ਕਰਮਜੀਤ ਅਨਮੋਲ, ਨਿਰਮਲ ਰਿਸ਼ੀ, ਸ਼ੀਤਲ ਠਾਕੁਰ, ਸਰਦਾਰ ਸੋਹੀ, ਹੌਬੀ ਧਾਲੀਵਾਲ, ਅਨੀਤਾ ਦੇਵਗਨ, ਸੁਖਬੀਰ ਰਜੀਆ, ਹਰਪੀ ਸੰਘਾ, ਵੀਤ ਬਲਜੀਤ, ਮਹਾਂਬੀਰ ਭੁੱਲਰ, ਹਰਪ ਫਾਰਮਰ, ਨਰਿੰਦਰ ਨੀਨਾ, ਦੀਪ ਸਹਿਗਲ, ਚਿਰਾਗ ਗਿੱਲ, ਜਸਬੀਰ ਗਿੱਲ ਆਦਿ ਵੱਲੋਂ ਲੀਡਿੰਗ ਭੂਮਿਕਾਵਾਂ ਨਿਭਾਈਆਂ ਗਈਆਂ ਸਨ।
ਪੁਰਾਤਨ ਸਮਿਆਂ ਦੀ ਤਰਜ਼ਮਾਨੀ ਕਰਦੀ ਅਤੇ ਮਾਲਵੇ ਦੇ ਇੱਕ ਸਰਹੱਦੀ ਪਿੰਡ ਅਤੇ ਇਸ ਵਿੱਚ ਰਹਿਣ ਵਾਲੇ ਖੁੱਲ੍ਹਦਿਲ੍ਹੇ ਲੋਕਾਂ ਦੀ ਤਰਜ਼ਮਾਨੀ ਕਰਦੀ ਇਸ ਪੰਜਾਬੀ ਪੀਰੀਅਡ ਡਰਾਮਾ ਦਾ ਲੇਖਨ ਜੱਸ ਗਰੇਵਾਲ ਦੁਆਰਾ ਕੀਤਾ ਗਿਆ, ਜੋ ਇਸ ਤੋਂ ਪਹਿਲਾਂ ਵੀ 'ਰੱਬ ਦਾ ਰੇਡਿਓ' ਅਤੇ 'ਦਾਣਾ ਪਾਣੀ' ਜਿਹੀਆਂ ਬਿਹਤਰੀਨ ਫਿਲਮਾਂ ਦਾ ਲੇਖਨ ਕਰ ਪੰਜਾਬੀ ਸਿਨੇਮਾ ਖੇਤਰ ਵਿੱਚ ਚੌਖੀ ਭੱਲ ਸਥਾਪਿਤ ਕਰ ਚੁੱਕੇ ਹਨ।
ਪਾਲੀਵੁੱਡ ਦੇ ਮੰਨੇ-ਪ੍ਰਮੰਨੇ ਨਿਰਦੇਸ਼ਕ ਪੰਕਜ ਬੱਤਰਾ ਦੁਆਰਾ ਨਿਰਦੇਸ਼ਤ ਕੀਤੀ ਗਈ ਉਕਤ ਫਿਲਮ ਦਾ ਨਿਰਮਾਣ 'ਨਾਦਰ ਫਿਲਮਜ਼' ਅਤੇ 'ਰਿਦਮ ਬੁਆਏਜ਼ ਐਂਟਰਟੇਨਮੈਂਟ' ਕੀਤਾ ਗਿਆ ਸੀ, ਜਿੰਨ੍ਹਾਂ ਵੱਲੋਂ ਬਿੱਗ ਸੈੱਟਅੱਪ ਅਤੇ ਵਿਸ਼ਾਲ ਕੈਨਵਸ ਅਧੀਨ ਫਿਲਮਬੱਧ ਕੀਤੀ ਗਈ ਇਹ ਫਿਲਮ ਐਮੀ ਵਿਰਕ ਅਤੇ ਸਿੰਮੀ ਚਾਹਲ ਦੇ ਕਰੀਅਰ ਦੀ ਇਹ ਬਿਹਤਰੀਨ ਫਿਲਮ ਰਹੀ ਹੈ, ਜਿਸ ਨੇ ਇੰਨ੍ਹਾਂ ਦੋਹਾਂ ਦੇ ਅਦਾਕਾਰੀ ਗ੍ਰਾਫ਼ ਨੂੰ ਹੋਰ ਉੱਚਾ ਚੁੱਕਣ ਅਤੇ ਕਰੀਅਰ ਨੂੰ ਮਜ਼ਬੂਤੀ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ।
ਪਾਲੀਵੁੱਡ ਗਲਿਆਰਿਆਂ ਵਿੱਚ ਮੁੜ ਚਰਚਾ ਦਾ ਕੇਂਦਰ ਬਿੰਦੂ ਬਣਨ ਜਾ ਰਹੀ ਉਕਤ ਫਿਲਮ ਨੋ ਸਾਲਾਂ ਬਾਅਦ ਸੀਕਵਲ ਰੂਪ ਵਿੱਚ ਵਜ਼ੂਦ ਵਿੱਚ ਲਿਆਂਦੀ ਜਾ ਰਹੀ ਹੈ, ਜਿਸ ਨੂੰ ਇਸ ਵਾਰ ਬਹੁਤ ਹੀ ਵੱਡੇ ਸਕੇਲ ਉੱਪਰ ਫਿਲਮਾਇਆ ਜਾਵੇਗਾ।
ਨਵੇਂ ਵਰ੍ਹੇ 2025 ਦੀ ਇੱਕ ਹੋਰ ਵੱਡੀ ਫਿਲਮ ਵਜੋਂ ਸਾਹਮਣੇ ਆਉਣ ਜਾ ਰਹੀ ਇਸ ਪੰਜਾਬੀ ਫਿਲਮ ਦੇ ਨਿਰਦੇਸ਼ਕ, ਸਟਾਰ-ਕਾਸਟ ਅਤੇ ਹੋਰਨਾਂ ਪਹਿਲੂਆਂ ਨੂੰ ਜਲਦ ਹੀ ਕੀਤੀ ਜਾ ਰਹੀ ਰਸਮੀ ਅਨਾਊਂਸਮੈਂਟ ਦੌਰਾਨ ਰਿਵੀਲ ਕੀਤਾ ਜਾਵੇਗਾ, ਜਿਸ ਦਾ ਨਿਰਮਾਣ ਅਮਰਿੰਦਰ ਗਿੱਲ ਦੀ ਘਰੇਲੂ ਫਿਲਮ ਨਿਰਮਾਣ ਕੰਪਨੀ 'ਰਿਦਮ ਬੁਆਏਜ਼' ਅਤੇ 'ਨਾਦਰ ਫਿਲਮਜ਼' ਵੱਲੋਂ ਸੁਯੰਕਤ ਰੂਪ ਵਿੱਚ ਕੀਤਾ ਜਾਵੇਗਾ।
ਇਹ ਵੀ ਪੜ੍ਹੋ: