ਅੰਮ੍ਰਿਤਸਰ: ਗੁਰੂ ਨਗਰੀ ਅੰਮ੍ਰਿਤਸਰ ਵਿੱਚੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਇਹ ਮਾਮਲਾ ਅੰਮ੍ਰਿਤਸਰ ਦੇ ਰਣਜੀਤ ਐਵਨਿਊ ਸੀ ਬਲਾਕ ਦਾ ਹੈ ਜਿੱਥੇ ਇੱਕ ਜਵਾਈ ਨੇ ਆਪਣੇ ਸਹੁਰੇ ਪਰਿਵਾਰ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕੀਤੀ। ਜਵਾਈ ਨੇ ਸਹੁਰੇ ਘਰ ਜਾ ਕੇ ਉਨ੍ਹਾਂ ਦਾ ਘਰ ਅਤੇ ਰੇਹੜੀਆਂ ਨੂੰ ਅੱਗ ਲਗਾ ਦਿੱਤੀ ਤੇ ਪੀੜਤ ਪਰਿਵਾਰ ਦਾ ਲੱਖਾਂ ਦਾ ਨੁਕਸਾਨ ਕਰ ਦਿੱਤਾ।
ਘਰ ਅਤੇ ਰੇਹੜੀਆਂ ਨੂੰ ਲਗਾਈ ਅੱਗ
ਇਸ ਸਬੰਧੀ ਜਾਣਕਾਰੀ ਦਿੰਦਿਆਂ ਪਰਿਵਾਰ ਨੇ ਦੱਸਿਆ ਕਿ ਅੱਜ ਤੋਂ 15 ਦਿਨ ਪਹਿਲਾਂ ਵੀ ਉਨ੍ਹਾਂ ਦੇ ਜਵਾਈ ਨੇ ਘਰ ਵਿੱਚ ਆ ਕੇ ਅੱਗ ਲਗਾ ਦਿੱਤੀ ਸੀ ਅਤੇ ਉਸ ਸਮੇਂ ਵੀ ਉਹ ਬੜੀ ਮੁਸ਼ਕਿਲ ਨਾਲ ਬਚੇ ਸਨ। ਅੱਗ ਲਗਾਉਣ ਵਾਲੇ ਵਿਅਕਤੀ ਦੀ ਪਤਨੀ ਪ੍ਰੀਤ ਨੇ ਦੱਸਿਆ ਕਿ ਉਸ ਦਾ ਪਤੀ ਸਿਕੰਦਰ ਉਸ ਤੋਂ ਪਿਛਲੇ ਕਾਫੀ ਸਮੇਂ ਤੋਂ ਤਲਾਕ ਦੀ ਮੰਗ ਕਰ ਰਿਹਾ ਹੈ, ਪਰ ਮੈਂ ਉਸ ਨੂੰ ਤਲਾਕ ਨਹੀਂ ਦੇ ਰਹੀ ਅਤੇ ਮੈਂ ਆਪਣੇ ਪੇਕੇ ਘਰ ਰਹਿ ਰਹੀ ਹਾਂ। ਪੇਰੇ ਘਰ ਰਹਿਣ ਦੇ ਬਾਵਜੂਦ ਵੀ ਮੇਰਾ ਪਤੀ ਮੈਨੂੰ ਵਾਰ-ਵਾਰ ਤੰਗ ਪਰੇਸ਼ਾਨ ਕਰ ਰਿਹਾ ਹੈ।
ਔਰਤ ਨੇ ਪਤੀ ਉੱਤੇ ਲਗਾਏ ਇਲਜ਼ਾਮ
ਪ੍ਰੀਤ ਨੇ ਦੱਸਿਆ ਕਿ ਮੇਰੇ ਪਤੀ ਨੇ 15 ਦਿਨ ਪਹਿਲਾਂ ਰਾਤ ਸਮੇਂ ਮੇਰੇ ਪੇਕੇ ਘਰ ਆ ਕੇ ਅੱਗ ਲਗਾ ਦਿੱਤੀ ਸੀ, ਅਸੀਂ ਸਾਰੇ ਅੰਦਰ ਸੁੱਤੇ ਹੋਏ ਸੀ, ਸਾਨੂੰ ਗੁਆਢੀਆਂ ਨੇ ਬਚਾਇਆ ਸੀ। ਹੁਣ ਫਿਰ ਮੇਰੇ ਪਤੀ ਨੇ ਮੇਰੇ ਪਿਤਾ ਅਤੇ ਮੇਰੇ ਭਰਾ ਦੀ ਜੁਗਾੜੂ ਰੇਹੜੀ ਨੂੰ ਅੱਗ ਦੇ ਹਵਾਲੇ ਕਰ ਦਿੱਤਾ, ਜਿਸ ਨੂੰ ਚਲਾ ਅਸੀਂ ਘਰ ਦਾ ਗੁਜ਼ਾਰਾ ਕਰਦੇ ਸੀ। ਪੀੜਤਾ ਨੇ ਦੱਸਿਆ ਕਿ ਮੇਰੇ ਪਿਤਾ ਕਬਾੜ ਦਾ ਕੰਮ ਕਰਦੇ ਹਨ ਤੇ ਅਸੀਂ ਬਹੁਤ ਮੁਸ਼ਕਿਲ ਨਾਲ ਆਪਣੇ ਘਰ ਦਾ ਗੁਜ਼ਾਰਾ ਚਲਾ ਰਹੇ ਹਨ। ਸਾਡਾ ਲੱਖਾਂ ਦਾ ਨੁਕਸਾਨ ਹੋ ਗਿਆ ਹੈ, ਪਰ ਪੁਲਿਸ ਸਾਡੀ ਕੋਈ ਸੁਣਵਾਈ ਨਹੀਂ ਕਰ ਰਹੀ ਹੈ। ਮੇਰਾ ਪਤੀ ਇੱਕ ਭਾਜਪਾ ਆਗੂ ਦਾ ਡਰਾਈਵਰ ਹੈ, ਜਿਸ ਕਾਰਨ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ, ਸਾਨੂੰ ਇਨਸਾਫ ਦਵਾਇਆ ਜਾਵੇ।
ਪੁਲਿਸ ਨੇ ਕਾਰਵਾਈ ਦੀ ਕਹੀ ਗੱਲ
ਦੂਜੇ ਪਾਸੇ ਇਸ ਮਾਮਲੇ ਵਿੱਚ ਠਾਣਾ ਰਣਜੀਤ ਐਵਨਿਊ ਦੇ ਐੱਸਐੱਚਓ ਰੋਬਿਨ ਹੰਸ ਨੇ ਕਿਹਾ ਕਿ ਉਨ੍ਹਾਂ ਕੋਲ ਦੀਪਕ ਕੁਮਾਰ ਨੇ ਇੱਕ ਸ਼ਿਕਾਇਤ ਦਰਜ ਕਰਵਾਈ ਹੈ, ਜਿਸ ਵਿੱਚ ਉਨ੍ਹਾਂ ਨੇ ਆਪਣੇ ਜਵਾਈ ਉੱਤੇ ਤੰਗ-ਪਰੇਸ਼ਾਨ ਕਰਨ ਦੇ ਇਲਜ਼ਾਮ ਲਗਾਏ ਹਨ, ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ ਤੇ ਜੋ ਵੀ ਮੁਲਜ਼ਮ ਪਾਇਆ ਗਿਆ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ।