ਜਿਮ ਟਰੇਨਰ ਨੂੰ ਸਟੰਟ ਦੀਆਂ ਰੀਲਾਂ ਬਣਾਉਣੀਆਂ ਪਈਆਂ ਮਹਿੰਗੀਆਂ (Etv Bharat (ਪੱਤਰਕਾਰ, ਲੁਧਿਆਣਾ)) ਲੁਧਿਆਣਾ : ਲੁਧਿਆਣਾ ਦੇ ਬਸਤੀ ਜੋਧੇਵਾਲ ਚੌਂਕ ਦੇ ਵਿੱਚ ਜਿਮ ਚਲਾ ਰਹੇ ਇੱਕ ਨੌਜਵਾਨ ਨੂੰ ਮੋਟਰਸਾਈਕਲ ਤੇ ਸਟੰਟ ਬਾਜ਼ੀ ਕਰਨ ਦੀ ਰੀਲ ਬਣਾਉਣੀ ਉਸ ਵੇਲੇ ਮਹਿੰਗੀ ਪੈ ਗਈ ਜਦੋਂ ਪੁਲਿਸ ਨੇ ਇਸ ਤੇ ਨੋਟਿਸ ਲੈਂਦਿਆਂ ਹੋਇਆ ਸਖ਼ਤ ਐਕਸ਼ਨ ਕੀਤਾ ਤੇ ਨੌਜਵਾਨ ਦੇ ਮੋਟਰਸਾਈਕਲ ਦਾ ਚਲਾਨ ਕੱਟ ਦਿੱਤਾ ਤੇ ਮੋਟਰਸਾਈਕਲ ਨੂੰ ਟਰੈਫਿਕ ਨਿਯਮਾਂ ਦੀ ਉਲੰਘਣਾ ਦੇ ਮੱਦੇ ਨਜ਼ਰ ਇੰਪਾਊਂਡ ਕਰ ਦਿੱਤਾ।
ਸੋਸ਼ਲ ਮੀਡੀਆ 'ਤੇ ਪਾਈ ਸੀ ਵੀਡੀਓ : ਜਿਮ ਟਰੇਨਰ ਦੀ ਸ਼ਨਾਖਤ ਵਿਸ਼ਾਲ ਰਾਜਪੂਤ ਦੇ ਰੂਪ ਦੇ ਵਿੱਚ ਹੋਈ ਹੈ। ਜਿਸ ਨੇ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਪਾਈ ਸੀ ਜੋ ਕਿ ਕਾਫੀ ਵਾਇਰਲ ਹੋਈ। ਜਿਸ ਵਿੱਚ ਨੌਜਵਾਨ ਰਾਤ ਦੇ ਵੇਲੇ ਕਰਨਾਲ ਰੋਡ 'ਤੇ ਮੋਟਰਸਾਈਕਲ ਉਪਰ ਸਟੰਟ ਕਰਦਾ ਹੋਇਆ ਹੱਥ ਛੱਡ ਕੇ ਮੋਟਰਸਾਈਕਲ ਚਲਾ ਰਿਹਾ ਸੀ ਅਤੇ ਫਿਰ ਡੰਡ ਬੈਠਕਾ ਲਗਾ ਰਿਹਾ ਸੀ। ਇਸ 'ਤੇ ਟਰੈਫਿਕ ਪੁਲਿਸ ਨੇ ਸਖਤ ਨੋਟਿਸ ਲਿਆ।
ਸੀਨੀਅਰ ਪੁਲਿਸ ਅਧਿਕਾਰੀਆਂ ਦੀ ਹਦਾਇਤ ਤੋਂ ਬਾਅਦ ਕੱਟਿਆ ਚਲਾਨ : ਸੀਨੀਅਰ ਪੁਲਿਸ ਅਧਿਕਾਰੀਆਂ ਦੀ ਹਦਾਇਤ ਤੋਂ ਬਾਅਦ ਉਸ ਦਾ ਚਲਾਨ ਕੱਟ ਦਿੱਤਾ। ਜਿਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੰਬੰਧਿਤ ਟਰੈਫਿਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅਸੀਂ ਉਸ ਨੂੰ ਸਮਝਾਇਆ ਵੀ ਗਿਆ ਹੈ ਅਤੇ ਨਾਲ ਹੀ ਕਾਰਵਾਈ ਵੀ ਜੋ ਬਣਦੀ ਸੀ ਉਹ ਕੀਤੀ ਗਈ ਹੈ।
'ਅਜਿਹੀਆਂ ਰੀਲਾਂ ਦੇਖ ਕੇ ਛੋਟੇ ਬੱਚੇ ਵੀ ਕਰਦੇ ਨੇ ਕੋਸ਼ਿਸ਼' :ਉਹਨਾਂ ਕਿਹਾ ਕਿ ਅਜਿਹੇ ਸਟੰਟ ਕਰਨ ਦੇ ਨਾਲ ਜੋ ਨੌਜਵਾਨ ਨਵੇਂ ਹਨ ਜੋ ਛੋਟੇ ਬੱਚੇ ਹਨ, ਉਹ ਵੀ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਕਰਦੇ ਹਨ, ਜਿਸ ਨਾਲ ਹਾਦਸੇ ਭਿਆਨਕ ਹਾਦਸੇ ਵਾਪਰਦੇ ਹਨ। ਉਹਨਾਂ ਦੱਸਿਆ ਕਿ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਨੂੰ ਬਖਸ਼ਿਆ ਨਹੀਂ ਜਾਵੇਗਾ ਭਾਵੇਂ ਉਹ ਕੋਈ ਵੀ ਹੋਵੇ। ਉਹਨਾਂ ਕਿਹਾ ਕਿ ਸੜਕ ਤੇ ਚੱਲਣ ਦੌਰਾਨ ਕਿਸੇ ਵੀ ਤਰ੍ਹਾਂ ਦੇ ਸਟੰਟਬਾਜ਼ੀ ਕਰਨੀ ਜਾਂ ਫਿਰ ਵਿੱਚ ਸੜਕ ਡੰਡ ਬੈਠਕਾਂ ਲਾਉਣੀ ਆ ਇਹ ਟ੍ਰੈਫਿਕ ਨਿਯਮਾਂ ਦੇ ਖਿਲਾਫ ਹੈ।
ਪਹਿਲਾਂ ਅੰਮ੍ਰਿਤਸਰ ਤੋਂ ਸਾਹਮਣ੍ਹੇ ਆਇਆ ਸੀ ਅਜਿਹਾ ਮਾਮਲਾ :ਕੁਝ ਦਿਨ ਪਹਿਲਾਂ ਅੰਮ੍ਰਿਤਸਰ ਦੇ ਹਲਕਾ ਉਤਰੀ ਦੇ ਇੱਕ ਨੌਜਵਾਨ ਵਲੋਂ ਇੰਸਟਾ 'ਤੇ ਰੀਲ ਬਣਾਉਣ ਲਈ ਆਪਣੀ ਥਾਰ ਗੱਡੀ ਦੀ ਨੰਬਰ ਪਲੇਟ ਛੁਪਾਉਣ ਲਈ ਇੱਕ ਆਟੋਮੈਟਿਕ ਇਲੈਕਟ੍ਰਾਨਿਕ ਮੋਟਰ ਦੀ ਵਰਤੋਂ ਕੀਤੀ ਗਈ ਸੀ। ਜਿਸ 'ਚ ਉਸ ਵਲੋਂ ਆਪਣੀ ਗੱਡੀ ਦੀ ਨੰਬਰ ਪਲੇਟ ਨੂੰ ਛੁਪਾ ਕੇ ਸੋਸ਼ਲ ਮੀਡੀਆ 'ਤੇ ਰੀਲ ਬਣਾਈ ਗਈ ਸੀ, ਜਿਸ ਉਪਰ ਤਤਕਾਲ ਨੋਟਿਸ ਲੈ ਕੇ ਅੰਮ੍ਰਿਤਸਰ ਹਲਕਾ ਉਤਰੀ ਦੇ ਏਸੀਪੀ ਵਰਿੰਦਰ ਖੋਸਾ ਵਲੋਂ ਇਸ ਥਾਰ ਗਡੀ ਦੇ ਮਾਲਿਕ ਨੂੰ ਫੜ ਕੇ ਉਸ ਉਪਰ ਮੋਟਰ ਵਹੀਕਲ ਐਕਟ ਦੇ ਤਹਿਤ ਭਾਰੀ ਜ਼ੁਰਮਾਨਾ ਲਗਾਇਆ ਗਿਆ ਹੈ।