ਪੰਜਾਬ

punjab

ਅਦਾਲਤ ਨੇ 14 ਦਿਨ ਦੀ ਨਿਆਂਇਕ ਹਿਰਾਸਤ ਵਿਚ ਭੇਜਿਆ ਭਾਨਾ ਸਿੱਧੂ, ਕਿਹਾ- ਕਰੋੜਾਂ 'ਚ ਵੀ ਨਹੀਂ ਵਿਕਦਾ ਮੈਂ

By ETV Bharat Punjabi Team

Published : Jan 23, 2024, 5:54 PM IST

Bhana Sidhu Sent To Judicial Custody: ਭਾਨਾ ਸਿੱਧੂ ਨੂੰ ਪੁਲਿਸ ਵਲੋਂ ਮੁੜ ਤੋਂ ਅਦਾਲਤ 'ਚ ਪੇਸ਼ ਕੀਤਾ ਗਿਆ, ਜਿਥੇ ਮਾਨਯੋਗ ਜੱਜ ਵਲੋਂ ਉਸ ਨੂੰ 14 ਦਿਨ ਦੀ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ।

ਨਿਆਂਇਕ ਹਿਰਾਸਤ 'ਚ ਭਾਨਾ
ਨਿਆਂਇਕ ਹਿਰਾਸਤ 'ਚ ਭਾਨਾ

ਭਾਨਾ ਸਿੱਧੂ ਤੇ ਭਰਾ ਅਮਨ ਅਤੇ ਵਕੀਲ ਮੀਡੀਆ ਨੂੰ ਸੰਬੋਧਨ ਕਰਦੇ ਹੋਏ

ਲੁਧਿਆਣਾ:ਦੋ ਦਿਨ ਦੇ ਰਿਮਾਂਡ ਤੋਂ ਬਾਅਦ ਬਲੈਕ ਮੇਲਿੰਗ ਅਤੇ ਧਮਕੀਆਂ ਦੇਣ ਦੇ ਕੇਸ ਵਿੱਚ ਗ੍ਰਿਫਤਾਰ ਅਦਾਕਾਰ ਅਤੇ ਸਮਾਜ ਸੇਵੀ ਭਾਨਾ ਸਿੱਧੂ ਨੂੰ ਮੁੜ ਤੋਂ ਅੱਜ ਮਾਨਯੋਗ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿੱਥੇ ਵੱਡੀ ਗਿਣਤੀ ਵਿੱਚ ਭਾਨੇ ਸਿੱਧੂ ਦੇ ਸਮਰਥਕ ਵੀ ਪਹੁੰਚੇ ਸਨ। ਅਦਾਲਤ ਨੇ ਬਲੈਕਮੇਲ ਕਰਨ ਦੇ ਕੇਸ 'ਚ ਭਾਨਾ ਸਿੱਧੂ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਇਸ ਦੌਰਾਨ ਅਦਾਲਤ ਦੇ ਬਾਹਰ ਕਾਫੀ ਹੰਗਾਮਾ ਹੋਇਆ। ਭਾਨੇ ਦੇ ਸਮਰਥਕਾਂ ਨੇ ਸਰਕਾਰ ਅਤੇ ਏਜੰਸੀਆਂ 'ਤੇ ਇਹ ਸਭ ਜਾਣਬੁੱਝ ਕੇ ਕਰਵਾਉਣ ਦੇ ਇਲਜ਼ਾਮ ਲਗਾਏ ਹਨ।

'ਵਿਕਣ ਵਾਲਾ ਨਹੀਂ ਹੈ ਭਾਨਾ ਸਿੱਧੂ': ਇਸ ਮੌਕੇ 'ਤੇ ਬੋਲਦੇ ਹੋਏ ਭਾਨਾ ਸਿੱਧੂ ਨੇ ਕਿਹਾ ਕਿ ਉਹ ਲੋਕਾਂ ਲਈ ਲੜਦਾ ਰਹੇਗਾ। ਉਨ੍ਹਾਂ ਕਿਹਾ ਕਿ 10 ਹਜ਼ਾਰ ਲਈ ਨਹੀਂ ਵਿਕੇਗਾ ਭਾਨਾ ਸਿੱਧੂ ਤੇ 10 ਕਰੋੜ ਲਈ ਵੀ ਉਹ ਅਪਣਾ ਈਮਾਨ ਨਹੀਂ ਵੇਚ ਸਕਦਾ। ਉੱਥੇ ਹੀ ਇਸ ਮੌਕੇ 'ਤੇ ਪਹੁੰਚੇ ਭਾਨਾ ਸਿੱਧੂ ਦੇ ਭਰਾ ਅਮਨ ਨੇ ਵੀ ਕਿਹਾ ਕਿ ਭਾਨਾ ਸਿੱਧੂ ਨੂੰ ਨਾਜਾਇਜ਼ ਫਸਾਇਆ ਜਾ ਰਿਹਾ ਹੈ। ਉਸ ਨੇ ਕਿਹਾ ਕਿ ਕਦੇ ਵੀ ਉਸ ਦਾ ਭਰਾ 10 ਹਜਾਰ ਲਈ ਨਹੀਂ ਵਿਕ ਸਕਦਾ। ਇਸ ਦੇ ਨਾਲ ਹੀ ਭਾਨੇ ਸਿੱਧੂ ਦੇ ਭਰਾ ਦਾ ਕਹਿਣਾ ਕਿ ਸਰਕਾਰ ਇੱਕ ਨਹੀਂ ਹੋਰ ਵੀ ਕੇਸ ਪਾਉਣ ਦੀ ਤਿਆਰੀ 'ਚ ਹੈ, ਕਿਉਂਕਿ ਜੋ ਵੀ ਸਰਕਾਰ ਖਿਲਾਫ਼ ਬੋਲਦਾ ਹੈ ਤਾਂ ਉਸ ਦੀ ਆਵਾਜ਼ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।

ਲੋਕਾਂ ਦੇ ਮਸਲੇ ਚੁੱਕਦਾ ਹੈ ਭਾਨਾ ਸਿੱਧੂ:ਭਾਨੇ ਸਿੱਧੂ ਦੇ ਭਰਾ ਅਮਨ ਨੇ ਕਿਹਾ ਕਿ ਹੁਣ ਤੱਕ ਲੋਕਾਂ ਦੇ ਕਰੋੜਾਂ ਰੁਪਏ ਵਾਪਸ ਕਰਵਾ ਚੁੱਕੇ ਹਨ। ਲੋਕਾਂ ਲਈ ਹੋ ਰਹੇ ਧੱਕੇ ਦੇ ਖਿਲਾਫ ਉਹ ਅਵਾਜ਼ ਬੁਲੰਦ ਕਰਦੇ ਹਨ। ਉਨ੍ਹਾਂ ਕਿਹਾ ਕਿ ਜਿਸ ਪਰਿਵਾਰ ਦੇ ਵੀਰ ਨੇ ਪੈਸੇ ਵਾਪਸ ਕਰਵਾਉਣ ਲਈ ਫੋਨ ਕੀਤਾ ਸੀ, ਉਹ ਪਰਿਵਾਰ ਅੱਜ ਵੀ ਸਾਡੇ ਨਾਲ ਖੜਾ ਹੈ। ਉਨ੍ਹਾਂ ਕਿਹਾ ਕਿ ਉਹ ਗਰੀਬ ਪਰਿਵਾਰ ਨਾਲ ਸੰਬੰਧਿਤ ਹੈ ਤੇ ਟਰੱਕ ਚਲਾਉਂਦਾ ਹੈ ਅਤੇ ਇਸੇ ਸਿਲਸਿਲੇ 'ਚ ਉਹ ਗੁਹਾਟੀ ਗਿਆ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਵਾਪਸ ਆ ਕੇ ਮੀਡੀਆ ਦੇ ਰੂਬਰੂ ਹੋਵੇਗਾ।

ਮਹਿਲਾ ਏਜੰਟ ਕੋਲ ਨਹੀਂ ਹੈ ਲਾਇਸੈਂਸ: ਇਸ ਮੌਕੇ 'ਤੇ ਭਾਨਾ ਸਿੱਧੂ ਦੇ ਵਕੀਲ ਦਾ ਕਹਿਣਾ ਕਿ ਜਿਸ ਮਹਿਲਾ ਏਜੰਟ ਨੇ ਇਹ ਕੇਸ ਦਾਇਰ ਕਰਵਾਇਆ ਹੈ, ਉਸ ਕੋਲ ਸਰਕਾਰ ਦਾ ਕੋਈ ਲਾਇਸੈਂਸ ਨੀ ਕਿ ਉਹ ਲੋਕਾਂ ਨੂੰ ਵਿਦੇਸ਼ ਭੇਜ ਸਕੇ। ਉਨ੍ਹਾਂ ਕਿਹਾ ਕਿ ਭਾਨਾ ਸਿੱਧੂ ਲੋਕਾਂ ਦੀ ਆਵਾਜ਼ ਚੁੱਕਦਾ ਹੈ, ਜਿਸ ਨੂੰ ਦਬਾਉਣ ਲਈ ਮਹਿਲਾ ਏਜੰਟ ਨੇ ਇਹ ਝੂਠਾ ਕੇਸ ਦਰਜ ਕਰਵਾਇਆ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਮਾਨਯੋਗ ਅਦਾਲਤ 'ਚ ਅਸੀਂ ਆਪਣਾ ਪੱਖ ਰੱਖਾਂਗੇ, ਜਿਸ ਤੋਂ ਬਾਅਦ ਜੱਜ ਭਾਨਾ ਸਿੱਧੂ ਦੇ ਕੇਸ ਸਬੰਧੀ ਫੈਸਲਾ ਸੁਣਾਉਣਗੇ।

ਸਮਰਥਕਾਂ ਨੇ ਲਾਏ ਸਰਕਾਰ 'ਤੇ ਦੋਸ਼: ਦਰਅਸਲ ਭਾਨਾ ਸਿੱਧੂ ਲਗਾਤਾਰ ਸੁਰਖੀਆਂ ਦੇ ਵਿੱਚ ਬਣਿਆ ਰਹਿੰਦਾ ਹੈ ਅਤੇ ਸੋਸ਼ਲ ਮੀਡੀਆ 'ਤੇ ਲੋਕ ਉਸਨੂੰ ਕਾਫੀ ਪਸੰਦ ਕਰਦੇ ਹਨ ਕਿਉਂਕਿ ਉਹ ਲੋਕਾਂ ਦਾ ਮਸੀਹਾ ਬਣ ਕੇ ਲੋਕਾਂ ਦੇ ਪੈਸੇ ਵਾਪਸ ਕਰਵਾਉਂਦਾ ਹੈ ਅਤੇ ਉਸ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦਾ ਹੈ। ਇਸੇ ਸਿਲਸਿਲੇ ਦੇ ਵਿੱਚ ਉਸ 'ਤੇ ਇੱਕ ਟਰੈਵਲ ਏਜੰਟ ਨੇ ਪਰਚਾ ਪਾਇਆ ਸੀ ਕਿ ਉਹ ਉਸਦੇ ਦਫਤਰ ਦੇ ਬਾਹਰ ਲੱਗੇ ਧਰਨੇ ਨੂੰ ਹਟਵਾਉਣ ਲਈ 10 ਹਜਾਰ ਰੁਪਏ ਦੀ ਉਸ ਤੋਂ ਮੰਗ ਕੀਤੀ ਸੀ। ਇਸੇ ਸਿਲਸਿਲੇ ਦੇ ਵਿੱਚ ਪੁਲਿਸ ਨੇ ਭਾਨੇ ਸਿੱਧੂ ਨੂੰ ਗ੍ਰਿਫਤਾਰ ਕੀਤਾ ਸੀ, ਜਿਸ 'ਚ ਪਹਿਲਾਂ ਦੋ ਦਿਨ ਦਾ ਰਿਮਾਂਡ ਹਾਸਿਲ ਕੀਤਾ ਤੇ ਅੱਜ ਉਸ ਨੂੰ ਨਿਆਂਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਹੈ। ਲਗਾਤਾਰ ਉਸਦੇ ਸਮਰਥਕ ਕਹਿ ਰਹੇ ਨੇ ਹਨ ਕਿ ਉਸ ਨੂੰ ਝੂਠੇ ਕੇਸ ਦੇ ਵਿੱਚ ਫਸਾਇਆ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਕਿ ਇਹ ਸਰਕਾਰ ਦਾ ਦਬਾਅ ਹੈ ਕਿਉਂਕਿ ਭਾਨਾ ਸਭ ਦੀ ਪੋਲ ਖੋਲ ਰਿਹਾ ਹੈ ਅਤੇ ਉਹ ਗਰੀਬਾਂ ਦਾ ਸਾਥ ਦੇ ਰਿਹਾ ਹੈ ਤੇ ਫਰਜੀ ਟਰੈਵਲ ਏਜੰਟਾਂ ਦੇ ਖਿਲਾਫ ਆਵਾਜ਼ ਬੁਲੰਦ ਕਰ ਰਿਹਾ ਹੈ। ਇਸੇ ਕਰਕੇ ਉਸ 'ਤੇ ਇਸ ਤਰ੍ਹਾਂ ਦੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ ਪਰ ਉਹ ਡਰਨ ਵਾਲਾ ਨਹੀਂ ਹੈ।

ABOUT THE AUTHOR

...view details